ਬਿਹਾਰ ਦੀਆਂ ਔਰਤਾਂ ਯਕੀਨੀ ਬਣਾਉਣ ਕਿ RJD ਕਦੇ ਸੱਤਾ ਵਿੱਚ ਨਾ ਆਵੇ: ਮੋਦੀ
ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਤਹਿਤ 75 ਲੱਖ ਮਹਿਲਾਵਾਂ ਨੂੰ 10-10 ਹਜ਼ਾਰ ਰੁਪਏ ਦਿੱਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ RJD (ਰਾਸ਼ਟਰੀ ਜਨਤਾ ਦਲ) ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਸ ਦੇ ਸ਼ਾਸਨ ਦੌਰਾਨ ਬਿਹਾਰ ਦੀਆਂ ਔਰਤਾਂ ਨੇ ਬਹੁਤ ਦੁੱਖ ਝੱਲਿਆ ਹੈ। ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਲਾਲੂ ਪ੍ਰਸਾਦ ਦੀ ਅਗਵਾਈ ਵਾਲੀ ਪਾਰਟੀ ਅਤੇ ਉਸ ਦੇ ਸਹਿਯੋਗੀ ਬਿਹਾਰ ਦੀ ਸੱਤਾ ਵਿੱਚ ਕਦੇ ਵੀ ਵਾਪਸ ਨਾ ਆਉਣ।
ਮੋਦੀ ਦਿੱਲੀ ਤੋਂ ਵੀਡੀਓ ਕਾਨਫਰੰਸ ਰਾਹੀਂ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ ਕਰਨ ਤੋਂ ਬਾਅਦ ਬਿਹਾਰ ਦੀਆਂ ਔਰਤਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਯੋਜਨਾ ਤਹਿਤ ਸੂਬੇ ਦੀਆਂ 75 ਲੱਖ ਔਰਤਾਂ ਨੂੰ ਰੋਜ਼ੀ-ਰੋਟੀ ਸਮੇਤ ਰੋਜ਼ਾਨਾ ਗਤੀਵਿਧੀਆਂ ਲਈ 10,000 ਰੁਪਏ ਪ੍ਰਤੀ ਮਹਿਲਾ ਮਿਲੇ ਹਨ।
ਮੋਦੀ ਨੇ ਕਿਹਾ, ‘‘RJD ਦੇ ਰਾਜ ਦੌਰਾਨ ਬਿਹਾਰ ਦੀਆਂ ਔਰਤਾਂ ਨੇ ਬਹੁਤ ਦੁੱਖ ਝੱਲਿਆ... ਸੜਕਾਂ ਨਹੀਂ ਸਨ, ਕਾਨੂੰਨ ਵਿਵਸਥਾ ਤਰਸਯੋਗ ਸੀ... ਪਰ ਹੁਣ ਨੀਤੀਸ਼ ਕੁਮਾਰ ਦੀ ਸਰਕਾਰ ਅਧੀਨ ਕਾਨੂੰਨ ਦਾ ਰਾਜ ਪ੍ਰਚਲਿਤ ਹੋਣ ਕਾਰਨ ਔਰਤਾਂ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਇਸ ਲਈ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ RJD ਅਤੇ ਇਸ ਦੇ ਸਹਿਯੋਗੀ ਕਦੇ ਵੀ ਸੱਤਾ ਵਿੱਚ ਵਾਪਸ ਨਾ ਆਉਣ।’’
ਉਨ੍ਹਾਂ ਕਿਹਾ ਕਿ ਇਸ ਸਕੀਮ ਦੇ 75 ਲੱਖ ਲਾਭਪਾਤਰੀਆਂ ਨੂੰ ਉੱਦਮੀ ਹੁਨਰਾਂ ਵਿੱਚ ਸੁਧਾਰ ਲਈ ਵਾਧੂ 2 ਲੱਖ ਰੁਪਏ ਅਤੇ ਸਿਖਲਾਈ ਮਿਲੇਗੀ।
ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੀਂ ਯੋਜਨਾ ਦੀ ਸ਼ੁਰੂਆਤ ਮਹੱਤਵ ਰੱਖਦੀ ਹੈ, ਕਿਉਂਕਿ ਔਰਤਾਂ ਵੋਟਰਾਂ ਦਾ ਇੱਕ ਵੱਡਾ ਹਿੱਸਾ ਹਨ। ਸੂਬੇ ਵਿੱਚ ਵਿਧਾਨ ਸਭਾ ਚੋਣਾਂ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਹਨ।