DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਿਆਣਾ ’ਚ ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2100 ਰੁਪਏ ਮਹੀਨਾ

ਮੁੱਖ ਮੰਤਰੀ ਨਾਇਬ ਸੈਣੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਲਿਆ ਫੈਸਲਾ
  • fb
  • twitter
  • whatsapp
  • whatsapp
Advertisement

ਹਰਿਆਣਾ ਸਰਕਾਰ ਵੱਲੋਂ ਸਤੰਬਰ ਮਹੀਨੇ ਤੋਂ ਸੂਬੇ ਵਿੱਚ ਔਰਤਾਂ ਨੂੰ 2100 ਰੁਪਏ ਮਹੀਨਾ ਵਿੱਤੀ ਮਦਦ ਦਿੱਤੀ ਜਾਵੇਗੀ। ਇਹ ਫ਼ੈਸਲਾ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਕੱਤਰੇਤ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਹੈ।

ਮੀਟਿੰਗ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜੈਯੰਤੀ ਮੌਕੇ 25 ਸਤੰਬਰ 2025 ਤੋਂ ਲਾਡੋ ਲਕਸ਼ਮੀ ਯੋਜਨਾ ਲਾਗੂ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਸੂਬੇ ਦੀਆਂ ਔਰਤਾਂ ਨੂੰ 2100 ਰੁਪਏ ਮਹੀਨਾ ਵਿੱਤੀ ਮਦਦ ਦਿੱਤੀ ਜਾਵੇਗੀ। ਇਸ ਯੋਜਨਾ ਤਹਿਤ 23 ਸਾਲ ਜਾਂ ਉਸ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਲਾਭ ਮਿਲੇਗਾ। ਯੋਜਨਾ ਦੇ ਪਹਿਲੇ ਪੜਾਅ ਤਹਿਤ ਇਕ ਲੱਖ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਬਾਅਦ ਲੜੀਬੱਧ ਢੰਗ ਨਾਲ ਹੋਰ ਆਮਦਨ ਗਰੁੱਪਾਂ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ।

Advertisement

ਸ੍ਰੀ ਸੈਣੀ ਨੇ ਕਿਹਾ ਕਿ ਲਾਡੋ ਲਕਸ਼ਮੀ ਯੋਜਨਾ ਦਾ ਲਾਭ ਲੈਣ ਲਈ ਵਿਆਹੀ ਹੋਈ ਔਰਤ ਦੇ ਪਤੀ ਦਾ ਹਰਿਆਣਾ ਦਾ 15 ਸਾਲ ਤੋਂ ਵਸਨੀਕ ਹੋਣਾ ਜ਼ਰੂਰੀ ਹੈ ਜਾਂ ਅਣਵਿਆਹੀ ਮਹਿਲਾ ਖੁਦ 15 ਸਾਲ ਤੋਂ ਹਰਿਆਣਾ ਦੀ ਵਸਨੀਕ ਹੋਣੀ ਚਾਹੀਦੀ ਹੈ। ਯੋਜਨਾ ਤਹਿਤ ਇੱਕ ਪਰਿਵਾਰਾਂ ਵਿੱਚ ਮਹਿਲਾਵਾਂ ਦੀ ਗਿਣਤੀ ’ਤੇ ਕੋਈ ਰੋਕ ਨਹੀਂ ਹੋਵੇਗੀ। ਜੇ ਪਰਿਵਾਰ ਵਿੱਚ 3 ਯੋਗ ਮਹਿਲਾਵਾਂ ਹਨ ਤਾਂ ਉਨ੍ਹਾਂ ਤਿੰਨੋਂ ਮਹਿਲਾਵਾਂ ਨੂੰ ਯੋਜਨਾ ਦਾ ਲਾਭ ਮਿਲੇਗਾ। ਸਰਕਾਰ ਵੱਲੋਂ ਪਹਿਲਾਂ ਤੋਂ ਚਲਾਈਆਂ ਜਾ ਰਹੀਆਂ ਅਜਿਹੀਆਂ ਨੌਂ ਯੋਜਨਾਵਾਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਦਿਵਿਆਂਗ ਪੈਨਸ਼ਨ, ਲਾਡਵੀ ਸਮਾਜਿਕ ਸੁਰੱਖਿਆ ਭੱਤਾ, ਕਸ਼ਮੀਰੀ ਬੇਘਰ ਪਰਿਵਾਰਾਂ ਨੂੰ ਵਿਤੀ ਸਹਾਇਤਾ, ਬੌਣਿਆਂ (ਛੋਟੇ ਕੱਦ) ਲਈ ਭੱਤਾ ਯੋਜਨਾ, ਤੇਜ਼ਾਬੀ ਹਮਲਾ ਪੀੜਤ ਮਹਿਲਾ ਅਤੇ ਕੁੜੀਆਂ ਲਈ ਵਿੱਤੀ ਸਹਾਇਤਾ, ਪਦਮ ਪੁਰਸਕਾਰ ਹਾਸਲ ਕਰਨ ਵਾਲਿਆਂ ਲਈ ਹਰਿਆਣਾ ਗੌਰਵ ਸਨਮਾਨ ਸਹਾਇਤਾ ਵਿੱਚ ਸ਼ਾਮਲ ਔਰਤਾਂ ਨੂੰ ਲਾਡੋ ਲਕਸ਼ਮੀ ਯੋਜਨਾ ਦਾ ਲਾਭ ਨਹੀਂ ਮਿਲੇਗਾ। ਹਾਲਾਂਕਿ ਸਟੇਜ 3 ਤੇ 4 ਦੇ ਕੈਂਸਰ ਪੀੜਤਾਂ, ਸੂਚੀਬੱਧ 54 ਗੰਭੀਰ ਬਿਮਾਰੀਆਂ ਅਤੇ ਹੀਮੋਫਿਲੀਆ, ਥੈਲੇਸੀਮੀਆ ਅਤੇ ਸਿੱਕਲ ਸੈੱਲ ਤੋਂ ਪੀੜਤਾਂ ਨੂੰ ਲਾਡੋ ਲਕਸ਼ਮੀ ਯੋਜਨਾ ਦਾ ਵਾਧੂ ਲਾਭ ਦਿੱਤਾ ਜਾਵੇਗਾ।

ਪਹਿਲੇ ਪੜਾਅ ਤਹਿਤ 20 ਲੱਖ ਔਰਤਾਂ ਨੂੰ ਮਿਲੇਗਾ ਲਾਭ: ਸੈਣੀ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਲਾਡੋ ਲਕਸ਼ਮੀ ਯੋਜਨਾ ਤਹਿਤ ਪਹਿਲੇ ਪੜਾਅ ਵਿੱਚ 20 ਲੱਖ ਦੇ ਕਰੀਬ ਔਰਤਾਂ ਨੂੰ ਲਾਭ ਮਿਲੇਗਾ। ਇਸ ਸਬੰਧੀ ਨੋਟੀਫਿਕੇਸ਼ਨ ਜਲਦੀ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਾਡੋ ਲਕਸ਼ਮੀ ਯੋਜਨਾ ਸਬੰਧੀ ਜਲਦ ਹੀ ਇਕ ਐਪ ਵੀ ਲਾਂਚ ਕੀਤੀ ਜਾਵੇਗੀ, ਜਿਸ ’ਤੇ ਔਰਤਾਂ ਆਪਣੀ ਰਜਿਸਟਰੇਸ਼ਨ ਕਰਵਾ ਸਕਣਗੀਆਂ। ਇਸ ਤੋਂ ਇਲਾਵਾ ਯੋਗ ਔਰਤਾਂ ਨੂੰ ਐੱਸ ਐੱਮ ਐੱਸ ਰਾਹੀਂ ਯੋਜਨਾ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ।

Advertisement
×