ਡਿਲਿਵਰੀ ਏਜੰਟ ਬਣ ਕੇ ਘਰ ਆਏ ਵਿਅਕਤੀ ਵੱਲੋਂ ਔਰਤ ਨਾਲ ਜਬਰ-ਜਨਾਹ
ਪੁਣੇ, 3 ਜੁਲਾਈ
ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਅਣਪਛਾਤਾ ਵਿਅਕਤੀ ਕੁਰੀਅਰ ਡਿਲਿਵਰੀ ਐਗਜ਼ੀਕਿਊਟਿਵ ਬਣ ਕੇ 22 ਵਰ੍ਹਿਆਂ ਦੀ ਆਈਟੀ ਪ੍ਰੋਫੈਸ਼ਨਲ ਦੇ ਫਲੈਟ ’ਚ ਦਾਖਲ ਹੋਇਆ ਤੇ ਉਸ ਨਾਲ ਕਥਿਤ ਜਬਰ ਜਨਾਹ ਕੀਤਾ। ਘਟਨਾ ਦੇ 24 ਘੰਟਿਆਂ ਬਾਅਦ ਵੀ ਮੁਲਜ਼ਮ ਫਰਾਰ ਹੈ। ਪੁਲੀਸ ਨੇ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਹੈ। ਪੀੜਤ ਮਹਿਲਾ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੇ ਔਰਤ ਦੇ ਫੋਨ ਤੋਂ ਸੈਲਫੀ ਵੀ ਲਈ ਜਿਸ ’ਚ ਉਸ ਦੀ ਪਿੱਠ ਤੇ ਚਿਹਰੇ ਦਾ ਕੁਝ ਹਿੱਸਾ ਦਿਖਾਈ ਦੇ ਰਿਹਾ ਹੈ। ਮੁਲਜ਼ਮ ਨੇ ਇੱਕ ਸੰਦੇਸ਼ ਛੱਡਦਿਆਂ ਚਿਤਾਵਨੀ ਦਿੱਤੀ ਹੈ ਕਿ ਉਸ ਨੇ ਉਸ (ਮਹਿਲਾ) ਦੀਆਂ ਫੋਟੋਆਂ ਖਿੱਚੀਆਂ ਹਨ ਤੇ ਘਟਨਾ ਬਾਰੇ ਕਿਸੇ ਨੂੰ ਦੱਸਣ ’ਤੇ ਉਹ ਫੋਟੋਆਂ ਸੋਸ਼ਲ ਮੀਡੀਆ ’ਤੇ ਨਸ਼ਰ ਕਰ ਦੇੇਵੇਗਾ। ਪੁਲੀਸ ਮੁਤਾਬਕ ਉਸ ਨੇ ਸੰਦੇਸ਼ ’ਚ ਲਿਖਿਆ, ‘‘ਮੈਂ ਫਿਰ ਆਵਾਂਗਾ।’’ ਡੀਸੀਪੀ (ਜ਼ੋਨ-5) ਰਾਜਕੁਮਾਰ ਸ਼ਿੰਦੇ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਮ ਲਗਪਗ 5.30 ਵਜੇ ਪੁਣੇ ਸ਼ਹਿਰ ਦੇ ਕੋਂਧਵਾ ਇਲਾਕੇ ਦੀ ਇੱਕ ਰਿਹਾਇਸ਼ੀ ਸੁਸਾਇਟੀ ’ਚ ਵਾਪਰੀ। ਅਧਿਕਾਰੀ ਮੁਤਾਬਕ ਪੀੜਤ ਔਰਤ ਇੱਕ ਪ੍ਰਾਈਵੇਟ ਕੰਪਨੀ ’ਚ ਕੰਮ ਕਰਦੀ ਹੈ ਤੇ ਘਟਨਾ ਸਮੇਂ ਘਰ ’ਚ ਇਕੱਲੀ ਸੀ। ਔਰਤ ਨੇ ਪੁਲੀਸ ਨੂੰ ਦੱਸਿਆ ਕਿ ਮੁਲਜ਼ਮ ਨੇ ਖ਼ੁਦ ਨੂੰ ਕੁਰੀਅਰ ਡਿਲਿਵਰੀ ਕਰਨ ਵਾਲਾ ਵਿਅਕਤੀ ਦੱਸਿਆ ਤੇ ਬੈਂਕ ਨਾਲ ਸਬੰਧਤ ਕੋਈ ਦਸਤਾਵੇਜ਼ ਵੀ ਦਿਖਾਇਆ।
ਸ਼ਿਕਾਇਤ ਮੁਤਾਬਕ ਉਸ ਨੇ ਦਸਤਾਵੇਜ਼ ’ਤੇ ਦਸਤਖ਼ਤ ਲਈ ਪੈੱਨ ਮੰਗਿਆ ਤੇ ਜਦੋਂ ਮਹਿਲਾ ਪੈਨ ਲਈ ਮੁੜੀ ਤਾਂ ਮੁਲਜ਼ਮ ਨੇ ਘਰ ਦੇ ਵੜ ਕੇ ਦਰਵਾਜ਼ਾ ਬੰਦ ਕਰ ਲਿਆ। ਡੀਸੀਪੀ ਸ਼ਿੰਦੇ ਮੁਤਾਬਕ, ‘‘ਮਹਿਲਾ ਨੂੰ (ਇਸ ਤੋਂ ਇਲਾਵਾ) ਕੁਝ ਵੀ ਯਾਦ ਨਹੀਂ ਹੈ ਕਿਉਂਕਿ ਉਸ ਨੂੰ ਰਾਤ ਲਗਪਗ 8 ਵਜੇ ਹੋਸ਼ ਆਈ। ਇਸ ਮਗਰੋਂ ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਘਟਨਾ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ।’’ ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਪੀੜਤਾ ਨੂੰ ਬੇਹੋਸ਼ ਕਰਨ ਲਈ ਕੋਈ ਰਸਾਇਣਿਕ ਪਦਾਰਥ ਜਾਂ ਸਪਰੇਅ ਵਰਤੀ ਹੋਵੇਗੀ, ਜਿਸ ਦੀ ਪੁਸ਼ਟੀ ਲਈ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ