‘ਦੂਜੀ ਨੌਕਰੀ ਲੱਭ ਰਹੇ ਮੁਲਾਜ਼ਮ ਦੇ ਬਕਾਏ ਰੋਕਣਾ ਕੁਦਰਤੀ ਨਿਆਂ ਦੇ ਉਲਟ’
ਕਲਕੱਤਾ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਟਿੱਪਣੀ ਕੀਤੀ ਕਿ ਦੂਜੀ ਨੌਕਰੀ ਦੀ ਭਾਲ ਕਰਨਾ, ਭਾਵੇਂ ਕਿ ਉਹ ਵਿਰੋਧੀ ਕੰਪਨੀ ਵਿੱਚ ਬਿਹਤਰ ਸਹੂਲਤਾਂ ਤੇ ਲਾਭ ਦੇ ਨਾਲ ਕਿਉਂ ਨਾ ਹੋਵੇ, ਬੁਨਿਆਦੀ ਅਧਿਕਾਰ ਹੈ ਅਤੇ ਇਹ ਨੈਤਿਕ ਨਿਘਾਰ ਨਹੀਂ ਹੈ। ਅਦਾਲਤ ਨੇ ਨਾਲ ਹੀ ਕਿਹਾ ਕਿ ਕਿਸੇ ਕੰਪਨੀ ਵੱਲੋਂ ਇਸ ਆਧਾਰ ’ਤੇ ਕਿਸੇ ਮੁਲਾਜ਼ਮ ਦੇ ਬਕਾਏ ਦਾ ਭੁਗਤਾਨ ਨਾ ਕੀਤਾ ਜਾਣਾ ਕੁਦਰਤੀ ਨਿਆਂ ਦੇ ਖ਼ਿਲਾਫ਼ ਹੈ। ਜਸਟਿਸ ਸ਼ੰਪਾ ਦੱਤ (ਪਾਲ) ਦੇ ਬੈਂਚ ਨੇ ਇਸ ਦੇ ਨਾਲ ਹੀ ਭਾਰਤ ਵਿਚ ਖ਼ਾਸ ਢੰਗ ਦੀ ਇੰਸੁਲੇਟਰ ਫਿਲਮ ਬਣਾਉਣ ਦੀ ਇਕਮਾਤਰ ਨਿਰਮਾਤਾ ਹੋਣ ਦਾ ਦਾਅਵਾ ਕਰਨ ਵਾਲੀ ਕੰਪਨੀ ਦੇ ਅਨੁਸ਼ਾਸਨੀ ਹੁਕਮਾਂ ਅਤੇ ਦੰਡ ਨੂੰ ਖਾਰਜ ਕਰਦੇ ਹੋਏ ਮੁਲਾਜ਼ਮ ਨੂੰ 1.37 ਲੱਖ ਰੁਪਏ ਦੀ ਗ੍ਰੈਚੂਟੀ ਰਾਸ਼ੀ ਦਾ 8 ਫੀਸਦ ਸਾਲਾਨਾ ਦੇ ਸਾਧਾਰਨ ਵਿਆਜ ਦੀ ਦਰ ਨਾਲ ਭੁਗਤਾਨ ਕਰਨ ਦਾ ਹੁਕਮ ਦਿੱਤਾ। ਜਸਟਿਸ ਦੱਤ ਨੇ ਵੀਰਵਾਰ ਨੂੰ ਦਿੱਤੇ ਗਏ ਇਕ ਫੈਸਲੇ ਵਿੱਚ ਕਿਹਾ, ‘‘ਦੂਜੀ ਨੌਕਰੀ ਦੀ ਭਾਲ ਕਰਨਾ, ਭਾਵੇਂ ਕਿ ਉਹ ਕਿਸੇ ਵਿਰੋਧੀ ਕੰਪਨੀ ’ਚ ਹੀ ਕਿਉਂ ਨਾ ਹੋਵੇ (ਹਾਲਾਂਕਿ ਇਸ ਮਾਮਲੇ ’ਚ ਇਹ ਸਾਬਿਤ ਨਹੀਂ ਹੋਇਆ) ਜਿਸ ਵਿੱਚ ਬਿਹਤਰ ਸਹੂਲਤਾਂ ਅਤੇ ਲਾਭ ਹੋਣ, ਇਕ ਬੁਨਿਆਦੀ ਅਧਿਕਾਰ ਹੈ ਅਤੇ ਇਹ ਨੈਤਿਕ ਨਿਘਾਰ ਨਹੀਂ ਹੈ ਕਿਉਂਕਿ ਇਹ ਇਮਾਨਦਾਰੀ, ਨਿਮਰਤਾ ਅਤੇ ਚੰਗੇ ਨੈਤਿਕ ਮੁੱਲਾਂ ਦੇ ਉਲਟ ਨਹੀਂ ਹੈ।’’