ਭਾਰਤ-ਕੈਨੇਡਾ ਵਪਾਰ ਸਮਝੌਤੇ ਲਈ ਕੰਮ ਕਰਨਗੇ: ਅਨੀਤਾ ਆਨੰਦ
ਗ਼ੈਰ ਅਮਰੀਕੀ ਵਪਾਰ ਦੁੱਗਣਾ ਕਰਨ ਸਬੰਧੀ ਕਾਰਨੀ ਦੇ ਟੀਚੇ ਦਾ ਜ਼ਿਕਰ ਕੀਤਾ
ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਹੈ ਕਿ ਦੋ ਸਾਲ ਦੇ ਤਣਾਅ ਭਰੇ ਸਬੰਧਾਂ ਤੋਂ ਬਾਅਦ ਕੈਨੇਡਾ ਤੇ ਭਾਰਤ ਵਪਾਰ ਸਮਝੌਤਾ ਅੱਗੇ ਵਧਾਉਣ ਲਈ ਤੇਜ਼ੀ ਨਾਲ ਕੰਮ ਕਰਨਗੇ। ਇਹ ਬਿਆਨ ਲੰਘੇ ਹਫ਼ਤੇ ਦੱਖਣੀ ਅਫਰੀਕਾ ’ਚ ਜੀ-20 ਸਿਖ਼ਰ ਸੰਮੇਲਨ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਆਇਆ ਹੈ। ਮੀਟਿੰਗ ’ਚ ਦੋਵਾਂ ਆਗੂਆਂ ਨੇ ਨਵੇਂ ਵਪਾਰ ਸਮਝੌਤੇ ਲਈ ਗੱਲਬਾਤ ਮੁੜ ਸ਼ੁਰੂ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ ਸੀ। ਆਨੰਦ ਨੇ ‘ਐਸੋਸੀਏਟਿਡ ਪ੍ਰੈੱਸ’ ਨੂੰ ਟੈਲੀਫੋਨ ’ਤੇ ਦਿੱਤੀ ਇੰਟਰਵਿਊ ’ਚ ਕਿਹਾ ਕਿ ਦੋਵੇਂ ਆਗੂ ਇਸ ਗੱਲ ’ਤੇ ਦ੍ਰਿੜ੍ਹ ਹਨ ਕਿ ਇਹ ਕੰਮ ਜਲਦੀ ਤੋਂ ਜਲਦੀ ਮੁਕੰਮਲ ਹੋਵੇ। ਕਾਰਨੀ ਅਗਲੇ ਸਾਲ ਦੀ ਸ਼ੁਰੂਆਤ ’ਚ ਭਾਰਤ ਦੀ ਯਾਤਰਾ ਕਰਨਗੇ। ਆਨੰਦ ਨੇ ਅਗਲੇ ਦਹਾਕੇ ’ਚ ਗ਼ੈਰ ਅਮਰੀਕੀ ਵਪਾਰ ਦੁੱਗਣਾ ਕਰਨ ਦੇ ਕਾਰਨੀ ਦੇ ਟੀਚੇ ਦਾ ਵੀ ਜ਼ਿਕਰ ਕੀਤਾ। ਕੈਨੇਡਾ ਦੁਨੀਆ ਦੇ ਸਭ ਤੋਂ ਵੱਧ ਵਪਾਰ ਨਿਰਭਰ ਮੁਲਕਾਂ ’ਚੋਂ ਇੱਕ ਹੈ ਅਤੇ ਕੈਨੇਡਾ ਦੀ 75 ਫ਼ੀਸਦ ਤੋਂ ਵੱਧ ਬਰਾਮਦ ਅਮਰੀਕਾ ਨੂੰ ਹੁੰਦੀ ਹੈ। ਆਨੰਦ ਨੇ ਕਿਹਾ, ‘‘ਇਹ ਵਿਦੇਸ਼ ਨੀਤੀ ਪ੍ਰਤੀ ਨਵੀਂ ਪਹੁੰਚ ਹੈ ਜੋ ਆਲਮੀ ਵਿੱਤੀ ਮਾਹੌਲ ਪ੍ਰਤੀ ਜਵਾਬਦੇਹ ਹੈ ਅਤੇ ਇਸ ’ਚ ਅਸੀਂ ਖੁਦ ਵੀ ਸ਼ਾਮਲ ਹਾਂ। ਇੱਥੇ ਨਵੀਂ ਸਰਕਾਰ ਹੈ, ਨਵੀਂ ਵਿਦੇਸ਼ ਨੀਤੀ ਹੈ, ਨਵਾਂ ਪ੍ਰਧਾਨ ਮੰਤਰੀ ਤੇ ਨਵਾਂ ਆਲਮੀ ਪ੍ਰਬੰਧ ਹੈ, ਜਿੱਥੇ ਦੇਸ਼ ਵਧੇਰੇ ਰੱਖਿਆਵਾਦੀ ਹੁੰਦੇ ਜਾ ਰਹੇ ਹਨ ਤੇ ਇਹ ਵਪਾਰਕ ਮੁਲਕ ਵਜੋਂ ਕੈਨੇਡਾ ਲਈ ਅਹਿਮ ਮੌਕਾ ਹੈ।’
ਭਾਰਤ ਨੇ ਖਾਲਿਸਤਾਨੀ ਗਤੀਵਿਧੀਆਂ ’ਤੇ ਰੋਸ ਜਤਾਇਆ
ਓਟਵਾ: ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਓਟਵਾ ’ਚ ‘ਖ਼ਾਲਿਸਤਾਨ’ ਬਣਾਉਣ ਦੀ ਮੰਗ ਲਈ ਸਿਖਜ਼ ਫਾਰ ਜਸਟਿਸ ਦੇ ਰੈਫਰੈਂਡੰਮ ’ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਸ਼ਾਂਤੀਪੂਰਨ ਰੋਸ ਮੁਜ਼ਾਹਰੇ ਸਵੀਕਾਰ ਕੀਤੇ ਜਾ ਸਕਦੇ ਹਨ ਪਰ ਕੈਨੇਡਾ ਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਭਾਰਤ ’ਚ ਅਜਿਹੀਆਂ ਕਾਰਵਾਈਆਂ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਲੋਕਾਂ ਵੱਲੋਂ ਸਿਆਸੀ ਮੰਗਾਂ ਉਠਾਉਣ ’ਤੇ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਅਲਬਰਟਾ ਸੂਬੇ ਦੀ ਪ੍ਰੀਮੀਅਰ ਡੇਨੀਅਲ ਸਮਿੱਥ ਨਾਲ ਮੁਲਾਕਾਤ ਕਰਕੇ ਊਰਜਾ, ਵਪਾਰ, ਖੇਤੀ ਤੇ ਤਕਨੀਕੀ ਸਹਿਯੋਗ ਬਾਰੇ ਚਰਚਾ ਕੀਤੀ। -ਪੀਟੀਆਈ/ਏਐੱਨਆਈ

