ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਪੂਰਨ ਰਾਜ ਦਾ ਦਰਜਾ ਜਲਦੀ ਬਹਾਲ ਕਰਨ ਲਈ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਨ ਦੀ ਥਾਂ ਅਸਤੀਫਾ ਦੇ ਦੇਣਗੇ। ਅਨੰਤਨਾਗ ਜ਼ਿਲ੍ਹੇ ਦੇ ਅਚਬਲ ਖੇਤਰ ’ਚ ਸਮਾਗਮ ਨੂੰ ਸੰਬੋਧਨ ਕਰਦਿਆਂ ਅਬਦੁੱਲਾ ਨੇ ਕਿਹਾ ਕਿ ਉਹ ਰਾਜ ਦਾ ਦਰਜਾ ਹਾਸਲ ਕਰਨ ਲਈ ਕੋਈ ਸਿਆਸੀ ਸਮਝੌਤਾ ਕਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ, ‘ਜੇ ਤੁਸੀਂ (ਲੋਕ) ਤਿਆਰ ਹੋ ਤਾਂ ਮੈਨੂੰ ਦੱਸੋ ਕਿਉਂਕਿ ਮੈਂ ਉਹ ਸੌਦਾ ਕਰਨ ਲਈ ਤਿਆਰ ਨਹੀਂ ਹਾਂ। ਜੇ ਸਰਕਾਰ ’ਚ ਭਾਜਪਾ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ ਤਾਂ ਮੇਰਾ ਅਸਤੀਫਾ ਸਵੀਕਾਰ ਕਰ ਲਵੋ। ਇੱਥੇ ਕਿਸੇ ਵੀ ਵਿਧਾਇਕ ਨੂੰ ਮੁੱਖ ਮੰਤਰੀ ਬਣਾਓ ਤੇ ਭਾਜਪਾ ਨਾਲ ਸਰਕਾਰ ਚਲਾਓ।’ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਸਰਕਾਰ ’ਚ ਭਾਜਪਾ ਨੂੰ ਸ਼ਾਮਲ ਕੀਤਾ ਹੁੰਦਾ ਤਾਂ ਪੂਰਨ ਰਾਜ ਦਾ ਦਰਜਾ ਜਲਦੀ ਬਹਾਲ ਹੋ ਸਕਦਾ ਸੀ। ਉਨ੍ਹਾਂ ਕਿਹਾ, ‘ਕੀ ਸਾਨੂੰ ਸਰਕਾਰ ’ਚ ਭਾਜਪਾ ਨੂੰ ਸ਼ਾਮਲ ਕਰਨਾ ਚਾਹੀਦਾ ਸੀ? ਇੱਕ ਸੰਭਾਵਨਾ ਸੀ ਕਿ ਭਾਜਪਾ ਨੂੰ ਸਰਕਾਰ ’ਚ ਸ਼ਾਮਲ ਕਰਕੇ ਸਾਨੂੰ ਇੱਕ ਤੋਹਫ਼ਾ ਮਿਲ ਸਕਦਾ ਸੀ। ਉਹ ਸਾਨੂੰ ਰਾਜ ਦਾ ਪੂਰਨ ਦਰਜਾ ਜਲਦੀ ਦੇ ਦਿੰਦੇ।’ 2015 ’ਚ ਪੀ ਡੀ ਪੀ-ਭਾਜਪਾ ਗੱਠਜੋੜ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਉਦੋਂ ਵੀ ਜੰਮੂ ਕਸ਼ਮੀਰ ’ਚ ਭਾਜਪਾ ਨੂੰ ਸ਼ਾਮਲ ਕੀਤੇ ਬਿਨਾਂ ਸਰਕਾਰ ਬਣਾਈ ਜਾ ਸਕਦੀ ਸੀ। ਉਨ੍ਹਾਂ ਕਿਹਾ, ‘ਕਾਂਗਰਸ ਤੇ ਨੈਸ਼ਨਲ ਕਾਨਫਰੰਸ ਤਿਆਰ ਸਨ। ਭਾਜਪਾ ਨੂੰ ਸਰਕਾਰ ਤੋਂ ਬਾਹਰ ਰੱਖਿਆ ਜਾ ਸਕਦਾ ਸੀ। ਪਰ ਭਾਜਪਾ ਨੂੰ ਨੁਮਾਇੰਦਗੀ ਦੇਣ ਦਾ ਬਹਾਨਾ ਬਣਾਇਆ ਗਿਆ।’ ਉਨ੍ਹਾਂ ਕਿਹਾ ਕਿ ਉਹ ਰਾਜ ਦਾ ਦਰਜਾ ਬਹਾਲ ਕਰਾਉਣ ਲਈ ਸੰਘਰਸ਼ ਜਾਰੀ ਰੱਖਣਗੇ ਪਰ ਉਹ ਸ਼ਾਂਤੀਪੂਰਨ ਤੇ ਜਮਹੂਰੀ ਢੰਗ ਨਾਲ ਸੰਘਰਸ਼ ਕਰਨਗੇ।