ਨਵੀਂ ਦਿੱਲੀ, 23 ਫਰਵਰੀਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਕੰਪਟਰੋਲਰ ਅਤੇ ਆਡੀਟਰ ਜਨਰਲ (CAG) ਦੀਆਂ ਰਿਪੋਰਟਾਂ ਵਿਧਾਨ ਸਭਾ ਸੈਸ਼ਨ ਵਿੱਚ ਪੇਸ਼ ਕੀਤੀਆਂ ਜਾਣਗੀਆਂ, ਜੋ 24 ਫਰਵਰੀ ਨੂੰ ਸ਼ੁਰੂ ਹੋਣ ਵਾਲਾ ਹੈ। ਇਸੇ ਦੌਰਾਨ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੀ ਵਾਰ ਦਿੱਲੀ ਵਿਧਾਨ ਸਭਾ ਦੇ ਸੱਦੇ ਜਾਣ ਤੋਂ ਠੀਕ ਇੱਕ ਦਿਨ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕੀਤੀ।ਮੁੱਖ ਮੰਤਰੀ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪਿਛਲੀ ਸਰਕਾਰ ’ਤੇ ਲੋਕਾਂ ਦੇ ‘ਮਿਹਨਤ ਨਾਲ ਕਮਾਏ’ ਪੈਸੇ ਦੀ ‘ਦੁਰਵਰਤੋਂ’ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਨ੍ਹਾਂ ਨੂੰ ਹਰ ਪੈਸੇ ਦਾ ਹਿਸਾਬ ਦੇਣਾ ਪਵੇਗਾ।ਰੇਖਾ ਗੁਪਤਾ ਨੇ ਕਿਹਾ, ‘‘ਅਸੀਂ ਦਿੱਲੀ ਲਈ ਕੀਤੇ ਵਾਅਦੇ ਪ੍ਰਤੀ ਵਫ਼ਾਦਾਰ ਹਾਂ ਅਤੇ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ।’’ ਉਨ੍ਹਾਂ ਕਿਹਾ, ‘‘ਸਭ ਤੋਂ ਮਹੱਤਵਪੂਰਨ ਅਸੀਂ ਕਿਹਾ ਸੀ ਕਿ ਸਾਨੂੰ ਪਹਿਲੇ ਸੈਸ਼ਨ ਵਿੱਚ ਕੈਗ ਰਿਪੋਰਟ ਸਦਨ ਦੀ ਮੇਜ਼ ’ਤੇ ਰੱਖਣੀ ਚਾਹੀਦੀ ਹੈ। ਇਹ ਲੋਕਾਂ ਦੀ ਮਿਹਨਤ ਨਾਲ ਕਮਾਏ ਪੈਸੇ ਹਨ ਜਿਨ੍ਹਾਂ ਦੀ ਪਿਛਲੀ ਸਰਕਾਰ ਨੇ ਦੁਰਵਰਤੋਂ ਕੀਤੀ। ਉਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਹਰ ਪੈਸੇ ਦਾ ਹਿਸਾਬ ਦੇਣਾ ਪਵੇਗਾ।’’ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਤਿੰਨ ਦਿਨ ਚੱਲੇਗਾ ਅਤੇ ਦਿੱਲੀ ਦੇ ਲੋਕਾਂ ਲਈ ਕੰਮ ਸ਼ੁਰੂ ਕਰਨ ’ਤੇ ਧਿਆਨ ਕੇਂਦਰਿਤ ਕਰੇਗਾ।ਰੇਖਾ ਗੁਪਤਾ ਨੇ ਕਿਹਾ, ‘‘ਸਾਰੇ ਵਿਧਾਇਕ ਦਿੱਲੀ ਸਰਕਾਰ ਦੇ ਪਹਿਲੇ ਸੈਸ਼ਨ ਵਿੱਚ ਸਹੁੰ ਚੁੱਕਣਗੇ। ਸਪੀਕਰ ਅਤੇ ਡਿਪਟੀ ਸਪੀਕਰ ਦੋਵਾਂ ਦੀ ਚੋਣ ਕੀਤੀ ਜਾਵੇਗੀ। ਪ੍ਰੋਟਮ ਸਪੀਕਰ ਨੂੰ ਵੀ ਭਲਕੇ ਸਵੇਰੇ ਉਪ ਰਾਜਪਾਲ ਸਹੁੰ ਚੁਕਾਉਣਗੇ।’’ਆਤਿਸ਼ੀ ਨੂੰ ਵਿਰੋਧੀ ਧਿਰ ਦਾ ਨੇਤਾ ਚੁਣਿਆਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਚੁਣੇ ਜਾਣ ਮਗਰੋਂ ਪ੍ਰੈੱਸ ਨੂੰ ਸੰਬੋਧਨ ਕਰਦੀ ਹੋਈ ਆਤਿਸ਼ੀ। -ਫੋਟੋ: ਪੀਟੀਆਈਇਸ ਦੌਰਾਨ ‘ਆਪ’ ਵਿਧਾਇਕਾਂ ਦੀ ਮੀਟਿੰਗ ਵਿੱਚ ਆਤਿਸ਼ੀ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਚੁਣਿਆ ਗਿਆ। ਸੀਨੀਅਰ ‘ਆਪ’ ਨੇਤਾ ਗੋਪਾਲ ਰਾਏ ਨੇ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਇਹ ਐਲਾਨ ਕੀਤਾ। ਪਾਰਟੀ ਦੇ 22 ਵਿਧਾਇਕਾਂ ਦੀ ਮੀਟਿੰਗ ਵਿੱਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ।ਲਵਨੀ ਪ੍ਰੋਟਮ ਸਪੀਕਰ ਨਿਯੁਕਤਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਭਾਜਪਾ ਨੇਤਾ ਅਰਵਿੰਦਰ ਸਿੰਘ ਲਵਲੀ ਨੂੰ ਪ੍ਰੋਟਮ ਸਪੀਕਰ ਨਿਯੁਕਤ ਕੀਤਾ। -ਏਐੱਨਆਈ