‘ਇੰਡੀਆ’ ਗੱਠਜੋੜ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਤੇਜਸਵੀ ਯਾਦਵ ਨੇ ਅੱਜ ਕਿਹਾ ਕਿ ਉਹ ਨਿਵੇਸ਼ ਲਿਆ ਕੇ ਅਤੇ ਫੈਕਟਰੀਆਂ ਖੋਲ੍ਹ ਕੇ ਬਿਹਾਰ ਨੂੰ ਅੱਵਲ ਦਰਜਾ ਸੂਬਾ ਬਣਾਉਣਗੇ।
ਖਗੜੀਆ ਜ਼ਿਲ੍ਹੇ ਦੇ ਗੋਗਰੀ ’ਚ ਆਰ ਜੇ ਡੀ ਉਮੀਦਵਾਰ ਸੰਜੀਵ ਕੁਮਾਰ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਤੇਜਸਵੀ ਯਾਦਵ ਨੇ ਕਿਹਾ ਕਿ ਉਹ ਸਿਰਫ਼ ਸਰਕਾਰ ਬਣਾਉਣ ਲਈ ਨਹੀਂ ਸਗੋਂ ਸੂਬੇ ਦੇ ਨਿਰਮਾਣ ਲਈ ਚੋਣਾਂ ਲੜ ਰਹੇ ਹਨ। ਉਨ੍ਹਾਂ ਕਿਹਾ, ‘‘ਸਾਨੂੰ ਬਿਹਾਰ ਨੂੰ ਅੱਵਲ ਦਰਜਾ ਸੂਬਾ ਬਣਾਉਣ ਦੀ ਲੋੜ ਹੈ ਤੇ ਇਸ ਲਈ ਨਿਵੇਸ਼ ਲਿਆਉਣ, ਸਿੱਖਿਆ ਨੂੰ ਹੁਲਾਰਾ ਦੇਣ ਅਤੇ ਢੁੱਕਵੀਆਂ ਸਿਹਤ ਸਹੂਲਤਾਂ ਯਕੀਨੀ ਬਣਾਉਣ ਦੀ ਜ਼ਰੂਰਤ ਹੈ।’’ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਉਸ ਬਿਆਨ ਲਈ ਆਲੋਚਨਾ ਕੀਤੀ ਜਿਸ ’ਚ ਕਿਹਾ ਗਿਆ ਸੀ ਕਿ ਬਿਹਾਰ ’ਚ ਜ਼ਮੀਨ ਦੀ ਘਾਟ ਕਾਰਨ ਇੱਥੇ ਫੈਕਟਰੀਆਂ ਨਹੀਂ ਲਾਈਆਂ ਜਾ ਸਕਦੀਆਂ। ਸ੍ਰੀ ਯਾਦਵ ਨੇ ਕਿਹਾ, ‘‘ਅਸੀਂ ਸੂਬੇ ’ਚ ਫੈਕਟਰੀਆਂ ਲਾਵਾਂਗੇ ਅਤੇ ਬਿਹਾਰ ਦੇ ਵਿਕਾਸ ਲਈ ਨਿਵੇਸ਼ ਲਿਆਵਾਂਗੇ।’’ ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ਾਹ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ‘ਹਾਈਜੈਕ’ ਕਰ ਲਿਆ ਹੈ, ਉਹ (ਨਿਤੀਸ਼) ਹੁਣ ਬਿਹਾਰ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੇ।
ਇਸੇ ਤਰ੍ਹਾਂ ਜ਼ਿਲ੍ਹੇ ਦੇ ਅਲੌਲੀ ਵਿਧਾਨ ਸਭਾ ਹਲਕੇ ’ਚ ਪਾਰਟੀ ਉਮੀਦਵਾਰ ਰਾਮਵ੍ਰਿਕਸ਼ ਸਦਾ ਲਈ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਯਾਦਵ ਨੇ ਕਿਹਾ, ‘‘ਇਹ ਖਿੱਤਾ ਜੁਲਾਈ ਤੋਂ ਦਸੰਬਰ ਤੱਕ ਹੜ੍ਹਾਂ ਕਾਰਨ ਡੁੱਬਿਆ ਰਹਿੰਦਾ ਹੈ, ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਮੁੱਖ ਮੰਤਰੀ ਅਤੇ ਕੋਈ ਵੀ ਹੋਰ ਇੱਥੇ ਨਹੀਂ ਆਉਂਦਾ।’’ ਉਨ੍ਹਾਂ ਵੋਟਰਾਂ ਨਾਲ ਵਾਅਦਾ ਕੀਤਾ ਕਿ ਉਹ ਇੱਥੇ ਪਾਣੀ ਦੀ ਢੁੱਕਵੀਂ ਨਿਕਾਸੀ ਦਾ ਪ੍ਰਬੰਧ ਕਰਨਗੇ।

