ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਭਾਰਤ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਅਗਲੇ 24 ਘੰਟਿਆਂ ਵਿੱਚ ਇਸ ਦੱਖਣੀ ਏਸ਼ਿਆਈ ਦੇਸ਼ ’ਤੇ ਟੈਕਸਾਂ ਵਿੱਚ ਜ਼ਿਕਰਯੋਗ ਵਾਧਾ ਕਰਨਗੇ। ਟਰੰਪ ਨੇ ‘ਸੀਐੱਨਬੀਸੀ ਸਕੁਐਵਕ ਬਾਕਸ’ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਕਿਹਾ, ‘‘ਭਾਰਤ ਬਾਰੇ ਲੋਕ ਜੋ ਕਹਿਣਾ ਪਸੰਦ ਨਹੀਂ ਕਰਦੇ, ਉਹ ਇਹ ਹੈ ਕਿ ਉਹ ਸਭ ਤੋਂ ਜ਼ਿਆਦਾ ਟੈਕਸ ਲਗਾਉਣ ਵਾਲਾ ਦੇਸ਼ ਹੈ। ਉਸ ਦਾ ਟੈਕਸ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਹੈ। ਅਸੀਂ ਭਾਰਤ ਨਾਲ ਬਹੁਤ ਘੱਟ ਵਪਾਰ ਕਰਦੇ ਹਾਂ ਕਿਉਂਕਿ ਉਸ ਦੇ ਟੈਕਸ ਬਹੁਤ ਜ਼ਿਆਦਾ ਹਨ।’’ ਉਨ੍ਹਾਂ ਕਿਹਾ, ‘‘ਭਾਰਤ ਇਕ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ ਹੈ। ਉਹ ਸਾਡੇ ਨਾਲ ਕਾਫੀ ਵਪਾਰ ਕਰਦਾ ਹੈ ਪਰ ਅਸੀਂ ਉਸ ਨਾਲ ਵਪਾਰ ਨਹੀਂ ਕਰਦੇ। ਇਸ ਵਾਸਤੇ ਅਸੀਂ 25 ਫੀਸਦ ਟੈਕਸ ’ਤੇ ਸਮਝੌਤਾ ਕੀਤਾ ਪਰ ਮੈਨੂੰ ਲੱਗਦਾ ਹੈ ਕਿ ਮੈਂ ਅਗਲੇ 24 ਘੰਟਿਆਂ ਵਿੱਚ ਇਸ ਨੂੰ ਕਾਫੀ ਵਧਾ ਦੇਵਾਂਗਾ ਕਿਉਂਕਿ ਉਹ ਰੂਸ ਤੋਂ ਕੱਚਾ ਤੇਲ ਖਰੀਦ ਰਹੇ ਹਨ। ਉਹ ਜੰਗੀ ਮਸ਼ੀਨ ਨੂੰ ਈਂਧਣ ਮੁਹੱਈਆ ਕਰਵਾ ਰਹੇ ਹਨ ਅਤੇ ਜੇਕਰ ਉਹ ਅਜਿਹਾ ਕਰਨ ਜਾ ਰਹੇ ਹਨ ਤਾਂ ਮੈਨੂੰ ਖੁਸ਼ੀ ਨਹੀਂ ਹੋਵੇਗੀ।’’
ਭਾਰਤ ਨਾਲ ਵਪਾਰ ਸਮਝੌਤੇ ਬਾਰੇ ਪੁੱਛਣ ’ਤੇ ਟਰੰਪ ਨੇ ਕਿਹਾ ਕਿ ਭਾਰਤ ਨਾਲ ‘ਅੜਿੱਕਾ’ ਇਹ ਹੈ ਕਿ ਉਸ ਦੇ ਟੈਕਸ ਕਾਫੀ ਜ਼ਿਆਦਾ ਹਨ। ਉਨ੍ਹਾਂ ਕਿਹਾ, ‘‘ਹੁਣ ਮੈਂ ਇਹ ਕਹਾਂਗਾ ਕਿ ਭਾਰਤ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਟੈਕਸਾਂ ਤੋਂ ਅੱਗੇ ਵਧ ਕੇ, ਸਾਡੇ ਉੱਪਰ ਸਿਫ਼ਰ ਟੈਕਸ ਲਗਾਏਗਾ ਪਰ ਉਹ ਜੋ ਤੇਲ ਨਾਲ ਕਰ ਰਹੇ ਹਨ, ਉਸ ਨੂੰ ਦੇਖਦੇ ਹੋਏ ਇਹ ਨਾਕਾਫੀ ਹੈ।’’
ਰੂਸ ਵੱਲੋਂ ਵਪਾਰਕ ਭਾਈਵਾਲ ਚੁਣਨ ਦੇ ਭਾਰਤ ਦੇ ਅਧਿਕਾਰ ਦਾ ਸਮਰਥਨ
ਮਾਸਕੋ:ਰੂਸ ਨੇ ਅੱਜ ਕਿਹਾ ਕਿ ਪ੍ਰਭੂਸੱਤਾ ਦੇਸ਼ਾਂ ਨੂੰ ਆਪਣੇ ਹਿੱਤਾਂ ਦੇ ਆਧਾਰ ’ਤੇ ਵਪਾਰ ਅਤੇ ਆਰਥਿਕ ਸਹਿਯੋਗ ਵਿੱਚ ਆਪਣੇ ਭਾਈਵਾਲ ਚੁਣਨ ਦਾ ਅਧਿਕਾਰ ਹੈ। ਰੂਸੀ ਸਰਕਾਰ ਦੇ ਤਰਜਮਾਨ ਦਮਿੱਤਰੀ ਪੈਸਕੋਵ ਨੇ ਭਾਰਤ ਦੇ ਸਬੰਧ ਵਿੱਚ ਅਮਰੀਕਾ ਦੀਆਂ ਚਿਤਾਵਨੀਆਂ ’ਤੇ ਟਿੱਪਣੀ ਕਰਦੇ ਹੋਏ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਸਾਡਾ ਮੰਨਣਾ ਹੈ ਕਿ ਪ੍ਰਭੁਤਾ ਸੰਪੰਨ ਦੇਸ਼ਾਂ ਨੂੰ ਆਪਣੇ ਹਿੱਤਾਂ ਦੇ ਆਧਾਰ ’ਤੇ ਵਪਾਰਕ ਭਾਈਵਾਲ, ਵਪਾਰ ਅਤੇ ਆਰਥਿਕ ਸਹਿਯੋਗ ਵਿੱਚ ਭਾਈਵਾਲ ਖ਼ੁਦ ਚੁਣਨ ਅਤੇ ਆਜ਼ਾਦ ਤੌਰ ’ਤੇ ਵਪਾਰ ਤੇ ਆਰਥਿਕ ਸਹਿਯੋਗ ਦੇ ਤਰੀਕਿਆਂ ਨੂੰ ਨਿਰਧਾਰਤ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ।’’ ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਅੱਜ ਅਮਰੀਕੀ ਪ੍ਰਸ਼ਾਸਨ ’ਤੇ ਵਾਸ਼ਿੰਗਟਨ ਦੀ ਸਰਦਾਰੀ ਕਾਇਮ ਰੱਖਣ ਲਈ ਆਲਮੀ ਦੱਖਣੀ ਦੇਸ਼ਾਂ ਖ਼ਿਲਾਫ਼ ‘ਉਪ-ਨਿਵੇਸ਼ਵਾਦੀ ਨੀਤੀ’ ਅਪਣਾਉਣ ਦਾ ਦੋਸ਼ ਲਗਾਇਆ ਅਤੇ ‘ਅਸਲ ਬਹੁਪੱਖੀ’ ਅਤੇ ਸਮਾਨ ਵਿਸ਼ਵ ਵਿਵਸਥਾ ਬਣਾਉਣ ਲਈ ਇਨ੍ਹਾਂ ਦੇਸ਼ਾਂ ਨਾਲ ਸਹਿਯੋਗ ਵਧਾਉਣ ਦੀ ਇੱਛਾ ਜ਼ਾਹਿਰ ਕੀਤੀ। -ਪੀਟੀਆਈ
ਭਾਰਤ ਵੱਲੋਂ ਅਮਰੀਕਾ ਤੇ ਯੂਰਪੀ ਮੁਲਕਾਂ ਦੀ ਦੋਗਲੀ ਪਹੁੰਚ ਦੀ ਆਲੋਚਨਾ
ਨਵੀਂ ਦਿੱਲੀ: ਉੱਧਰ ਭਾਰਤ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨ ’ਤੇ ਦਿੱਤੀ ਆਪਣੀ ਪ੍ਰਤੀਕਿਰਿਆ ਵਿੱਚ ਅਮਰੀਕਾ ਅਤੇ ਯੂਰਪੀ ਸੰਘ ਸਣੇ ਪੱਛਮੀ ਮੁਲਕਾਂ ਦੀ ਦੋਗਲੀ ਪਹੁੰਚ ਦੀ ਆਲੋਚਨਾ ਕੀਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ’ਤੇ ਨਿਸ਼ਾਨਾ ਸੇਧਣ ਲਈ ਅਮਰੀਕਾ ਦੋਗਲੀ ਪਹੁੰਚ ਅਪਣਾ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਇਕ ਪਾਸੇ ਤਾਂ ਭਾਰਤ ਦੇ ਰੂਸ ਤੋਂ ਤੇਲ ਖਰੀਦਣ ’ਤੇ ਇਤਰਾਜ਼ ਕੀਤਾ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਅਮਰੀਕਾ ਅਤੇ ਯੂਰਪੀ ਯੂਨੀਅਨ ਨੇ ਰੂਸ ਨਾਲ ਆਪਣੇ ਕਾਰੋਬਾਰੀ ਸਬੰਧ ਜਾਰੀ ਰੱਖੇ ਹੋਏ ਹਨ। ਹਾਲਾਂਕਿ, ਉਨ੍ਹਾਂ ਦੇ ਮਾਮਲੇ ਵਿੱਚ ਇਹ ਕਾਰੋਬਾਰੀ ਸਬੰਧ ਸਾਡੇ ਵਾਂਗ ਮਹੱਤਵਪੂਰਨ ਕੌਮੀ ਮਜਬੂਰੀ ਵੀ ਨਹੀਂ ਸੀ।’’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂਰਪ-ਰੂਸ ਵਪਾਰ ਵਿੱਚ ਨਾ ਸਿਰਫ਼ ਊਰਜਾ ਬਲਕਿ ਖਾਦਾਂ, ਖਣਨ ਉਤਪਾਦ, ਰਸਾਇਣ, ਲੋਹਾ ਤੇ ਸਟੀਲ ਅਤੇ ਮਸ਼ੀਨਰੀ ਤੇ ਟਰਾਂਸਪੋਰਟ ਉਪਕਰਨ ਵੀ ਸ਼ਾਮਲ ਹਨ। ਇਸੇ ਤਰ੍ਹਾਂ ਅਮਰੀਕਾ ਵੀ ਆਪਣੀ ਪਰਮਾਣੂ ਸਨਅਤ ਲਈ ਰੂਸ ਤੋਂ ਯੂਰੇਨੀਅਮ ਹੈਕਸਾਫਲੋਰਾਈਡ ਅਤੇ ਈਵੀ ਸਨਅਤ ਲਈ ਪੋਲਾਡੀਅਮ ਤੋਂ ਇਲਾਵਾ ਖਾਦਾਂ ਤੇ ਰਸਾਇਣ ਲੈਂਦਾ ਹੈ। -ਪੀਟੀਆਈ
ਰੂਸ ਦੇ ਦੌਰੇ ’ਤੇ ਜਾਣਗੇ ਡੋਵਾਲ ਅਤੇ ਜੈਸ਼ੰਕਰ
ਨਵੀਂ ਦਿੱਲੀ(ਟਨਸ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਾਏ ਜਾ ਰਹੇ ਟੈਰਿਫ ਦੇ ਦਬਾਅ ਦੇ ਬਾਵਜੂਦ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਰੂਸ ਨਾਲ ਭਾਰਤ ਦੇ ਰਣਨੀਤਕ ਸਬੰਧਾਂ ਨੂੰ ਅੱਗੇ ਵਧਾਉਣ ਲਈ ਇਸ ਮਹੀਨੇ ਮਾਸਕੋ ਦਾ ਦੌਰਾ ਕਰਨਗੇ। ਡੋਵਾਲ ਇਸ ਹਫ਼ਤੇ ਮਾਸਕੋ ਜਾਣਗੇ, ਜਦਕਿ ਜੈਸ਼ੰਕਰ ਦੇ ਮਹੀਨੇ ਦੇ ਅਖ਼ੀਰ ਵਿੱਚ ਜਾਣ ਦੀ ਉਮੀਦ ਹੈ। ਦੋਵੇਂ ਦੌਰੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਦੇ ਸਾਲਾਨਾ ਦੁਵੱਲੇ ਸਿਖਰ ਸੰਮੇਲਨ ਵਿੱਚ ਭਾਰਤ ਦੇ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਪਹਿਲਾਂ ਹੋ ਰਹੇ ਹਨ। ਇਹ ਯਾਤਰਾਵਾਂ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਆਗੂਆਂ ਦੇ ਸਿਖਰ ਸੰਮੇਲਨ ਮੌਕੇ ਹੋ ਰਹੀਆਂ ਹਨ, ਜੋ 31 ਅਗਸਤ ਤੋਂ ਪਹਿਲੀ ਸਤੰਬਰ ਤੱਕ ਚੀਨ ਵਿੱਚ ਹੋ ਰਿਹਾ। ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪੂਤਿਨ ਨੂੰ ਵੀ ਸੱਦਾ ਮਿਲਿਆ ਹੈ।