ਹਰੇਕ ਭਾਰਤੀ ਦੇ ਸਨਮਾਨ ਨੂੰ ਬਣਾਈ ਰੱਖਣ ਲਈ ਲੜਾਈ ਜਾਰੀ ਰੱਖਾਂਗੇ: ਮਮਤਾ
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਹਰੇਕ ਭਾਰਤੀ ਦੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਬੰਗਾਲ ਕਦੇ ਵਿਦੇਸ਼ੀ ਸ਼ਾਸਕਾਂ ਦੇ ਜ਼ੁਲਮਾਂ ਵਿਰੁੱਧ ਉੱਠਿਆ ਸੀ ਅਤੇ ਕਿਸੇ ਵੀ ਅਨਿਆਂ ਵਿਰੁੱਧ ਲੜਦਾ ਰਹੇਗਾ। ਉਨ੍ਹਾਂ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਇਸ ਲੜਾਈ ਵਿੱਚ ਉਨ੍ਹਾਂ ਦੇ ਨਾਲ ਹੋਣਗੇ।
ਬੈਨਰਜੀ ਨੇ ਚਿਤਰੰਜਨ ਦਾਸ, ਖੁਦੀਰਾਮ ਬਾਸੂ ਅਤੇ ਪ੍ਰਫੁੱਲ ਚਾਕੀ ਵਰਗੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦੇ ਹੋਏ ਕਿਹਾ, ‘ਇਹ ਬੰਗਾਲ ਬਾਹਰੀ ਸ਼ਕਤੀਆਂ ਵਿਰੁੱਧ, ਅਨਿਆਂ ਅਤੇ ਜ਼ੁਲਮ ਦੇ ਵਿਰੁੱਧ ਲੜਿਆ। ਸੰਘਰਸ਼ ਦੀ ਭਾਵਨਾ ਸਾਡੇ ਖੂਨ ਵਿੱਚ ਦੌੜਦੀ ਹੈ। ਅੱਜ ਵੀ, ਅਸੀਂ ਅਨਿਆਂ ਦੇ ਵਿਰੁੱਧ ਗਰਜਦੇ ਹਾਂ।’’ ਉਨ੍ਹਾਂ ਰਾਮਮੋਹਨ ਰਾਏ, ਈਸ਼ਵਰ ਚੰਦਰ ਵਿਦਿਆਸਾਗਰ, ਰਾਮਕ੍ਰਿਸ਼ਨ ਅਤੇ ਰਬਿੰਦਰਨਾਥ ਟੈਗੋਰ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ, ‘‘ਮੈਂ ਉਨ੍ਹਾਂ ਸਾਰੇ ਦੂਰਦਰਸ਼ੀਆਂ ਨੂੰ ਵੀ ਸਤਿਕਾਰ ਦਿੰਦੀ ਹਾਂ ਜਿਨ੍ਹਾਂ ਨੇ ਬੰਗਾਲ ਪੁਨਰਜਾਗਰਣ ਦੇ ਸਮੇਂ ਤੋਂ ਬੰਗਾਲ ਅਤੇ ਭਾਰਤ ਨੂੰ ਮੁੜ ਆਕਾਰ ਦਿੱਤਾ।’’
ਮੁੱਖ ਮੰਤਰੀ ਨੇ ਬੰਗਾਲੀ ਵਿਚ ‘ਐਕਸ’ ਉੱਤੇ ਇਕ ਪੋਸਟ ਵਿਚ ਕਿਹਾ, ‘‘ਆਉਣ ਵਾਲੇ ਦਿਨਾਂ ਵਿੱਚ, ਹਰੇਕ ਨਾਗਰਿਕ ਦੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਸਾਡਾ ਸੰਘਰਸ਼ ਇਨ੍ਹਾਂ ਮੋਢੀਆਂ ਦੁਆਰਾ ਦਿਖਾਏ ਗਏ ਰਸਤੇ ’ਤੇ ਜਾਰੀ ਰਹੇਗਾ। ਸਾਡਾ ਟੀਚਾ ਉਸ ਰਾਸ਼ਟਰ ਦਾ ਨਿਰਮਾਣ ਕਰਨਾ ਹੈ ਜਿਸ ਦਾ ਸੁਪਨਾ ਸਾਡੇ ਆਜ਼ਾਦੀ ਘੁਲਾਟੀਆਂ ਨੇ ਦੇਖਿਆ ਸੀ, ਜਿਸ ਲਈ ਉਨ੍ਹਾਂ ਨੇ ਜ਼ਿੰਦਗੀ ਅਤੇ ਮੌਤ ਨੂੰ ਆਪਣਾ ਸੇਵਕ ਬਣਾਇਆ ਸੀ। ਮੈਨੂੰ ਯਕੀਨ ਹੈ ਕਿ ਇਸ ਸੰਘਰਸ਼ ਵਿੱਚ, ਲੋਕ ਸਾਡੇ ਨਾਲ ਖੜ੍ਹੇ ਹੋਣਗੇ।’’
ਬੈਨਰਜੀ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਰੈੱਡ ਰੋਡ 'ਤੇ ਆਜ਼ਾਦੀ ਦਿਵਸ ਪਰੇਡ ਦਾ ਨਿਰੀਖਣ ਕੀਤਾ। ਕੋਲਕਾਤਾ ਪੁਲੀਸ ਅਤੇ ਪੱਛਮੀ ਬੰਗਾਲ ਪੁਲੀਸ ਦੀਆਂ ਵੱਖ-ਵੱਖ ਇਕਾਈਆਂ ਨੇ ਪਰੇਡ ਵਿੱਚ ਹਿੱਸਾ ਲਿਆ। ਰਾਜ ਸਰਕਾਰ ਦੀਆਂ ਵੱਖ-ਵੱਖ ਸਮਾਜ ਭਲਾਈ ਯੋਜਨਾਵਾਂ ਨੂੰ ਦਰਸਾਉਂਦੀਆਂ ਰੰਗੀਨ ਝਾਕੀਆਂ ਨੇ ਵੀ ਦੋ ਘੰਟੇ ਚੱਲੇ ਪ੍ਰੋਗਰਾਮ ਵਿੱਚ ਹਿੱਸਾ ਲਿਆ। -ਪੀਟੀਆਈ