ਵੋਟ ਚੋਰੀ ਦੇ ਦੋਸ਼ਾਂ ਦੇ ਬਾਵਜੂਦ ਮੋਦੀ ਨੇ ਚੁੱਪ ਕਿਉਂ ਧਾਰੀ: ਰਾਹੁਲ
ਕਾਂਗਰਸੀ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ, ‘‘ ਮੈਂ ਹਰ ਰੋਜ਼ ਪ੍ਰਧਾਨ ਮੰਤਰੀ ’ਤੇ ਵੋਟ ਚੋਰੀ ਦੇ ਦੋਸ਼ ਲਗਾ ਰਿਹਾ ਹਾਂ ਪਰ ਉਨ੍ਹਾਂ ਨੇ ਚੁੱਪ ਕਿਉਂ ਧਾਰੀ ਹੋਈ ਹੈ? ਕਿਉਂਕਿ ਉਹ ਫੜੇ ਗਏ ਹਨ। ੳਨ੍ਹਾਂ ਦਾ ਪਰਦਾਫਾਸ਼ ਹੋ ਗਿਆ ਹੈ। ਬਿਹਾਰ ਵਿੱਚ ਵੋਟਰ ਅਧਿਕਾਰ ਯਾਤਰਾ ਨੂੰ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਨੇ ਪ੍ਰਧਾਨ ਮੰਤਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ।’’ ਉਹ ਪਾਰਟੀ ਦੀ ਵੋਟਰ ਅਧਿਕਾਰ ਯਾਤਰਾ ਦੌਰਾਨ ਮੋਤੀਹਾਰੀ ਵਿੱਚ ਇਕ ਸੰਵਿਧਾਨ ਸੁਰਕਸ਼ਾ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਗਾਂਧੀ ਨੇ ਮੋਤੀਹਾਰੀ ਵਿੱਚ ਸੰਵਿਧਾਨ ਸੁਰਕਸ਼ਾ ਸੰਮੇਲਨ ਦੌਰਾਨ ਕਿਹਾ ਕਿ ਦੇਸ਼ ਭਰ ਵਿੱਚ ਜਾਤੀ ਸਰਵੇਖਣ ਹੋਣ ਨਾਲ 90 ਫੀਸਦ ਲੋਕਾਂ ਨੂੰ ਉਨ੍ਹਾਂ ਦੇ ਅਸਲ ਬਣਦੇ ਹੱਕ ਮਿਲ ਜਾਣਗੇ। ਉਨ੍ਹਾਂ ਕਿਹਾ, ‘‘ਚੋਣ ਕਮਿਸ਼ਨ ਨੇ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਮਹਾਰਾਸ਼ਟਰ ਵਿੱਚ ਇਕ ਕਰੋੜ ਨਵੇਂ ਵੋਟਰ ਸ਼ਾਮਲ ਕਰ ਦਿੱਤੇ ਹਨ। ਉਨ੍ਹਾਂ ਦੋਸ਼ ਲਗਾਇਆ, ‘‘ਜਦੋਂ ਅਸੀਂ ਵੋਟਰ ਸੂਚੀ ਬਾਰੇ ਪੁੱਛਦੇ ਹਾਂ, ਤਾਂ ਚੋਣ ਕਮਿਸ਼ਨ ਨਾਂਹ ਕਰ ਦਿੰਦਾ ਹਾਂ ਕਿਉਂਕਿ ਚੋਣ ਕਮਿਸ਼ਨ ਨੇ ਇਹ ਕੰਮ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਕਹਿਣ ’ਤੇ ਕੀਤਾ ਹੈ।’’ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਭਾਜਪਾ ਤੇ ਚੋਣ ਕਮਿਸ਼ਨ ਨੇ ਕਰਨਾਟਕ ਵਿੱਚ ਵੀ ਇਹੀ ਅਮਲ ਦੋਹਰਾਇਆ। ਉਨ੍ਹਾਂ ਦਾਅਵਾ ਕੀਤਾ, ‘‘ਇੱਥੋਂ ਤੱਕ ਕਿ ਛੋਟੇ ਬੱਚੇ ਵੀ ਭਾਜਪਾ ਆਗੂਆਂ ਨੂੰ ਵੋਟ ਚੋਰ ਕਹਿ ਰਹੇ ਹਨ। ਮੈਂ ਸਿਰਫ਼ ਐਨਾ ਚਾਹੁੰਦਾ ਹਾਂ ਕਿ ਜੇਕਰ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦਿੰਦਾ ਹੈ ਤਾਂ ਉਨ੍ਹਾਂ ਵੱਲੋਂ ਇਸ ਅਧਿਕਾਰ ਦੀ ਵਰਤੋਂ ਕੀਤੀ ਜਾਵੇ।’’
ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਪਵਨ ਖੇੜਾ ਨੇ ਸੂਬੇ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਵਿੱਚ ਪੈਂਦੇ ਢਾਕਾ ’ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਰਾਹੁਲ ਗਾਂਧੀ ਦੀ ਵੋਟਰ ਅਧਿਕਾਰ ਯਾਤਰਾ ਪਹਿਲੀ ਸਤੰਬਰ ਨੂੰ ਸੂਬੇ ਦੀ ਰਾਜਧਾਨੀ ਪਟਨਾ ਵਿੱਚ ਇਕ ਵੱਡੇ ਜਲੂਸ ਨਾਲ ਸਮਾਪਤ ਹੋਵੇਗੀ। -ਪੀਟੀਆਈ
ਆਪਣੇ ਹੱਕ ’ਤੇ ਡਾਕਾ ਨਹੀਂ ਮਾਰਨ ਦੇਣਗੇ ਲੋਕ: ਗਾਂਧੀ
ਬਿਹਾਰ ਦੇ ਸੀਤਾਮਾੜੀ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ 65 ਲੱਖ ਲੋਕ ਜਿਨ੍ਹਾਂ ਦੇ ਨਾਮ ਬਿਹਾਰ ਦੀ ਵੋਟਰ ਸੂਚੀ ਵਿੱਚੋਂ ਕੱਟ ਦਿੱਤੇ ਗਏ ਸਨ, ਉਹ ਗਰੀਬ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕ ਭਾਜਪਾ ਤੇ ਚੋਣ ਕਮਿਸ਼ਨ ਨੂੰ ਆਪਣੇ ਵੋਟ ਦੇ ਅਧਿਕਾਰ ’ਤੇ ਡਾਕਾ ਨਹੀਂ ਮਾਰਨ ਦੇਣਗੇ।