ਪੰਜਾਬ ਦੇ ਹੜ੍ਹਾਂ ’ਚ ਸੱਧਰਾਂ ਹੀ ਨਹੀਂ, ਉਮੀਦਾਂ ਦੇ ਘਰ ਵੀ ਢਹਿ-ਢੇਰੀ ਹੋ ਰਹੇ ਹਨ। ਘਰ ਰੁੜ੍ਹ ਗਏ, ਖੇਤ ਵਹਿ ਗਏ, ਪਿੱਛੇ ਬਚੀ ਇਕੱਲੀ ਜ਼ਿੰਦਗੀ, ਜਿਸ ਨੂੰ ਦੁੱਖਾਂ ਦੀ ਵਹਿੰਗੀ ਚੁੱਕਣੀ ਪੈ ਰਹੀ ਹੈ। ਪੰਜਾਬ ਦਾ ਆਖ਼ਰੀ ਪਿੰਡ ਟੇਂਡੀਵਾਲਾ, ਇੱਕ ਪਾਸੇ ਕੰਡਿਆਲੀ ਤਾਰ, ਦੂਸਰੇ ਪਾਸੇ ਸਤਲੁਜ, ਚਾਰ ਚੁਫੇਰੇ ਪਾਣੀ ਹੀ ਪਾਣੀ। ਸਤਲੁਜ ਨੇ ਪਹਿਲਾਂ ਜ਼ਮੀਨਾਂ ਲਪੇਟ ’ਚ ਲਈਆਂ ਅਤੇ ਹੁਣ ਪਿੰਡ ਦੀ ਵਾਰੀ ਹੈ। ਸਭ ਨਿਆਣੇ-ਸਿਆਣੇ ਗਠੜੀਆਂ ਚੁੱਕ ਰਾਹਤ ਕੈਂਪਾਂ ’ਚ ਜਾ ਪਹੁੰਚੇ ਹਨ।
ਫ਼ਿਰੋਜ਼ਪੁਰ ਦੇ ਇਸ ਪਿੰਡ ’ਚ ਹੜ੍ਹਾਂ ਨੇ ਜ਼ਿੰਦਗੀ ਨੂੰ ਵਿਸ਼ਰਾਮ ਚਿੰਨ੍ਹ ਲਾ ਦਿੱਤਾ ਹੈ। ਚੜ੍ਹ ਰਹੇ ਦਰਿਆ ਦੇ ਡਰੋਂ ਲੋਕ ਆਪੋ-ਆਪਣੇ ਘਰ ਢਾਹੁਣ ਲੱਗ ਪਏ ਹਨ। ਨੌਜਵਾਨ ਬਲਬੀਰ ਸਿੰਘ ਆਖਦਾ ਹੈ ਕਿ ਡੁੱਬਦਾ ਆਦਮੀ ਕੀ ਨਹੀਂ ਕਰਦਾ। ਉਹ ਦੱਸਦਾ ਹੈ ਕਿ ਪਿੰਡ ’ਚ 254 ਘਰ ਹਨ ਅਤੇ ਦਸ ਦੇ ਕਰੀਬ ਘਰ ਮਲਬਾ ਬਣ ਗਏ ਹਨ। ਬਾਕੀ ਘਰਾਂ ਨੂੰ ਲੋਕ ਖ਼ੁਦ ਢਾਹ ਰਹੇ ਹਨ ਤਾਂ ਜੋ ਮਿਹਨਤ-ਮੁਸ਼ੱਕਤ ਨਾਲ ਬਣਾਏ ਘਰ ਦੀ ਆਖ਼ਰੀ ਨਿਸ਼ਾਨੀ ਇੱਟਾਂ ਨੂੰ ਬਚਾ ਸਕਣ। ਪਿੰਡ ਦੀ ਔਰਤ ਸਮਿੱਤਰੀ ਦੇਵੀ ਦੀਆਂ ਅੱਖਾਂ ’ਚ ਹੰਝੂ ਸਨ ਤੇ ਸਾਹਮਣੇ ਉਸ ਦਾ ਘਰ ਢਹਿ- ਢੇਰੀ ਹੋ ਰਿਹਾ ਸੀ। ਉਹ ਦੱਸਦੀ ਹੈ ਕਿ ਕਿਵੇਂ ਇੱਕ-ਇੱਕ ਪੈਸਾ ਜੋੜ ਕੇ ਛੱਤ ਨਸੀਬ ਹੋਈ ਸੀ। ਨੰਬਰਦਾਰ ਮਿੱਠਾ ਸਿੰਘ ਦੀ ਜ਼ਮੀਨ ਪਾਣੀ ’ਚ ਵਹਿ ਗਈ ਤੇ ਘਰ ਮਲਬਾ ਹੋ ਗਿਆ ਹੈ। ਇਸ ਪਿੰਡ ਦਾ ਮੰਜ਼ਰ ਦੇਖ ਕੇ ਲੱਗਦਾ ਹੈ ਕਿ ਜਿਵੇਂ ਇਹ ਲੋਕ ਜ਼ਿੰਦਗੀ ਦੇ ਉੱਤਰੀ ਧੁਰ ’ਤੇ ਹੋਣ।
ਬਲਵਿੰਦਰ ਸਿੰਘ ਆਖਦਾ ਹੈ, ‘ਸਾਡੇ ਕਰਮੀਂ ਤਾਂ ਨਿੱਤ ਦਾ ਉਜਾੜਾ ਲਿਖਿਐ।’ ਜਸਵੰਤ ਸਿੰਘ ਦੱਸਦਾ ਹੈ ਕਿ ਪਿੰਡ ਦੇ ਲੋਕਾਂ ਨੇ ਖ਼ੁਦ ਇੱਕ ਬੇੜਾ ਖ਼ਰੀਦਿਆ ਸੀ। ਸਰਕਾਰ ਨੇ ਹਾਲੇ ਤੱਕ ਕੋਈ ਸਾਰ ਨਹੀਂ ਲਈ। ਪਿੰਡ ਚਾਰੇ ਪਾਸਿਓਂ ਕੱਟਿਆ ਗਿਆ ਹੈ ਅਤੇ ਅਦਾਕਾਰ ਸਲਮਾਨ ਖਾਨ ਵੱਲੋਂ ਬਿਨਾਂ ਇੰਜਣ ਵਾਲੀ ਭੇਜੀ ਕਿਸ਼ਤੀ ਕਿਸੇ ਕੰਮ ਨਹੀਂ ਆ ਰਹੀ। ਪੰਜਾਬ ਦਾ ਇਹ ਪਹਿਲਾਂ ਪਿੰਡ ਹੈ ਜੋ ਹੜ੍ਹਾਂ ’ਚ ਡੁੱਬਿਆ ਹੋਇਆ ਉੱਜੜ ਰਿਹਾ ਹੈ। ਪਿੰਡ ਵਾਲੇ ਆਖਦੇ ਹਨ ਕਿ ਹੁਣ ਸਿਰ ਤੋਂ ਪਾਣੀ ਲੰਘ ਗਿਆ ਹੈ। ਸਮੁੱਚੇ ਪੰਜਾਬ ’ਚ ਹੜ੍ਹ ਮਨੁੱਖੀ ਜਾਨਾਂ ਲੈ ਰਹੇ ਹਨ, ਤੇਜ਼ ਪਾਣੀ ਪਸ਼ੂ ਧਨ ਨੂੰ ਹੂੰਝ ਰਿਹਾ ਹੈ ਅਤੇ ਆਸ਼ਿਆਨੇ ਤੀਲਾ ਤੀਲਾ ਹੋ ਰਹੇ ਹਨ। ਇਕੱਲੇ ਕੱਚੇ ਘਰ ਹੀ ਨਹੀਂ, ਪੱਕੇ ਘਰ ਵੀ ਹੜ੍ਹਾਂ ਦਾ ਹੱਲਾ ਝੱਲ ਨਹੀਂ ਸਕੇ। ਕੋਈ ਪਿੰਡ ਨਹੀਂ ਬਚਿਆ, ਜਿੱਥੇ ਕਿਤੇ ਘਰ ਦੀ ਛੱਤ ਨਾ ਡਿੱਗੀ ਹੋਵੇ। ਜਦੋਂ ਵੀ ਹੜ੍ਹ ਆਉਂਦੇ ਹਨ, ਦਰਿਆਵਾਂ ਕੰਢੇ ਵਸੇ ਪਿੰਡਾਂ ਦੇ ਲੋਕ ਦੁੱਖਾਂ ਦੀ ਝਾਕੀ ਬਣ ਜਾਂਦੇ ਹਨ। ਫਿਰ ਮੁੜਦੇ ਹਨ ਇੱਕ ਆਸ ਨਾਲ, ਡਿੱਗਣਾ ਤੇ ਡਿੱਗ ਕੇ ਚੱਲਣਾ, ਇਹੋ ਇਨ੍ਹਾਂ ਦੀ ਜ਼ਿੰਦਗੀ ਹੈ। ਫਿਰੋਜ਼ਪੁਰ ਦੇ ਸਤਲੁਜ ਤੋਂ ਪਾਰ ਪੈਂਦੇ ਪਿੰਡ ਕਾਲੂਵਾਲਾ ਨੂੰ ਔਰਤਾਂ ਅਤੇ ਬੱਚੇ ਛੱਡ ਚੁੱਕੇ ਹਨ। ਦਰਜਨਾਂ ਘਰ ਪਾਣੀ ’ਚ ਰੁੜ੍ਹ ਗਏ ਹਨ । ਇਸ ਪਿੰਡ ਦੇ ਨਿਸ਼ਾਨ ਸਿੰਘ ਦੇ ਘਰ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ ਹੈ। ਘਰਾਂ ’ਚ ਸਿਰਫ਼ ਕੁੱਝ ਬੰਦੇ ਬਚੇ ਹਨ, ਜੋ ਜ਼ਿੰਦਗੀ ਨਾਲ ਹੱਥੋਪਾਈ ਹੋ ਰਹੇ ਹਨ। ਡੀ ਟੀ ਐੱਫ ਦੇ ਆਗੂ ਮਲਕੀਤ ਸਿੰਘ ਹਰਾਜ ਤੇ ਸਰਬਜੀਤ ਸਿੰਘ ਭਾਵੜਾ ਪਿੰਡ ਟੇਂਡੀਵਾਲਾ ’ਚ ਰਾਸ਼ਨ ਤੇ ਪਸ਼ੂਆਂ ਲਈ ਚਾਰਾ ਪਹੁੰਚਾ ਰਹੇ ਹਨ।
ਰਾਵੀ ਦਰਿਆ ਦਾ ਪਾਣੀ ਪਿੰਡ ਘੋਨੇਵਾਲ ਅਤੇ ਮਾਛੀਵਾਹਲਾ ’ਚ ਹਾਲੇ ਵੀ ਕਈ ਕਈ ਫੁੱਟ ਪਾਣੀ ਖੜ੍ਹਾ ਹੈ। ਦਰਜਨਾਂ ਘਰ ਇਸ ਦੀ ਲਪੇਟ ’ਚ ਆ ਚੁੱਕੇ ਹਨ। ਡੇਰਾ ਬਾਬਾ ਨਾਨਕ ਤੇ ਪਠਾਨਕੋਟ ’ਚ ਸੈਂਕੜੇ ਪੱਕੇ ਘਰ ਵੀ ਡਿੱਗ ਗਏ ਹਨ। ਇਨ੍ਹਾਂ ਦੀ ਜ਼ਿੰਦਗੀ ’ਚ ਨਿੱਤ ਪੱਤਝੜ ਆਉਂਦਾ ਹੈ। ਗੈਰ-ਸਰਕਾਰੀ ਅੰਕੜਾ ਸੂਬੇ ’ਚ ਹਜ਼ਾਰਾਂ ਘਰਾਂ ਦੇ ਮਿੱਟੀ ਹੋਣ ਦੀ ਗੱਲ ਕਰਦਾ ਹੈ, ਜਦਕਿ ਪੰਜਾਬ ਸਰਕਾਰ ਦੀ ਰਿਪੋਰਟ ਪੱਧਰੀ ਨਹੀਂ ਜਾਪਦੀ ਹੈ। ਪੰਜਾਬ ਸਰਕਾਰ ਅਨੁਸਾਰ ਸੂਬੇ ’ਚ ਹੁਣ ਤੱਕ ਹੜ੍ਹਾਂ ਤੇ ਮੀਂਹ ਨਾਲ 4784 ਘਰ ਪ੍ਰਭਾਵਿਤ ਹੋਏ ਹਨ। ਪੰਜਾਬ ’ਚ 569 ਕੱਚੇ ਘਰ ਅਤੇ 478 ਪੱਕੇ ਘਰ ਪੂਰੀ ਤਰ੍ਹਾਂ ਮਲਬਾ ਬਣ ਚੁੱਕੇ ਹਨ, ਜਦਕਿ 1035 ਕੱਚੇ ਪੱਕੇ ਘਰ ਕਾਫ਼ੀ ਨੁਕਸਾਨੇ ਗਏ ਹਨ। 2702 ਘਰਾਂ ਦਾ ਅੱਧਾ ਨੁਕਸਾਨ ਹੋਇਆ ਹੈ। ਪਿੰਡਾਂ ਦੇ ਹਾਲ ਦੇਖ ਜਾਪਦਾ ਹੈ ਕਿ ਸਰਕਾਰੀ ਮਦਦ ਇਨ੍ਹਾਂ ਘਰਾਂ ਨੂੰ ਮੁੜ ਖੜ੍ਹਾ ਨਹੀਂ ਕਰ ਸਕੇਗੀ।
ਮੰਡ ਖੇਤਰ ਵਿੱਚ ਕਈ ਘਰ ਮਲਬੇ ’ਚ ਤਬਦੀਲ
ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ 16 ਪਿੰਡਾਂ ’ਚ ਕਿੰਨੇ ਹੀ ਆਸ਼ਿਆਨੇ ਬਿਖੜ ਗਏ ਹਨ। ਪਿੰਡ ਰਾਮਪੁਰ ਗਾਉਰਾ ’ਚ ਦਸ ਘਰ ਤਾਂ ਮਲਬਾ ਹੀ ਬਣ ਗਏ ਹਨ। ਵਿਧਵਾ ਰਾਜ ਕੌਰ ਦਾ ਘਰ ਢਹਿ-ਢੇਰੀ ਹੋ ਚੁੱਕਾ ਹੈ ਅਤੇ ਉਹ ਆਪਣੇ ਦੋਵੇਂ ਛੋਟੇ ਬੱਚਿਆਂ ਨੂੰ ਕੁੱਛੜ ਚੁੱਕ ਕੇ ਪਾਣੀ ’ਚੋਂ ਬਚ ਨਿਕਲੀ ਹੈ। ਮਜ਼ਦੂਰ ਮੇਜਰ ਸਿੰਘ ਘਰ ਪਾਣੀ ’ਚ ਵਹਿਣ ਮਗਰੋਂ ਜਦੋਂ ਤੁਰਨ ਲੱਗਿਆ ਤਾਂ ਧੀਆਂ ਨੇ ਪੱਖਾ ਚੁੱਕਣਾ ਚਾਹਿਆ। ਮੇਜਰ ਸਿੰਘ ਨੇ ਇਹ ਆਖ ਤਿੰਨ ਧੀਆਂ ਨੂੰ ਕਿਸ਼ਤੀ ’ਚ ਬਿਠਾ ਲਿਆ ਕਿ ਜਦੋਂ ਛੱਤ ਹੀ ਨਹੀਂ ਰਹੀ ਤਾਂ ਹੁਣ ਪੱਖਾ ਕਿਸ ਕੰਮ। ਇਸ ਪਿੰਡ ਦੇ ਬਖਤੌਰ ਸਿੰਘ ਦਾ ਘਰ ਵੀ ਹੜ੍ਹਾਂ ’ਚ ਵਹਿ ਗਿਆ। ਉਹ ਆਖਦਾ ਹੈ ਕਿ ਪਹਿਲਾਂ 1947 ਵੇਲੇ ਉਜਾੜਾ ਝੱਲਿਆ ਅਤੇ ਹੁਣ ਨਿੱਤ ਚੜ੍ਹ ਕੇ ਆਉਂਦੇ ਦਰਿਆ ਦੇਸ਼ ਨਿਕਾਲ਼ਾ ਦੇ ਰਹੇ ਹਨ। ਅਜਨਾਲਾ ਹਲਕੇ ਦੇ ਪਿੰਡ ਪੈੜੇਵਾਲ ਦੇ ਆਜੜੀ ਜੋਗਿੰਦਰ ਸਿੰਘ ਦਾ ਘਰ ਵੀ ਢਹਿ ਗਿਆ ਅਤੇ ਵਾੜਾ ਵੀ ਵਹਿ ਗਿਆ ਹੈ। ਉਹ ਮਸਾਂ ਆਪਣੇ ਇੱਜੜ ਨੂੰ ਬਚਾ ਕੇ ਨਿਕਲਿਆ ਹੈ।