DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੌਣ ਫੜੂ ਬਾਂਹ: ਕਿਸਾਨੀ ਨੂੰ ਕਰਜ਼ੇ ’ਚ ਵਿੰਨ੍ਹ ਦੇਣਗੇ ਹੜ੍ਹ!

ਕਰਜ਼ਾ ਮੁਆਫ਼ੀ ਜਾਂ ਵਿਆਜ ਮੁਆਫ਼ੀ? ਕਿਸਾਨਾਂ ’ਤੇ ਹਰ ਘੰਟੇ ’ਚ 40 ਲੱਖ ਦਾ ਚੜ੍ਹ ਰਿਹੈ ਕਰਜ਼ਾ
  • fb
  • twitter
  • whatsapp
  • whatsapp
Advertisement
ਭਿਆਨਕ ਹੜ੍ਹਾਂ ਦੀ ਤਬਾਹੀ ਪੰਜਾਬ ਦੇ ਕਿਸਾਨਾਂ ’ਤੇ ਖੇਤੀ ਕਰਜ਼ੇ ਦਾ ਬੋਝ ਵਧਾਏਗੀ। ਜਿਨ੍ਹਾਂ ਕਿਸਾਨਾਂ ਦੀ ਫ਼ਸਲ ਰੁੜ੍ਹ ਗਈ ਅਤੇ ਜੋ ਘਰੋਂ ਬੇਘਰ ਹੋ ਗਏ, ਉਨ੍ਹਾਂ ਲਈ ਨਵੀਂ ਫ਼ਸਲ ਦੇ ਪ੍ਰਬੰਧ ਕਰਨੇ ਹੁਣ ਸੌਖੇ ਨਹੀਂ ਰਹੇ। ਕੋਈ ਸ਼ਾਹੂਕਾਰਾਂ ਤੋਂ ਆਸ ਲਾਏਗਾ ਤੇ ਕੋਈ ਸਰਕਾਰਾਂ ਤੋਂ। ਪੰਜਾਬ ਦੇ ਖੇਤੀ ਅਰਥਚਾਰੇ ਨੂੰ ‘ਕਰਜ਼ਾ ਤੇ ਖ਼ੁਦਕੁਸ਼ੀ’ ਪਹਿਲਾਂ ਹੀ ਲੀਹੋਂ ਲਾਹ ਚੁੱਕਿਆ ਹੈ। ਨਿੱਤ ਦੀਆਂ ਆਫ਼ਤਾਂ ਨੇ ਨਰਮਾ ਪੱਟੀ ਦੇ ਕਿਸਾਨਾਂ ਦੇ ਘਰਾਂ ’ਚ ਸੱਥਰ ਤੱਕ ਵਿਛਾ ਦਿੱਤੇ ਹਨ। ਮੌਜੂਦਾ ਸਮੇਂ ’ਚ ਹੜ੍ਹਾਂ ਦੀ ਮਾਰ ਤੋਂ ਉੱਭਰਨ ਲਈ ਕਿਸਾਨ ਕਰਜ਼ਾ ਮੁਆਫ਼ੀ ਦੇ ਰਾਹ ਦੇਖ ਰਹੇ ਹਨ। ਪੰਜਾਬ ਦੇ ਫ਼ੈਸਲਿਆਂ ਨਾਲ ਕਿਸਾਨਾਂ ਨੂੰ ਥੋੜ੍ਹੀ ਢਾਰਸ ਤਾਂ ਮਿਲੇਗੀ ਪ੍ਰੰਤੂ ਇਹ ਮਰਜ਼ ਦਾ ਪੱਕਾ ਇਲਾਜ ਨਹੀਂ ਹੈ। ਪੰਜਾਬ ਸਟੇਟ ਬੈਂਕਰਜ਼ ਕਮੇਟੀ ਦੀ ਤਾਜ਼ਾ ਰਿਪੋਰਟ ਹੈ ਕਿ 30 ਜੂਨ, 2025 ਤੱਕ ਸੂਬੇ ਦੇ ਕਿਸਾਨਾਂ ਸਿਰ 96,867 ਕਰੋੜ ਦਾ ਕਰਜ਼ਾ ਖੜ੍ਹਾ ਹੈ ਜਿਨ੍ਹਾਂ ਦੇ ਵੱਖ ਵੱਖ ਬੈਂਕਾਂ ’ਚ 35.76 ਲੱਖ ਬੈਂਕ ਖਾਤੇ ਹਨ। ਸ਼ਾਹੂਕਾਰਾਂ ਦਾ ਕਰਜ਼ਾ ਇਸ ਤੋਂ ਵੱਖਰਾ ਹੈ। ਜਦੋਂ ਕੇਂਦਰ ’ਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਾਲ 2014 ’ਚ ਸਰਕਾਰ ਬਣੀ ਸੀ ਤਾਂ ਉਸ ਵਕਤ ਪੰਜਾਬ ਦੇ ਕਿਸਾਨਾਂ ਸਿਰ ਇਕੱਲੇ ਬੈਂਕਾਂ ਦਾ 57,892 ਕਰੋੜ ਦਾ ਕਰਜ਼ਾ ਸੀ। ਲੰਘੇ 11 ਸਾਲਾਂ ’ਚ ਇਹ ਕਰਜ਼ਾ ਵਧ ਕੇ ਹੁਣ 96,867 ਕਰੋੜ ਹੋ ਗਿਆ ਹੈ। ਇਕ ਅੰਦਾਜ਼ੇ ਮੁਤਾਬਕ ਔਸਤਨ ਇੱਕ ਘੰਟੇ ’ਚ ਕਿਸਾਨਾਂ ਸਿਰ 40.41 ਲੱਖ ਰੁਪਏ ਦਾ ਕਰਜ਼ਾ ਚੜ੍ਹ ਰਿਹਾ ਹੈ। ਕੇਂਦਰੀ ਖੇਤੀ ਮੰਤਰਾਲੇ ਅਨੁਸਾਰ ਪੰਜਾਬ ਦੇ ਕਿਸਾਨਾਂ ਵੱਲ 31 ਮਾਰਚ, 2025 ਨੂੰ 1.04 ਲੱਖ ਕਰੋੜ ਦਾ ਕਰਜ਼ਾ ਬਕਾਇਆ ਸੀ। ਪੰਜਾਬ ਸਰਕਾਰ ਨੇ ਸੂਬੇ ’ਚ ਹੜ੍ਹਾਂ ਨਾਲ 4.59 ਲੱਖ ਏਕੜ ਰਕਬਾ ਪ੍ਰਭਾਵਿਤ ਦੱਸਿਆ ਹੈ ਜਿਸ ਕਰਕੇ 3125 ਕਰੋੜ ਰੁਪਏ ਦਾ ਫ਼ਸਲੀ ਨੁਕਸਾਨ ਦੱਸਿਆ ਹੈ। ਕਰੀਬ 30 ਹਜ਼ਾਰ ਏਕੜ ਨਰਮੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਸੂਬੇ ’ਚ 3.70 ਲੱਖ ਏਕੜ ਝੋਨਾ, 29 ਹਜ਼ਾਰ ਏਕੜ ਗੰਨਾ ਅਤੇ 7430 ਏਕੜ ਮੱਕੀ ਦੀ ਫ਼ਸਲ ਤਬਾਹ ਹੋਈ ਹੈ। ਕਿਸਾਨਾਂ ਸਿਰ 2400 ਕਰੋੜ ਰੁਪਏ ਇਕੱਲੇ ਖੇਤੀ ਵਿਕਾਸ ਬੈਂਕਾਂ ਦੇ ਹਨ ਅਤੇ ਇਸ ਬੈਂਕ ਦੇ 45 ਹਜ਼ਾਰ ਕਿਸਾਨ ਪਹਿਲਾਂ ਹੀ ਡਿਫਾਲਟਰ ਹਨ। ਖੇਤੀ ਵਿਕਾਸ ਬੈਂਕਾਂ ਨੇ ਪਹਿਲੀ ਅਕਤੂਬਰ ਤੋਂ ਮੌਜੂਦਾ ਕਿਸ਼ਤ ਦੇ 250 ਕਰੋੜ ਰੁਪਏ ਦੀ ਵਸੂਲੀ ਸ਼ੁਰੂ ਕਰਨੀ ਸੀ ਜਿਸ ਨੂੰ ਹੁਣ ਪੰਜਾਬ ਸਰਕਾਰ ਨੇ ਛੇ ਮਹੀਨੇ ਲਈ ਮੁਲਤਵੀ ਕਰ ਦਿੱਤਾ ਹੈ। ਕੇਂਦਰੀ ਸਹਿਕਾਰੀ ਬੈਂਕ ਵੱਲੋਂ ਵੀ ਪਹਿਲੀ ਅਕਤੂਬਰ ਤੋਂ 7800 ਕਰੋੜ ਦੇ ਫ਼ਸਲੀ ਕਰਜ਼ੇ ਦੀ ਵਸੂਲੀ ਲਈ ਮੁਹਿੰਮ ਸ਼ੁਰੂ ਕੀਤੀ ਜਾਣੀ ਸੀ। ਸਹਿਕਾਰੀ ਬੈਂਕ ਦਾ ਇਸ ਤੋਂ ਵੱਖਰਾ 940 ਕਰੋੜ ਦਾ ਕਰਜ਼ਾ ਆਰਸੀਸੀ ਲਿਮਟ ਦਾ ਹੈ। ਕੇਂਦਰੀ ਸਹਿਕਾਰੀ ਬੈਂਕ ਨੇ 10.64 ਲੱਖ ਕਿਸਾਨਾਂ ਨੂੰ ਕਰਜ਼ਾ ਦਿੱਤਾ ਹੋਇਆ ਹੈ ਜਿਸ ’ਚੋਂ ਰੈਗੂਲਰ ਕਿਸ਼ਤ ਤਾਰਨ ਵਾਲੇ 7.80 ਲੱਖ ਕਿਸਾਨ ਹੀ ਹਨ। ਪੰਜਾਬ ਸਰਕਾਰ ਵੱਲੋਂ ਹੁਣ ਕਰਜ਼ੇ ਦੀ ਇੱਕ ਕਿਸ਼ਤ ਛੇ ਮਹੀਨੇ ਮੁਲਤਵੀ ਕੀਤੇ ਜਾਣ ਨਾਲ ਸਹਿਕਾਰੀ ਬੈਂਕਾਂ ਨੂੰ 175 ਕਰੋੜ ਦੀ ਮਿਲਣ ਵਾਲੀ ਵਿਆਜ ਰਾਸ਼ੀ ਛੇ ਮਹੀਨੇ ਲਈ ਪੱਛੜ ਜਾਵੇਗੀ। ਸਹਿਕਾਰੀ ਬੈਂਕਾਂ ਨੂੰ ਖੇਤੀ ਕਰਜ਼ੇ ਤੋਂ ਸਾਲਾਨਾ 350 ਕਰੋੜ ਰੁਪਏ ਵਿਆਜ ਮਿਲਦਾ ਹੈ। ‘ਆਪ’ ਸਰਕਾਰ ਨੇ ਮਾਰਚ-ਅਪਰੈਲ 2022 ’ਚ ਵੀ ਗੜੇਮਾਰੀ ਅਤੇ ਝੱਖੜ ਨਾਲ ਹੋਏ ਨੁਕਸਾਨ ਕਰਕੇ ਕਿਸਾਨਾਂ ਦੇ ਕਰਜ਼ੇ ਦੀ ਇੱਕ ਕਿਸ਼ਤ ਮੁਲਤਵੀ ਕਰ ਦਿੱਤੀ ਸੀ।

ਬੀਕੇਯੂ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਤੀ ਏਕੜ ਪਿੱਛੇ ਇੱਕ ਲੱਖ ਦਾ ਮੁਆਵਜ਼ਾ ਦੇਣ ਤੇ ਮਜ਼ਦੂਰਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸ਼ਤ ਮੁਲਤਵੀ ਨਹੀਂ ਸਗੋਂ ਘੱਟੋ ਘੱਟ ਵਿਆਜ ਮੁਆਫ਼ੀ ਹੋਣੀ ਚਾਹੀਦੀ ਹੈ।

Advertisement

ਮੁਕੰਮਲ ਮੁਆਵਜ਼ਾ ਐਲਾਨੇ ਸਰਕਾਰ

ਬੀਕੇਯੂ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਸਰਕਾਰ ਹੜ੍ਹਾਂ ਦੀ ਤਬਾਹੀ ਨੂੰ ਕੌਮੀ ਆਫ਼ਤ ਐਲਾਨੇ ਅਤੇ ਕਿਸਾਨਾਂ-ਮਜ਼ਦੂਰਾਂ ਦੇ ਸਮੁੱਚੇ ਨੁਕਸਾਨ ਦੀ ਪੂਰਤੀ ਲਈ ਸੌ ਫ਼ੀਸਦੀ ਮੁਆਵਜ਼ਾ ਐਲਾਨੇ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਸਭ ਤੋਂ ਵੱਡੀ ਸੱਟ ਤਾਂ ਮਜ਼ਦੂਰਾਂ ਨੂੰ ਵੱਜੀ ਹੈ ਜਿਨ੍ਹਾਂ ਕੋਲ ਕੋਈ ਢਾਰਸ ਨਹੀਂ ਬਚੀ।

ਖੇਤੀ ਕਰਜ਼ੇ ’ਤੇ ਇੱਕ ਝਾਤ

ਫ਼ਸਲੀ ਕਰਜ਼ਾ               61,254 ਕਰੋੜ

ਲੰਮੇ ਸਮੇਂ ਦਾ ਕਰਜ਼        20,868 ਕਰੋੜ

ਖੇਤੀ ਕਰਜ਼ (ਬੁਨਿਆਦੀ ਢਾਂਚਾ) 1805 ਕਰੋੜ

ਸਹਾਇਕ ਖੇਤੀ ਕਰਜ਼ੇ         12939 ਕਰੋੜ

Advertisement
×