DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਿੱਟਾ ਸੋਨਾ: ਪੰਜਾਬ ’ਚ ਰੁਲਣ ਲੱਗੀ ਨਰਮੇ ਦੀ ਫ਼ਸਲ

ਕਿਸਾਨ ਸਰਕਾਰੀ ਭਾਅ ਤੋਂ ਹੇਠਾਂ ਫ਼ਸਲ ਵੇਚਣ ਲਈ ਮਜਬੂਰ

  • fb
  • twitter
  • whatsapp
  • whatsapp
featured-img featured-img
ਅਬੋਹਰ ਦੀ ਕਪਾਹ ਮੰਡੀ ’ਚ ਸਸਤੇ ਭਾਅ ਫ਼ਸਲ ਵਿਕਣ ਮਗਰੋਂ ਨਿਰਾਸ਼ ਖੜ੍ਹਾ ਕਿਸਾਨ ਖੇਤਾ ਰਾਮ।
Advertisement

ਪੰਜਾਬ ਦੀ ਨਰਮਾ ਪੱਟੀ ’ਚ ਮੁੱਢਲੇ ਪੜਾਅ ’ਤੇ ਹੀ ਨਰਮੇ ਦੀ ਫ਼ਸਲ ਸਰਕਾਰੀ ਭਾਅ ਤੋਂ ਹੇਠਾਂ ਵਿਕਣ ਲੱਗੀ ਹੈ। ਹੜ੍ਹਾਂ ਦਾ ਝੰਬਿਆ ਕਿਸਾਨ ਦੋਹਰੀ ਮਾਰ ਝੱਲ ਰਿਹਾ ਹੈ। ਐਤਕੀਂ ਨਰਮੇ ਹੇਠ ਪੰਜਾਬ ’ਚ ਥੋੜ੍ਹਾ ਰਕਬਾ ਵਧਿਆ ਸੀ। ਭਿਆਨਕ ਹੜ੍ਹਾਂ ’ਤੇ ਮੀਂਹ ਨੇ ਕਰੀਬ 12 ਹਜ਼ਾਰ ਹੈਕਟੇਅਰ ਫ਼ਸਲ ਡੋਬ ਦਿੱਤੀ। ਹੁਣ ਮੰਡੀਆਂ ’ਚ ਫ਼ਸਲ ਆਉਣ ਲੱਗੀ ਹੈ ਅਤੇ ਪ੍ਰਾਈਵੇਟ ਵਪਾਰੀ ਕਿਸਾਨਾਂ ਤੋਂ ਮਿੱਟੀ ਦੇ ਭਾਅ ਫ਼ਸਲ ਖ਼ਰੀਦ ਰਹੇ ਹਨ। ਭਾਰਤੀ ਕਪਾਹ ਨਿਗਮ ਕਿਸੇ ਵੀ ਮੰਡੀ ’ਚ ਹਾਲੇ ਤੱਕ ਨਹੀਂ ਪੁੱਜਿਆ। ਪੰਜਾਬ ’ਚ ਐਤਕੀਂ 1.19 ਲੱਖ ਹੈਕਟੇਅਰ ਰਕਬਾ ਨਰਮੇ ਹੇਠ ਹੈ। ਵੇਰਵਿਆਂ ਅਨੁਸਾਰ ਭਾਰਤੀ ਕਪਾਹ ਨਿਗਮ ਦੀਆਂ ਅੱਠ ਜ਼ਿਲ੍ਹਿਆਂ ’ਚ ਡੇਢ ਦਰਜਨ ਕਪਾਹ ਮੰਡੀਆਂ ਹਨ ਜਿਨ੍ਹਾਂ ’ਚੋਂ ਜ਼ਿਲ੍ਹਾ ਬਠਿੰਡਾ, ਫ਼ਾਜ਼ਿਲਕਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ’ਚ ਹੁਣ ਤੱਕ 11,218 ਕੁਇੰਟਲ ਨਰਮਾ ਆਇਆ ਹੈ। ਇਸ ਨਰਮੇ ’ਚੋਂ 6078 ਕੁਇੰਟਲ ਨਰਮੇ ਦੀ ਪ੍ਰਾਈਵੇਟ ਖ਼ਰੀਦ ਹੋਈ ਹੈ ਜਿਸ ’ਚੋਂ 4867 ਕੁਇੰਟਲ ਨਰਮਾ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ ਵਿਕਿਆ ਹੈ। ਐਤਕੀਂ ਨਰਮੇ ਦਾ ਸਰਕਾਰੀ ਭਾਅ 7710 ਰੁਪਏ ਪ੍ਰਤੀ ਕੁਇੰਟਲ ਹੈ। ਸਭ ਤੋਂ ਵੱਧ ਜ਼ਿਲ੍ਹਾ ਬਠਿੰਡਾ ’ਚ ਕੁਝ ਢੇਰੀਆਂ 7500 ਰੁਪਏ ਕੁਇੰਟਲ ਵਿਕੀਆਂ ਹਨ ਜਦਕਿ ਇਸ ਜ਼ਿਲ੍ਹੇ ’ਚ 4595 ਰੁਪਏ ਪ੍ਰਤੀ ਕੁਇੰਟਲ ਤੱਕ ਵੀ ਫ਼ਸਲ ਵਿਕੀ ਹੈ। ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਦੇ ਕਿਸਾਨ ਖੇਤਾ ਰਾਮ ਨੇ ਅਬੋਹਰ ਮੰਡੀ ’ਚ ਪੰਜ ਕੁਇੰਟਲ ਨਰਮਾ ਵੇਚਿਆ ਹੈ ਜੋ ਕਿ 5151 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਹੈ। ਉਨ੍ਹਾਂ ਕਿਹਾ ਕਿ ਉਸ ਨੇ ਤਾਂ 10 ਏਕੜ ਠੇਕੇ ’ਤੇ ਜ਼ਮੀਨ ਲੈ ਕੇ ਫ਼ਸਲ ਦੀ ਬਿਜਾਂਦ ਕੀਤੀ ਸੀ ਪਰ ਉਸ ਦੀ ਫ਼ਸਲ ਦਾ ਕੋਈ ਮੁੱਲ ਨਹੀਂ ਪਿਆ। ਪਿੰਡ ਬੱਲੂਆਣਾ ਦਾ ਕਿਸਾਨ ਪੱਪੂ ਸਿੰਘ ਵੀ ਦੋ ਕੁਇੰਟਲ ਨਰਮਾ ਅਬੋਹਰ ਮੰਡੀ ’ਚ 5500 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਵੇਚਣ ਲਈ ਮਜਬੂਰ ਹੋਇਆ ਹੈ। ਇਸ ਕਿਸਾਨ ਦਾ ਕਹਿਣਾ ਸੀ ਕਿ ਮੀਹਾਂ ਕਾਰਨ ਫ਼ਸਲ ਦਾ ਪਹਿਲਾਂ ਹੀ ਨੁਕਸਾਨ ਹੋ ਚੁੱਕਾ ਹੈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ ਸੁਖਵਿੰਦਰ ਸਿੰਘ ਸੁੱਖ ਦਾ ਕਹਿਣਾ ਸੀ ਕਿ ਕੇਂਦਰ ਤੇ ਸੂਬਾ ਸਰਕਾਰ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਨਾਲ ਫੋਕਾ ਹੇਜ ਤਾਂ ਜ਼ਾਹਿਰ ਕਰ ਰਹੀਆਂ ਹਨ ਪਰ ਹਾਲੇ ਤੱਕ ਭਾਰਤੀ ਕਪਾਹ ਨਿਗਮ ਮੰਡੀਆਂ ’ਚ ਖ਼ਰੀਦ ਲਈ ਪੁੱਜਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਕਪਾਹ ਨਿਗਮ ਫ਼ੌਰੀ ਖ਼ਰੀਦ ਸ਼ੁਰੂ ਕਰੇ ਤਾਂ ਜੋ ਕਿਸਾਨ ਲੁੱਟ ਤੋਂ ਬਚ ਸਕਣ। ਜ਼ਿਲ੍ਹਾ ਮਾਨਸਾ ’ਚ ਹੁਣ ਤੱਕ 1699 ਕੁਇੰਟਲ ਨਰਮੇ ਦੀ ਖ਼ਰੀਦ ਹੋਈ ਹੈ ਅਤੇ ਇਹ ਸਾਰੀ ਫ਼ਸਲ ਸਰਕਾਰੀ ਭਾਅ ਤੋਂ ਹੇਠਾਂ ਵਿਕੀ ਹੈ। ਮਾਨਸਾ ਦੇ ਪਿੰਡ ਚਹਿਲਾਂ ਵਾਲੀ ਦੇ ਕਿਸਾਨ ਬਲਕਾਰ ਸਿੰਘ ਦਾ ਕਹਿਣਾ ਸੀ ਕਿ ਵਪਾਰੀ ਬੋਲੀ ਹੀ ਨਰਮੇ ਦੀ 5300 ਰੁਪਏ ਤੋਂ ਸ਼ੁਰੂ ਕਰਦੇ ਹਨ ਅਤੇ 6800 ਰੁਪਏ ਤੋਂ ਵੱਧ ਖ਼ਰੀਦ ਨਹੀਂ ਕਰਦੇ। ਉਸ ਦਾ ਕਹਿਣਾ ਸੀ ਕਿ ਮਾਨਸਾ ’ਚ ਕਿਸਾਨਾਂ ਨੇ ਰੋਸ ਵੀ ਜ਼ਾਹਿਰ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦਾ ਕਹਿਣਾ ਸੀ ਕਿ ਉਹ ਕਿਸਾਨਾਂ ਦੀ ਲੁੱਟ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਜੇ ਭਾਰਤੀ ਕਪਾਹ ਨਿਗਮ ਨੇ ਖ਼ਰੀਦ ਨਾ ਸ਼ੁਰੂ ਕੀਤੀ ਤਾਂ ਉਹ ਸੰਘਰਸ਼ ਵਿੱਢਣਗੇ।

ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ’ਚ ਹੁਣ ਤੱਕ 1538 ਕੁਇੰਟਲ, ਫ਼ਾਜ਼ਿਲਕਾ ’ਚ 1473 ਕੁਇੰਟਲ ਅਤੇ ਮੁਕਤਸਰ ਜ਼ਿਲ੍ਹੇ ’ਚ 152 ਕੁਇੰਟਲ ਫ਼ਸਲ ਸਰਕਾਰੀ ਭਾਅ ਤੋਂ ਹੇਠਾਂ ਵਿਕੀ ਹੈ। ਸਾਊਥ ਏਸ਼ੀਆ ਬਾਇਓਟੈਕਨਾਲੋਜੀ ਸੈਂਟਰ (ਨੌਰਥ) ਦੇ ਡਾ. ਭਾਗੀਰਥ ਚੌਧਰੀ ਦਾ ਕਹਿਣਾ ਸੀ ਕਿ ਅਸਲ ’ਚ ਨਰਮੇ ’ਚ ਨਮੀ ਦੀ ਮਾਤਰਾ 8 ਫ਼ੀਸਦੀ ਤੋਂ ਜ਼ਿਆਦਾ ਆ ਰਹੀ ਹੈ ਅਤੇ ਨਰਮੇ ‘ਫੇਅਰ ਐਵਰੇਜ ਕੁਆਲਿਟੀ ਪੈਰਾਮੀਟਰ’ ’ਤੇ ਖਰਾ ਨਹੀਂ ਉਤਰ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵੀ ਕੇਂਦਰ ਨੂੰ ਪੱਤਰ ਲਿਖ ਕੇ ਭਾਰਤੀ ਕਪਾਹ ਨਿਗਮ ਦੇ ਦਖਲ ਦੀ ਮੰਗ ਕੀਤੀ ਹੈ। ਭਾਰਤੀ ਕਪਾਹ ਨਿਗਮ ਨੇ ਪਿਛਲੇ ਦਸ ’ਚੋਂ ਛੇ ਸਾਲਾਂ ’ਚ ਪੰਜਾਬ ’ਚੋਂ ਇੱਕ ਢੇਰੀ ਵੀ ਨਰਮੇ ਦੀ ਖ਼ਰੀਦ ਨਹੀਂ ਕੀਤੀ ਹੈ। ਪਿਛਲੇ ਵਰ੍ਹੇ ਕਪਾਹ ਨਿਗਮ ਨੇ ਸਿਰਫ਼ ਅੱਠ ਹਜ਼ਾਰ ਕੁਇੰਟਲ ਅਤੇ ਉਸ ਤੋਂ ਪਹਿਲਾਂ 2023-24 ਵਿੱਚ ਸਿਰਫ਼ 1.91 ਲੱਖ ਕੁਇੰਟਲ ਨਰਮੇ ਦੀ ਖ਼ਰੀਦ ਕੀਤੀ ਸੀ। ਇਹੋ ਕਾਰਨ ਹੈ ਕਿ ਪੰਜਾਬ ’ਚ ਹਰ ਸਾਲ ਨਰਮੇ ਹੇਠ ਰਕਬਾ ਘਟ ਰਿਹਾ ਹੈ। ਸਾਲ 2022-23 ’ਚ ਨਰਮੇ ਹੇਠ 2.49 ਲੱਖ ਹੈਕਟੇਅਰ ਰਕਬਾ ਸੀ ਜੋ ਕਿ ਪਿਛਲੇ ਸਾਲ ਘਟ ਕੇ ਇੱਕ ਲੱਖ ਹੈਕਟੇਅਰ ਰਹਿ ਗਿਆ ਸੀ। ਇਸ ਵਾਰ 1.19 ਲੱਖ ਹੈਕਟੇਅਰ ਹੋ ਗਿਆ ਸੀ।

Advertisement

ਕੇਂਦਰ ਦਾ ਪੰਜਾਬ ਦੀ ਕਿਸਾਨੀ ਨਾਲ ਵਿਤਕਰਾ: ਖੁੱਡੀਆਂ

ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੇ ਪੰਜਾਬ ਪ੍ਰਤੀ ਵਿਤਕਰੇ ਦੀ ਇਹ ਸਪੱਸ਼ਟ ਤਸਵੀਰ ਹੈ ਕਿ ਭਾਰਤੀ ਕਪਾਹ ਨਿਗਮ ਪੰਜਾਬ ’ਚ ਖ਼ਰੀਦ ਤੋਂ ਹਰ ਸਾਲ ਪਾਸਾ ਵੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਪਹਿਲਾਂ ਹੀ ਫ਼ਸਲਾਂ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ ਅਤੇ ਕੇਂਦਰ ਸਰਕਾਰ ਕਿਸਾਨਾਂ ਦੀ ਪ੍ਰੀਖਿਆ ਲੈਣ ਦੀ ਥਾਂ ਹੁਣ ਭਾਰਤੀ ਕਪਾਹ ਨਿਗਮ ਨੂੰ ਮੰਡੀਆਂ ਵਿੱਚ ਭੇਜੇ।

Advertisement
×