ਸਾਬਕਾ ਉਪ-ਰਾਸ਼ਟਰਪਤੀ ਧਨਖੜ ਕਿੱਥੇ ‘ਲੁਕੇ’ ਹੋਏ ਹਨ: ਰਾਹੁਲ ਗਾਂਧੀ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਜਗਦੀਪ ਧਨਖੜ ਦੇ ਜਨਤਕ ਤੌਰ ’ਤੇ ਨਜ਼ਰ ਨਾ ਆਉਣ ਦਾ ਜ਼ਿਕਰ ਕਰਦੇ ਹੋਏ ਸਵਾਲ ਕੀਤਾ ਕਿ ਉਹ ਕਿੱਥੇ ‘ਲੁਕੇ’ ਹੋਏ ਹਨ ਅਤੇ ‘ਪੂਰੀ ਤਰ੍ਹਾਂ ਚੁੱਪ’ ਕਿਉਂ ਹੋ ਗਏ ਹਨ। ਉਪ-ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਬੀ. ਸੁਦਰਸ਼ਨ ਰੈੱਡੀ ਦੇ ਸਨਮਾਨ ਵਿੱਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਧਨਖੜ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਪਿੱਛੇ ਇੱਕ “ਕਹਾਣੀ” ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਦੇਸ਼ ਦੇ ਸਾਬਕਾ ਉਪ-ਰਾਸ਼ਟਰਪਤੀ ਅਜਿਹੀ ਸਥਿਤੀ ਵਿੱਚ ਕਿਉਂ ਹਨ, ਜਿੱਥੇ “ਉਹ ਇੱਕ ਸ਼ਬਦ ਵੀ ਨਹੀਂ ਬੋਲ ਸਕਦੇ” ਅਤੇ “ਉਨ੍ਹਾਂ ਨੂੰ ਲੁਕਣਾ ਪੈ ਰਿਹਾ ਹੈ।” ਰਾਹੁਲ ਨੇ ਕਿਹਾ, “ਸਾਬਕਾ ਉਪ-ਰਾਸ਼ਟਰਪਤੀ ਕਿੱਥੇ ਚਲੇ ਗਏ ਹਨ? ਉਹ ਕਿਉਂ ਲੁਕੇ ਹੋਏ ਹਨ?” ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਜਿਸ ਦਿਨ ਉਪ-ਰਾਸ਼ਟਰਪਤੀ ਨੇ ਅਸਤੀਫਾ ਦਿੱਤਾ ਸੀ, ਕੇ.ਸੀ. ਵੇਣੂਗੋਪਾਲ ਉਨ੍ਹਾਂ ਕੋਲ ਆਏ ਅਤੇ ਕਿਹਾ ਕਿ ਉਪ-ਰਾਸ਼ਟਰਪਤੀ ਨੇ “ਅਹੁਦਾ ਛੱਡ ਦਿੱਤਾ ਹੈ।” ਰਾਹੁਲ ਨੇ ਕਿਹਾ, “ਉਨ੍ਹਾਂ ਨੇ ਅਸਤੀਫਾ ਕਿਉਂ ਦਿੱਤਾ, ਇਸ ਪਿੱਛੇ ਇੱਕ ਵੱਡੀ ਕਹਾਣੀ ਹੈ। ਤੁਹਾਡੇ ਵਿੱਚੋਂ ਕੁਝ ਲੋਕ ਇਹ ਜਾਣਦੇ ਹੋਣਗੇ, ਕੁਝ ਨਹੀਂ ਜਾਣਦੇ ਹੋਣਗੇ।’’ ਉਨ੍ਹਾਂ ਕਿਹਾ, “...ਅਤੇ ਫਿਰ ਇੱਕ ਕਹਾਣੀ ਇਹ ਵੀ ਹੈ ਕਿ ਉਹ ਕਿਉਂ ਲੁਕੇ ਹੋਏ ਹਨ। ਸਾਬਕਾ ਉਪ-ਰਾਸ਼ਟਰਪਤੀ ਅਜਿਹੀ ਸਥਿਤੀ ਵਿੱਚ ਕਿਉਂ ਹਨ, ਜਿੱਥੇ ਉਹ ਇੱਕ ਸ਼ਬਦ ਵੀ ਨਹੀਂ ਬੋਲ ਸਕਦੇ ਅਤੇ ਉਨ੍ਹਾਂ ਨੂੰ ਲੁਕਣਾ ਪੈ ਰਿਹਾ ਹੈ... ਇਹ ਗੱਲ ਸਾਰੇ ਜਾਣਦੇ ਹਨ।”