ਜਦੋਂ ਬਾਂਦਰ ਨੇ ਸ਼ਸ਼ੀ ਥਰੂਰ ਨੂੰ ਪਾਈ ਜੱਫੀ
ਨਵੀਂ ਦਿੱਲੀ, 4 ਦਸੰਬਰ
ਕਾਂਗਰਸ ਆਗੂ ਸ਼ਸ਼ੀ ਥਰੂਰ ਨਾਲ ਅੱਜ ਉਸ ਵੇਲੇ ਅਜੀਬ ਤਜਰਬਾ ਹੋਇਆ ਜਦੋਂ ਘਰ ਵਿੱਚ ਬੈਠਿਆਂ ਇੱਕ ਬਾਂਦਰ ਨੇ ਉਨ੍ਹਾਂ ਨੂੰ ਆ ਕੇ ਜੱਫੀ ਪਾ ਲਈ। ਇਸ ਮਗਰੋਂ ਜਦੋਂ ਉਸ ਨੂੰ ਕੇਲੇ ਦਿੱਤੇ ਗਏ ਤਾਂ ਉਹ ਇਨ੍ਹਾਂ ਨੂੰ ਖਾ ਕੇ ਕਾਂਗਰਸ ਸੰਸਦ ਮੈਂਬਰ ਦੀ ਛਾਤੀ ’ਤੇ ਸਿਰ ਰੱਖ ਕੇ ਸੌਂ ਗਿਆ। ਥਰੂਰ ਨੇ ਇਸ ਸਬੰਧੀ ਕੁੱਝ ਤਸਵੀਰਾਂ ਐਕਸ ’ਤੇ ਸਾਂਝੀਆਂ ਕਰਦਿਆਂ ਕਿਹਾ, ‘ਅੱਜ ਇੱਕ ਵਿਲੱਖਣ ਤਜਰਬਾ ਹੋਇਆ। ਅੱਜ ਸਵੇਰੇ ਜਦੋਂ ਮੈਂ ਆਪਣੇ ਬਗੀਚੇ ਵਿੱਚ ਬੈਠ ਕੇ ਅਖਬਾਰਾਂ ਪੜ੍ਹ ਰਿਹਾ ਸੀ ਤਾਂ ਇੱਕ ਬਾਂਦਰ ਮੇਰੇ ਵੱਲ ਆਇਆ ਅਤੇ ਸਿੱਧਾ ਮੇਰੀ ਗੋਦੀ ਵਿੱਚ ਆ ਕੇ ਬੈਠ ਗਿਆ। ਅਸੀਂ ਜਦੋਂ ਉਸ ਨੂੰ ਦੋ ਕੇਲੇ ਦਿੱਤੇ ਤਾਂ ਉਹ ਇਨ੍ਹਾਂ ਨੂੰ ਖਾ ਕੇ ਮੇਰੀ ਛਾਤੀ ’ਤੇ ਸਿਰ ਰੱਖ ਕੇ ਸੌਂ ਗਿਆ।’ ਉਨ੍ਹਾਂ ਕਿਹਾ, ‘ਮੈਂ ਹੌਲੀ ਜਿਹੇ ਉੱਠਣ ਲੱਗਾ ਤਾਂ ਉਹ ਛਾਲ ਮਾਰ ਕੇ ਦੌੜ ਗਿਆ।’ ਥਰੂਰ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਜੰਗਲੀ ਜੀਵਾਂ ਲਈ ਬਹੁਤ ਸਤਿਕਾਰ ਹੈ। ਥਰੂਰ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਬਾਂਦਰ ਉਨ੍ਹਾਂ ਦੀ ਗੋਦੀ ਵਿੱਚ ਬੈਠਾ, ਕੇਲੇ ਖਾਂਦਾ ਅਤੇ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ’ਤੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ। -ਪੀਟੀਆਈ