ਪੱਛਮੀ ਬੰਗਾਲ: ਮੈਡੀਕਲ ਕਾਲਜ ਦੀ ਵਿਦਿਆਰਥਣ ਨਾਲ ‘ਸਮੂਹਿਕ ਜਬਰ-ਜਨਾਹ’ ਮਾਮਲੇ ’ਚ ਤਿੰਨ ਗ੍ਰਿਫ਼ਤਾਰ
ਪੁਲੀਸ ਨੇ ਅਜੇ ਤੱਕ ਮੁਲਜ਼ਮਾਂ ਦੀ ਪਛਾਣ ਨਹੀਂ ਦੱਸੀ
ਪੱਛਮੀ ਬੰਗਾਲ ਦੇ ਪੱਛਮੀ ਬਰਧਮਾਨ ਜ਼ਿਲ੍ਹੇ ਵਿੱਚ ਨਿੱਜੀ ਮੈਡੀਕਲ ਕਾਲਜ ਦੀ ਵਿਦਿਆਰਥਣ ਨਾਲ ‘ਸਮੂਹਕ ਜਬਰ-ਜਨਾਹ’ ਕੇਸ ਵਿਚ ਪੁਲੀਸ ਨੇ ਐਤਵਾਰ ਨੂੰ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਹਾਲਾਂਕਿ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਦੀ ਪਛਾਣ ਅਜੇ ਤੱਕ ਨਹੀਂ ਦੱਸੀ ਹੈ।
ਪੁਲੀਸ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਇਸ ਮਾਮਲੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਅਤੇ ਅਸੀਂ ਬਾਅਦ ਵਿੱਚ ਹੋਰ ਵੇਰਵੇ ਦੇਵਾਂਗੇ।’’ ਪੁਲੀਸ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉੜੀਸਾ ਦੇ ਜਲੇਸ਼ਵਰ ਦੀ ਰਹਿਣ ਵਾਲੀ ਮੈਡੀਕਲ ਕਾਲਜ ਦੀ ਵਿਦਿਆਰਥਣ ਨਾਲ ਦੁਰਗਾਪੁਰ ਵਿੱਚ ਕੁਝ ਵਿਅਕਤੀਆਂ ਨੇ ਕਥਿਤ ਸਮੂਹਿਕ ਜਬਰ-ਜਨਾਹ ਕੀਤਾ।
ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਦੁਰਗਾਪੁਰ ਦੇ ਪ੍ਰਾਈਵੇਟ ਮੈਡੀਕਲ ਕਾਲਜ ਦੇ ਕੈਂਪਸ ਦੇ ਬਾਹਰ ਉਦੋਂ ਵਾਪਰੀ ਜਦੋਂ ਦੂਜੇ ਸਾਲ ਦੀ ਵਿਦਿਆਰਥਣ ਆਪਣੇ ਇੱਕ ਦੋਸਤ ਨਾਲ ਰਾਤ ਦੇ ਖਾਣੇ ਲਈ ਬਾਹਰ ਗਈ ਸੀ। ਵਿਦਿਆਰਥਣ ਦਾ ਹਸਪਤਾਲ ਵਿੱਚ ਹੀ ਇਲਾਜ ਚੱਲ ਰਿਹਾ ਹੈ ਅਤੇ ਉਸ ਨੇ ਪੁਲੀਸ ਨੂੰ ਆਪਣਾ ਬਿਆਨ ਦਿੱਤਾ ਹੈ। ਇਸ ਘਟਨਾ ਮਗਰੋਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਵਿਚਕਾਰ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ।
ਇਸ ਘਟਨਾ ਤੋਂ ਬਾਅਦ ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਚਿੰਤਾ ਪ੍ਰਗਟ ਕੀਤੀ ਅਤੇ ਪੱਛਮੀ ਬੰਗਾਲ ਦੀ ਆਪਣੀ ਹਮਰੁਤਬਾ ਮਮਤਾ ਬੈਨਰਜੀ ਨੂੰ ਮੁਲਜ਼ਮਾਂ ਵਿਰੁੱਧ ਜਲਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਇਸ ਦੌਰਾਨ ਅਧਿਕਾਰੀ ਨੇ ਕਿਹਾ ਕਿ ਪੀੜਤਾ ਦੀ ਸਿਹਤ ਵਿੱਚ ‘ਸੁਧਾਰ’ ਹੋ ਰਿਹਾ ਹੈ ਕਿਉਂਕਿ ਉਹ ਉਸ ਨਿੱਜੀ ਕਾਲਜ ਅਤੇ ਹਸਪਤਾਲ ਵਿੱਚ ਇਲਾਜ ਕਰਵਾ ਰਹੀ ਹੈ ਜਿੱਥੇ ਉਹ ਪੜ੍ਹ ਰਹੀ ਸੀ।
ਉਧਰ ਇਕ ਪੁਲੀਸ ਸੂਤਰ ਨੇ ਕਿਹਾ, ‘‘ਤਿੰਨਾਂ ਮੁਲਜ਼ਮਾਂ ਨੂੰ ਮੋਬਾਈਲ ਫੋਨ ਟਾਵਰ ਡੰਪਿੰਗ ਵਿਧੀ ਰਾਹੀਂ ਟਰੇਸ ਕੀਤਾ ਗਿਆ ਸੀ। ਅਪਰਾਧ ਵਿੱਚ ਹੋਰ ਲੋਕ ਸ਼ਾਮਲ ਹੋ ਸਕਦੇ ਹਨ, ਅਤੇ ਤਲਾਸ਼ੀ ਜਾਰੀ ਹੈ। ਅਸੀਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਇਹ ਲੋਕ ਪੀੜਤਾ ਜਾਂ ਉਸ ਦੀ ਸਹੇਲੀ ਨੂੰ ਜਾਣਦੇ ਸਨ ਜਿਸ ਨਾਲ ਉਹ ਕਾਲਜ ਤੋਂ ਬਾਹਰ ਗਈ ਸੀ। ਉਸ ਦੀ ਸਹੇਲੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।’’
ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਪੀੜਤਾ ਦੇ ਮੋਬਾਈਲ ਫੋਨ ਦੀ ਵਰਤੋਂ ਕਿਸੇ ਹੋਰ ਮੁਲਜ਼ਮ ਨੂੰ ਅਪਰਾਧ ਵਾਲੀ ਥਾਂ ’ਤੇ ਬੁਲਾਉਣ ਲਈ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਸਾਰੇ ਮੁਲਜ਼ਮਾਂ ਦੀ ਪੈੜ ਨੱਪਣ ਵਿਚ ਮਦਦ ਮਿਲੀ। ਮੁਲਜ਼ਮਾਂ ਨੂੰ ਫੜਨ ਲਈ ਸ਼ਨਿੱਚਰਵਾਰ ਨੂੰ ਨਿੱਜੀ ਕਾਲਜ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕਈ ਛਾਪੇ ਮਾਰੇ ਗਏ।
ਇਸ ਦੌਰਾਨ ਫੋਰੈਂਸਿਕ ਮਾਹਿਰਾਂ ਨੇ ਜੰਗਲ ਤੋਂ ਵੀ ਸਬੂਤ ਇਕੱਠੇ ਕੀਤੇ ਜਿੱਥੇ ਇਹ ਘਟਨਾ ਵਾਪਰੀ ਸੀ। ਪੱਛਮੀ ਬੰਗਾਲ ਮਹਿਲਾ ਕਮਿਸ਼ਨ ਦੇ ਨੁਮਾਇੰਦਿਆਂ ਵੱਲੋਂ ਅੱਜ ਦਿਨ ਵੇਲੇ ਕਾਲਜ ਦਾ ਦੌਰਾ ਕਰਨ ਅਤੇ ਪੀੜਤਾ ਅਤੇ ਉਸ ਦੇ ਮਾਪਿਆਂ ਨਾਲ ਗੱਲ ਕਰਨ ਦੀ ਸੰਭਾਵਨਾ ਹੈ। ਪੱਛਮੀ ਬੰਗਾਲ ਡਾਕਟਰਜ਼ ਫੋਰਮ (WBDF) ਅਤੇ ਅਭੈ ਮੰਚ ਦੇ ਪ੍ਰਤੀਨਿਧੀ ਐਤਵਾਰ ਨੂੰ ਕਾਲਜ ਦਾ ਦੌਰਾ ਕਰਨਗੇ। WBDF ਦੇ ਪ੍ਰਧਾਨ ਡਾ. ਕੌਸ਼ਿਕ ਚਾਕੀ ਨੇ MBBS ਵਿਦਿਆਰਥਣ ਨਾਲ ਹੋਏ ਸਮੂਹਿਕ ਜਬਰ ਜਨਾਹ ਦੀ ਨਿੰਦਾ ਕੀਤੀ।