ਪੱਛਮੀ ਬੰਗਾਲ: ਭੀੜ ਦੇ ਹਮਲੇ ’ਚ ਭਾਜਪਾ ਸੰਸਦ ਮੈਂਬਰ ਖਗੇਨ ਮੁਰਮੂ ਤੇ ਵਿਧਾਇਕ ਸ਼ੰਕਰ ਘੋਸ਼ ਜ਼ਖ਼ਮੀ
ਭਾਜਪਾ ਨੇ ਟੀ ਐੱਮ ਸੀ ’ਤੇ ਲਾਇਆ ਹਮਲੇ ਦੀ ਸਾਜ਼ਿਸ਼ ਘਡ਼ਨ ਦਾ ਦੋਸ਼
ਪੱਛਮੀ ਬੰਗਾਲ ਤੋਂ ਭਾਜਪਾ ਦੇ ਸੰਸਦ ਮੈਂਬਰ ਖਗੇਨ ਮੁਰਮੂ ਤੇ ਵਿਧਾਇਕ ਸ਼ੰਕਰ ਘੋਸ਼ ਸੂਬੇ ਦੇ ਉੱਤਰੀ ਹਿੱਸੇ ’ਚ ਹੜ੍ਹ ਤੇ ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ ਦੁਆਰ ਖੇਤਰ ਦੇ ਦੌਰੇ ਦੌਰਾਨ ਭੀੜ ਵੱਲੋਂ ਕੀਤੇ ਗਏ ਹਮਲੇ ’ਚ ਜ਼ਖ਼ਮੀ ਹੋ ਗਏ। ਇਸ ਘਟਨਾ ਤੋਂ ਬਾਅਦ ਨਵਾਂ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ।
ਜਲਪਾਈਗੁੜੀ ਜ਼ਿਲ੍ਹੇ ਦੇ ਨਾਗਰਾਕਾਟਾ ਇਲਾਕੇ ’ਚ ਵਾਪਰੀ ਘਟਨਾ ਤੋਂ ਬਾਅਦ ਭਾਜਪਾ ਨੇ ਹਾਕਮ ਧਿਰ ਟੀ ਐੱਮ ਸੀ ’ਤੇ ਖਿੱਤੇ ’ਚ ਫੈਲੀ ਬੇਚੈਨੀ ਨੂੰ ਦਬਾਉਣ ਲਈ ਹਮਲੇ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਤੇ ਇਸ ਘਟਨਾ ਨੂੰ ‘ਟੀ ਐੱਮ ਸੀ ਦੇ ਜੰਗਲ ਰਾਜ’ ਦੀ ਇੱਕ ਹੋਰ ਮਿਸਾਲ ਦੱਸਿਆ। ਦੂਜੇ ਪਾਸੇ ਹਾਕਮ ਧਿਰ ਨੇ ਕਿਹਾ ਕਿ ਮੁਸ਼ਕਿਲ ਸਮੇਂ ਵਿੱਚ ਭਾਜਪਾ ਆਗੂਆਂ ਵੱਲੋਂ ਫੋਟੋਆਂ ਖਿਚਵਾਏ ਜਾਣ ਕਾਰਨ ਲੋਕਾਂ ’ਚ ਪੈਦਾ ਹੋਏ ਗੁੱਸੇ ਕਾਰਨ ਇਹ ਘਟਨਾ ਵਾਪਰੀ ਹੈ। ਮੁਰਮੂ ਤੇ ਘੋਸ਼ ਭਾਜਪਾ ਆਗੂਆਂ ਦੀ ਉਸ ਟੀਮ ਦਾ ਹਿੱਸਾ ਸਨ ਜੋ ਆਫ਼ਤ ਪ੍ਰਭਾਵਿਤ ਦੁਆਰ ਖੇਤਰ ’ਚ ਸਥਿਤੀ ਦਾ ਮੁਲਾਂਕਣ ਕਰਨ ਤੇ ਰਾਹਤ ਵੰਡਣ ਲਈ ਗਏ ਸਨ। ਟੈਲੀਵਿਜ਼ਨ ’ਤੇ ਪ੍ਰਸਾਰਿਤ ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਤੋਂ ਪਹਿਲਾਂ ਹੀ ਭੀੜ ਨੇ ਭਾਜਪਾ ਆਗੂਆਂ ਨੂੰ ਘੇਰ ਲਿਆ ਤੇ ‘ਦੀਦੀ ਦੀਦੀ’ ਦੇ ਨਾਅਰੇ ਮਾਰਨ ਲੱਗੇ। ਇਸ ਮਗਰੋਂ ਨਾਗਰਾਕਾਟਾ ਸ਼ਹਿਰ ਤੋਂ ਤਕਰੀਬਨ 10 ਕਿਲੋਮੀਟਰ ਦੂਰ ਬਾਮਨਡਾਂਗਾ ਨੇੜੇ ਉਨ੍ਹਾਂ ਦੇ ਕਾਫਲੇ ’ਤੇ ਪਥਰਾਅ ਕੀਤਾ ਗਿਆ। ਪਥਰਾਅ ਵਿੱਚ ਵਾਹਨ ਦਾ ਸ਼ੀਸ਼ਾ ਟੁੱਟ ਗਿਆ ਤੇ ਮੁਰਮੂ ਦੇ ਸਿਰ ਤੋਂ ਖੂਨ ਵਹਿਣ ਲੱਗਾ।