ਬਿਹਾਰ ’ਚ ਇੱਕ ਵੀ ਵੋਟ ਚੋਰੀ ਨਹੀਂ ਹੋਣ ਦੇਵਾਂਗੇ: ਰਾਹੁਲ
ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਗੂ ਤੇਜਸਵੀ ਯਾਦਵ ਨੇ ਅੱਜ ਬਿਹਾਰ ਵਾਸੀਆਂ ਨੂੰ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸੱਦਾ ਦਿੱਤਾ। ਨਵਾਦਾ ਵਿੱਚ ਕਾਂਗਰਸ ਦੀ ‘ਵੋਟਰ ਅਧਿਕਾਰ ਯਾਤਰਾ’ ਦੇ ਤੀਜੇ ਦਿਨ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਤੇਜਸਵੀ ਨੇ ਨੌਜਵਾਨਾਂ ਨੂੰ ਇਸ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ‘‘ਬਿਹਾਰ ਵਿੱਚ ਐੱਨਡੀਏ ਸਰਕਾਰ ਨੂੰ ਉਖਾੜ ਸੁੱਟਣਾ ਹੋਵੇਗਾ। ਭਵਿੱਖ ਵਿੱਚ ਜਦੋਂ ਵੀ ਲੋਕ ਸਭਾ ਚੋਣਾਂ ਹੋਣਗੀਆਂ, ਅਸੀਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ।’’ ਤੇਜਸਵੀ ਨੇ ਇੱਥੇ ‘ਵੋਟਰ ਅਧਿਕਾਰ ਯਾਤਰਾ’ ਦੌਰਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਇਹ ਟਿੱਪਣੀ ਕੀਤੀ। ਯਾਤਰਾ ਵਿੱਚ ‘ਇੰਡੀਆ’ ਗੱਠਜੋੜ ਦੇ ਹੋਰ ਆਗੂ ਵੀ ਸ਼ਾਮਲ ਹੋਏ।
ਰਾਹੁਲ ਦੇ ਵਾਹਨ ਨੇ ਪੁਲੀਸ ਮੁਲਾਜ਼ਮ ਨੂੰ ਟੱਕਰ ਮਾਰੀ
‘ਵੋਟਰ ਅਧਿਕਾਰ ਯਾਤਰਾ’ ਦੌਰਾਨ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਵਾਹਨ ਨੇ ਪੁਲੀਸ ਮੁਲਾਜ਼ਮ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ, ਉਸ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਰਾਹੁਲ ਗਾਂਧੀ ਨੇ ਇਸ ਘਟਨਾ ਮਗਰੋਂ ਪੁਲੀਸ ਮੁਲਾਜ਼ਮ ਨੂੰ ਆਪਣੇ ਨਾਲ ਵਾਹਨ ਵਿੱਚ ਬਿਠਾਇਆ ਅਤੇ ਪੀਣ ਲਈ ਪਾਣੀ ਦਿੱਤਾ। ਯਾਤਰਾ ਵਿੱਚ ਸ਼ਾਮਲ ਕੁੱਝ ਆਗੂਆਂ ਦਾ ਕਹਿਣਾ ਹੈ ਕਿ ਨਵਾਦਾ ਵਿੱਚ ਯਾਤਰਾ ਦੌਰਾਨ ਰਾਹੁਲ ਗਾਂਧੀ ਅਤੇ ‘ਮਹਾਗੱਠਬੰਧਨ’ ਦੇ ਕੁੱਝ ਆਗੂ ਖੁੱਲ੍ਹੀ ਜੀਪ ਵਿੱਚ ਸਵਾਰ ਸਨ। ਇਹ ਵਾਹਨ ਪੁਲੀਸ ਮੁਲਾਜ਼ਮ ਵਿੱਚ ਵੱਜ ਗਿਆ। ਉਨ੍ਹਾਂ ਦੱਸਿਆ ਕਿ ਯਾਤਰਾ ਵਿੱਚ ਸ਼ਾਮਲ ਲੋਕਾਂ ਅਤੇ ਕੁੱਝ ਸੁਰੱਖਿਆ ਮੁਲਾਜ਼ਮਾਂ ਨੇ ਪੁਲੀਸ ਮੁਲਾਜ਼ਮ ਦੀ ਮਦਦ ਕੀਤੀ ਹੈ। ਉਧਰ ਭਾਜਪਾ ਆਗੂ ਸ਼ਹਿਜਾਦ ਪੂਨਾਵਾਲਾ ਨੇ ਇਸ ਘਟਨਾ ਦੀ ਵੀਡੀਓ ‘ਐਕਸ’ ’ਤੇ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਉਸ ਪੁਲੀਸ ਮੁਲਾਜ਼ਮ ਨੂੰ ਦੇਖਣ ਵਾਹਨ ਤੋਂ ਹੇਠਾਂ ਵੀ ਨਹੀਂ ਉਤਰੇ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।