ਅਸੀਂ ਖ਼ਬਰਾਂ ਜਾਂ ਯੂਟਿਊਬ ਇੰਟਰਵਿਊਜ਼ ਨਹੀਂ ਦੇਖਦੇ: ਚੀਫ਼ ਜਸਟਿਸ
ਕੇਂਦਰੀ ਜਾਂਚ ਏਜੰਸੀ ਐੱਨਫੋਰਸਮੈਂਟ ਡਾਇਰੈਕਟੋਰੇਟ ਖ਼ਿਲਾਫ਼ ਬਿਰਤਾਂਤਾਂ ਤੋਂ ਸੁਪਰੀਮ ਕੋਰਟ ਨੂੰ ਪ੍ਰਭਾਵਿਤ ਨਾ ਹੋਣ ਦੀ ਕੀਤੀ ਗਈ ਟਿੱਪਣੀ ਦੇ ਜਵਾਬ ’ਚ ਚੀਫ਼ ਜਸਟਿਸ ਬੀਆਰ ਗਵਈ ਨੇ ਕਿਹਾ, ‘‘ਅਸੀਂ ਖ਼ਬਰਾਂ ਅਤੇ ਯੂਟਿਊਬ ਇੰਟਰਵਿਊਜ਼ ਨਹੀਂ ਦੇਖਦੇ ਹਾਂ।’’ ਕੇਂਦਰ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਸੀ ਕਿ ਝੂਠੇ ਬਿਰਤਾਂਤ ਘੜ ਕੇ ਅਦਾਰਿਆਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ’ਤੇ ਚੀਫ਼ ਜਸਟਿਸ ਨੇ ਕਿਹਾ, ‘‘ਸਾਨੂੰ ਕਈ ਮਾਮਲਿਆਂ ’ਚ ਇਹ (ਈਡੀ ਵੱਲੋਂ ਹੱਦਾਂ ਪਾਰ ਕਰਨ) ਦੇਖਣ ਨੂੰ ਮਿਲ ਰਿਹਾ ਹੈ। ਅਜਿਹਾ ਨਹੀਂ ਹੈ ਕਿ ਸਾਨੂੰ ਇਸ ਦਾ ਪਤਾ ਨਹੀਂ ਲੱਗ ਰਿਹਾ ਹੈ।’’ ਚੀਫ਼ ਜਸਟਿਸ ਪਿਛਲੇ ਹਫ਼ਤੇ ਤਬੀਅਤ ਠੀਕ ਨਾ ਹੋਣ ਕਾਰਨ ਅਦਾਲਤੀ ਕਾਰਵਾਈਆਂ ਤੋਂ ਦੂਰ ਸਨ। ਉਨ੍ਹਾਂ ਕਿਹਾ, ‘‘ਅਸੀਂ ਖ਼ਬਰਾਂ ਨਹੀਂ ਦੇਖਦੇ, ਨਾ ਹੀ ਯੂਟਿਊਬ ’ਤੇ ਇੰਟਰਵਿਊਜ਼ ਦੇਖਦੇ ਹਾਂ। ਪਿਛਲੇ ਹਫ਼ਤੇ ਹੀ ਮੈਂ ਕੁਝ ਫਿਲਮਾਂ ਦੇਖ ਸਕਿਆ।’’ ਮਹਿਤਾ ਨੇ ਜਦੋਂ ਘੁਟਾਲਿਆਂ ’ਚ ਮੁਲਾਜ਼ਮ ਆਗੂਆਂ ਵੱਲੋਂ ਲੋਕ ਰਾਏ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੇ ਜਾਣ ਦਾ ਜ਼ਿਕਰ ਕੀਤਾ ਤਾਂ ਚੀਫ਼ ਜਸਟਿਸ ਨੇ ਕਿਹਾ, ‘‘ਅਸੀਂ ਆਖਿਆ ਸੀ, ਇਸ ਦਾ ਸਿਆਸੀਕਰਨ ਨਾ ਕਰੋ।’’ ਇਸ ਮਗਰੋਂ ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ, ਕਰਨਾਟਕ ਦੇ ਮੁੱਖ ਮੰਤਰੀ ਦੀ ਪਤਨੀ ਅਤੇ ਭਾਜਪਾ ਦੇ ਸੰਸਦ ਮੈਂਬਰ ਤੇਜਸਵੀ ਸੂਰਿਆ ਖ਼ਿਲਾਫ਼ ਦਿਨ ’ਚ ਸੁਣੇ ਗਏ ਕੇਸਾਂ ਦਾ ਹਵਾਲਾ ਦਿੱਤਾ। ਜਸਟਿਸ ਕੇ. ਵਿਨੋਦ ਚੰਦਰਨ ਨੇ ਚੀਫ਼ ਜਸਟਿਸ ਨਾਲ ਸਹਿਮਤੀ ਜਤਾਉਂਦਿਆਂ ਕਿਹਾ, ‘‘ਤੁਸੀਂ ਇਹ ਕਿਵੇਂ ਆਖ ਸਕਦੇ ਹੋ ਕਿ ਕੋਈ ਚਰਚਾ ਸਾਨੂੰ ਪ੍ਰਭਾਵਿਤ ਕਰੇਗੀ ਜਦੋਂ ਕਿ ਅਸੀਂ ਉਸ ਨੂੰ ਦੇਖਦੇ ਹੀ ਨਹੀਂ ਹਾਂ? ਚਰਚਾਵਾਂ ਹਰ ਥਾਂ ਚੱਲਦੀਆਂ ਰਹਿਣਗੀਆਂ, ਲੋਕ ਫਿਕਰਮੰਦ ਹੋ ਸਕਦੇ ਹਨ ਪਰ ਤੁਸੀਂ ਇਹ ਨਹੀਂ ਆਖ ਸਕਦੇ ਕਿ ਅਸੀਂ ਉਸ ਤੋਂ ਪ੍ਰਭਾਵਿਤ ਹੋਏ ਹਾਂ।’’ ਚੀਫ਼ ਜਸਟਿਸ ਨੇ ਕਿਹਾ ਕਿ ਫ਼ੈਸਲੇ ਕਥਿਤ ਬਿਰਤਾਂਤਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਤੱਥਾਂ ’ਤੇ ਆਧਾਰਿਤ ਹੁੰਦੇ ਹਨ।