DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੀਨ ਨਾਲ ਅਸੀਂ ਔਖੇ ਰਾਹ ’ਤੇ ਤੁਰਨ ਲਈ ਤਿਆਰ: ਮਿਸਰੀ

ਵਿਦੇਸ਼ ਸਕੱਤਰ ਨੇ ਭਾਰਤ-ਚੀਨ ਸਬੰਧਾਂ ਦੀ ਬਹਾਲੀ ਦਾ ਦਿੱਤਾ ਸੱਦਾ
  • fb
  • twitter
  • whatsapp
  • whatsapp
Advertisement

ਅਜੇ ਬੈਨਰਜੀ

ਨਵੀਂ ਦਿੱਲੀ, 2 ਅਪਰੈਲ

Advertisement

ਦੁਨੀਆ ਦੇ ਤੇਜ਼ੀ ਨਾਲ ਬਦਲ ਰਹੇ ਹਾਲਾਤ ਦਰਮਿਆਨ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਹੈ ਕਿ ਭਾਰਤ-ਚੀਨ ਸਬੰਧਾਂ ਨੂੰ ਹੋਰ ਸੁਖਾਵਾਂ ਬਣਾਉਣ ਦਾ ਇਹ ਵਧੀਆ ਮੌਕਾ ਹੈ। ਉਨ੍ਹਾਂ ਕਿਹਾ ਕਿ ਦੁਵੱਲੇ ਸਬੰਧਾਂ ਲਈ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਅਤੇ ਸਥਿਰਤਾ ਜ਼ਰੂਰੀ ਹੈ। ਪੂਰਬੀ ਲੱਦਾਖ ’ਚ ਟਕਰਾਅ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ, ‘‘ਅਸੀਂ ਸਰਹੱਦੀ ਇਲਾਕਿਆਂ ਦੇ ਕਈ ਮਸਲਿਆਂ ਨੂੰ ਹੱਲ ਕਰ ਲਿਆ ਹੈ।’’ ਮਿਸਰੀ ਨੇ ਮੁਸ਼ਕਲ ਦੌਰ ਨੂੰ ਯਾਦ ਕਰਦਿਆਂ ਕਿਹਾ ਕਿ ਦੋਵੇਂ ਮੁਲਕਾਂ ਦੇ ਸਬੰਧਾਂ ’ਚ ਸੁਧਾਰ ਦਾ ਆਧਾਰ ਤਿੰਨ ਨੁਕਾਤੀ ਫਾਰਮੂਲਾ ਹੈ ਜੋ ਆਪਸੀ ਸਨਮਾਨ, ਸੰਵੇਦਨਸ਼ੀਲਤਾ ਅਤੇ ਆਪਸੀ ਹਿੱਤ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ, ‘‘ਅਗਾਂਹ ਵਧਣ ਦਾ ਰਾਹ ਭਾਵੇਂ ਮੁਸ਼ਕਲਾਂ ਭਰਿਆ ਹੋ ਸਕਦਾ ਹੈ ਪਰ ਅਸੀਂ ਉਸ ਰਾਹ ’ਤੇ ਤੁਰਨ ਲਈ ਤਿਆਰ ਹਾਂ।’’ ਭਾਰਤ ਅਤੇ ਚੀਨ ਦੇ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮੌਕੇ ਇਥੇ ਚੀਨੀ ਸਫ਼ਾਰਤਖਾਨੇ ’ਚ ਮੰਗਲਵਾਰ ਰਾਤ ਕਰਵਾਏ ਗਏ ਪ੍ਰੋਗਰਾਮ ਦੌਰਾਨ ਮਿਸਰੀ ਨੇ ਇਹ ਗੱਲਾਂ ਆਖੀਆਂ। ਇਸ ਤੋਂ ਪਹਿਲਾਂ ਮਿਸਰੀ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ ਦੁਵੱਲੇ ਸਬੰਧ ਅਹਿਮ ਹਨ ਅਤੇ ਸਥਿਰ ਸਬੰਧ ਮਨੁੱਖਤਾ ਦੀ ਭਲਾਈ ’ਚ ਯੋਗਦਾਨ ਪਾਉਣਗੇ ਜਿਸ ਲਈ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਜਿਹੇ ਮੌਕੇ ਸਾਜ਼ਗਾਰ ਹਨ। ਵਿਦੇਸ਼ ਸਕੱਤਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਕਜ਼ਾਨ (ਰੂਸ) ’ਚ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਹੋਈ ਵਾਰਤਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਦੋਵੇਂ ਮੁਲਕ ਸਥਿਰ ਅਤੇ ਭਰੋਸੇਯੋਗ ਭਾਈਵਾਲੀ ਵੱਲ ਇਕੱਠਿਆਂ ਅੱਗੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਅਮਲੀ ਸਹਿਯੋਗ ਸ਼ੁਰੂ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਇਨ੍ਹਾਂ ’ਚ ਦਰਿਆਵਾਂ ਬਾਰੇ ਸਹਿਯੋਗ, ਸਿੱਧੀਆਂ ਹਵਾਈ ਸੇਵਾਵਾਂ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਕਰਨਾ ਸ਼ਾਮਲ ਹੈ।

ਚੀਨੀ ਸਫ਼ੀਰ ਨੇ ਸੁਖਾਵੇਂ ਸਬੰਧਾਂ ਦੀ ਬਹਾਲੀ ’ਤੇ ਦਿੱਤਾ ਜ਼ੋਰ

ਮੇਜ਼ਬਾਨ ਚੀਨੀ ਸਫ਼ੀਰ ਸ਼ੂ ਫੇਈਹੋਂਗ ਨੇ ਵੀ ਸੁਖਾਵੇਂ ਸਬੰਧਾਂ ਦੀ ਬਹਾਲੀ ’ਤੇ ਜ਼ੋਰ ਦਿੱਤਾ। ਚੀਨੀ ਸਫ਼ੀਰ ਸ਼ੂ ਫੇਈਹੋਂਗ ਨੇ ਆਪਣੇ ਮੁਲਕ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਦੋਵੇਂ ਮੁਲਕਾਂ ਵਿਚਕਾਰ ਰਣਨੀਤਕ ਅਤੇ ਲੰਬੇ ਸਮੇਂ ਦੇ ਸਹਿਯੋਗ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਮੱਤਭੇਦ ਕਦੇ ਵੀ ਵਿਵਾਦ ’ਚ ਨਾ ਬਦਲਣ ਅਤੇ ਇਸ ਦਾ ਇਕੋ-ਇਕ ਹੱਲ ਵਾਰਤਾ ਹੈ।

ਮੋਦੀ ਦੱਸਣ ਕਿ ਚੀਨ ਨਾਲ ਸਬੰਧ ਕਿਉਂ ਸੁਧਾਰੇ ਜਾ ਰਹੇ ਨੇ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਦੇ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਤੋਂ ਸਪੱਸ਼ਟ ਸੰਕੇਤ ਹੈ ਕਿ ਮੋਦੀ ਸਰਕਾਰ ਨੇ ਲੱਦਾਖ ’ਚ 2 ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ਚੀਨ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵਿਦੇਸ਼ ਸਕੱਤਰ ਅਤੇ ਚੀਨੀ ਸਫ਼ੀਰ ਸ਼ੂ ਫੇਈਹੋਂਗ ਵੱਲੋਂ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮੌਕੇ ਕੇਕ ਕੱਟਣ ਤੋਂ ਇਹ ਗੱਲ ਜ਼ਾਹਿਰ ਹੋ ਗਈ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਲਕ ਦੇ ਲੋਕਾਂ ਨੂੰ ਭਰੋਸੇ ’ਚ ਲੈਂਦਿਆਂ ਇਹ ਦੱਸਣ ਕਿ ਉਹ ਚੀਨ ਨਾਲ ਸੁਖਾਵੇਂ ਸਬੰਧ ਕਿਉਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਗਲਵਾਨ ਦੀ ਘਟਨਾ ਮਗਰੋਂ ਚੀਨ ਨੂੰ ‘ਕਲੀਨ ਚਿੱਟ’ ਦੇਣ ਤੋਂ ਸਪੱਸ਼ਟ ਹੈ ਕਿ ਭਾਰਤ ਦੀ ਖੇਤਰੀ ਅਖੰਡਤਾ ਅਤੇ ਕੌਮੀ ਹਿੱਤਾਂ ਨੂੰ ਢਾਹ ਲਗਾਈ ਜਾ ਰਹੀ ਹੈ। -ਪੀਟੀਆਈ

Advertisement
×