ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨਾਲ ਸਬੰਧਤ ਸਮਾਗਮਾਂ ਨੂੰ ਸਮਰਪਿਤ 24 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾ ਵਿਸ਼ੇਸ਼ ਇਜਲਾਸ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਾਟਰ ਪਰੂਫ਼ ਟੈਂਟ ’ਚ ਹੋਵੇਗਾ। ਪਹਿਲੀ ਵਾਰ ਸੈਸ਼ਨ ਪੰਜਾਬ ਵਿਧਾਨ ਸਭਾ ਦੇ ਕੰਪਲੈਕਸ ਤੋਂ ਬਾਹਰ ਕਰਾਇਆ ਜਾ ਰਿਹਾ ਹੈ ਜਿਸ ਦੀ ਤਿਆਰੀ ’ਚ ਸਰਕਾਰ ਜੁਟ ਗਈ ਹੈ।
ਪ੍ਰਾਪਤ ਵੇਰਵਿਆਂ ਮੁਤਾਬਕ ਸ੍ਰੀ ਆਨੰਦਪੁਰ ਸਾਹਿਬ ਦੇ ਬਾਬਾ ਜੀਵਨ ਸਿੰਘ ਯਾਦਗਾਰੀ ਪਾਰਕ ’ਚ ਵਿਸ਼ੇਸ਼ ਇਜਲਾਸ ਹੋਵੇਗਾ ਅਤੇ ਪਾਰਕ ਦੀਆਂ ਗੈਲਰੀਆਂ ਨੂੰ ਵਿਧਾਨ ਸਭਾ ਦੇ ਹਿੱਸੇ ਵਜੋਂ ਵਰਤਿਆ ਜਾਵੇਗਾ। ਸੂਬਾ ਸਰਕਾਰ ਨੇ ‘ਈਵੈਂਟ ਮੈਨੇਜਮੈਂਟ’ ਲਈ ਟੈਂਡਰ ਜਾਰੀ ਕੀਤੇ ਸਨ ਅਤੇ ਪੰਜ ਕੰਪਨੀਆਂ ਨੇ ਇਸ ਲਈ ਅਪਲਾਈ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਪੈਟਰਨ ’ਤੇ ਹੀ ਆਨੰਦਪੁਰ ਸਾਹਿਬ ’ਚ ਕੰਪਲੈਕਸ ਤਿਆਰ ਹੋਵੇਗਾ ਜਿਸ ’ਚ ਵਿਧਾਇਕਾਂ ਲਈ 120 ਸੀਟਾਂ ਦਾ ਇੰਤਜ਼ਾਮ ਕੀਤਾ ਜਾਵੇਗਾ।
ਸਰਕਾਰ ਨੇ ਪੰਜਾਬ ਵਿਧਾਨ ਸਭਾ ਸਕੱਤਰੇਤ ਨਾਲ ਦੀਵਾਲੀ ਤੋਂ ਪਹਿਲਾਂ ਕਈ ਮੀਟਿੰਗਾਂ ਦਾ ਗੇੜ ਮੁਕੰਮਲ ਕਰ ਲਿਆ ਹੈ ਅਤੇ ਸਕੱਤਰੇਤ ਨੇ ਵਿਧਾਨ ਸਭਾ ਦਾ ਡਿਜ਼ਾਈਨ ਆਦਿ ਦੇ ਦਿੱਤਾ ਹੈ। ਬਾਬਾ ਜੀਵਨ ਸਿੰਘ ਯਾਦਗਾਰੀ ਪਾਰਕ ਵਿਚਲਾ ਅਲੌਕਿਕ ਖੰਡਾ ਵੀ ਆਰਜ਼ੀ ਵਿਧਾਨ ਸਭਾ ਦਾ ਹਿੱਸਾ ਬਣਾਇਆ ਜਾਵੇਗਾ। ਸਪੀਕਰ ਦੀ ਕੁਰਸੀ ਉੱਚੀ ਰੱਖੀ ਜਾਵੇਗੀ ਜਦੋਂ ਕਿ ਹੇਠਾਂ ਸੱਤਾਧਾਰੀ ਤੇ ਵਿਰੋਧੀ ਧਿਰਾਂ ਦੇ ਬੈਂਚ ਵੱਖੋ-ਵੱਖਰੇ ਹੋਣਗੇ।
ਪਹਿਲੀ ਵਾਰ ਵਿਧਾਨ ਸਭਾ ਦਾ ਸੈਸ਼ਨ ਰਾਜਧਾਨੀ ਤੋਂ ਬਾਹਰ ਕਰਾਇਆ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਵਿਧਾਨ ਸਭਾ ਦੇ ਇਜਲਾਸ ਦੀ ਜਗ੍ਹਾ ਕੋਈ ਵੀ ਹੋ ਸਕਦੀ ਹੈ ਅਤੇ ਰਾਜਪਾਲ ਸੈਸ਼ਨ ਸੱਦਣਗੇ। ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਸੈਸ਼ਨ ਲਈ ਬੁਨਿਆਦੀ ਢਾਂਚਾ ਮੁਹੱਈਆ ਕਰਾਇਆ ਜਾ ਰਿਹਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ’ਚ ਸੈਸ਼ਨ ਲਈ ਬੁਨਿਆਦੀ ਢਾਂਚਾ ਸਥਾਪਿਤ ਕਰਨ ਦਾ ਕੰਮ 12 ਨਵੰਬਰ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ। ਮੁੱਖ ਆਰਕੀਟੈਕਟ ਤੋਂ ਇਸ ਬਾਰੇ ਮਸ਼ਵਰਾ ਲਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਵਿਧਾਨ ਸਭਾ ਸਕੱਤਰੇਤ ਨੇ ਸੈਸ਼ਨ ਵਾਲੇ ਦਿਨ ਵਿਧਾਇਕਾਂ ਦੇ ਠਹਿਰਨ ਦਾ ਪ੍ਰਬੰਧ ਕੀਤੇ ਜਾਣ ਦਾ ਮਸ਼ਵਰਾ ਵੀ ਦਿੱਤਾ ਹੈ।
ਤ੍ਰਿਪਤ ਬਾਜਵਾ ਵੱਲੋਂ ਮੁੱਖ ਮੰਤਰੀ ਨੂੰ ਪੱਤਰ
ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵਿਧਾਨ ਸਭਾ ਕੰਪਲੈਕਸ ’ਚ ਹੀ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਤਰਕ ਦਿੱਤਾ ਕਿ ਵਿਧਾਨ ਸਭਾ ਦਾ ਸੈਸ਼ਨ ਬਾਹਰ ਕਿਸੇ ਹੋਰ ਥਾਂ ’ਤੇ ਕਰਵਾਏ ਜਾਣ ਦੀ ਰਵਾਇਤ ਨਹੀਂ ਅਤੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਮੌਕੇ ਸੰਗਤ ਦਾ ਭਾਰੀ ਇਕੱਠ ਹੋਵੇਗਾ ਜਿਸ ਕਰ ਕੇ ਵਿਧਾਇਕਾਂ, ਅਫਸਰਾਂ ਤੇ ਮੀਡੀਆ ਨੂੰ ਦਿੱਕਤਾਂ ਆਉਣਗੀਆਂ; ਪੁਲੀਸ ਅਤੇ ਸਿਵਲ ਪ੍ਰਸ਼ਾਸਨ ’ਤੇ ਵੀ ਦਬਾਅ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸੈਸ਼ਨ ’ਤੇ ਕਰੋੜਾਂ ਰੁਪਏ ਦਾ ਵਾਧੂ ਖ਼ਰਚਾ ਆਵੇਗਾ ਜੋ ਸੰਗਤ ਲਈ ਪ੍ਰਬੰਧਾਂ ’ਤੇ ਖ਼ਰਚ ਕੀਤਾ ਜਾ ਸਕਦਾ ਹੈ।

