ਜੰਗ ਹੁਣ ਮਹੀਨਿਆਂ ਨਹੀਂ, ਘੰਟਿਆਂ-ਸੈਕਿੰਡਾਂ ’ਚ ਤੈਅ ਹੁੰਦੀ ਹੈ: ਰਾਜਨਾਥ
ਰੱਖਿਆ ਮੰਤਰੀ ਵੱਲੋਂ ਤੱਟ ਰੱਖਿਅਕ ਬਲ ਨੂੰ ਭਵਿੱਖੀ ਚੁਣੌਤੀਆਂ ਲਈ ਤਿਅਾਰ ਰਹਿਣ ਦਾ ਸੱਦਾ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਜੰਗ ਹੁਣ ‘ਮਹੀਨਿਆਂ ’ਚ ਨਹੀਂ, ਬਲਕਿ ਘੰਟਿਆਂ ਤੇ ਸੈਕਿੰਡਾਂ ’ਚ ਤੈਅ ਹੋ ਜਾਂਦੀ ਹੈ, ਕਿਉਂਕਿ ਉਪਗ੍ਰਹਿ, ਡਰੋਨ ਤੇ ਸੈਂਸਰ ਜੰਗ ਨੂੰ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਕਰ ਰਹੇ ਹਨ।’ ਉਨ੍ਹਾਂ ਭਾਰਤੀ ਤੱਟ ਰੱਖਿਅਕਾਂ (ਆਈ ਸੀ ਜੀ) ਨੂੰ ਅਜਿਹਾ ਭਵਿੱਖਮੁਖੀ ਰੋਡਮੈਪ ਵਿਕਸਿਤ ਕਰਨ ਦਾ ਸੱਦਾ ਦਿੱਤਾ ਜੋ ਨਵੀਆਂ ਚੁਣੌਤੀਆਂ ਦਾ ਅਗਾਊਂ ਅਨੁਮਾਨ ਲਗਾ ਸਕੇ, ਅਤਿ-ਆਧੁਨਿਕ ਤਕਨੀਕਾਂ ਨੂੰ ਏਕੀਕ੍ਰਿਤ ਕਰ ਸਕੇ ਅਤੇ ਰਣਨੀਤੀਆਂ ਨੂੰ ਲਗਾਤਾਰ ਅਪਣਾ ਸਕੇ।
ਇੱਥੇ ਬਲ ਦੇ ਹੈੱਡਕੁਆਰਟਰ ’ਚ ਕਰਵਾਏ 42ਵੇਂ ਆਈ ਸੀ ਜੀ ਕਮਾਂਡਰ ਸੰਮੇਲਨ ਦੌਰਾਨ ਆਪਣੇ ਸੰਬੋਧਨ ਵਿੱਚ ਉਨ੍ਹਾਂ ਇਹ ਕਿਹਾ ਕਿ ਸਾਈਬਰ ਤੇ ਇਲੈਕਟ੍ਰੌਨਿਕ ਜੰਗਾਂ ਹੁਣ ਖਿਆਲੀ ਖਤਰੇ ਨਹੀਂ ਹਨ ਬਲਕਿ ਮੌਜੂਦਾ ਸਮੇਂ ਦੀਆਂ ਹਕੀਕਤਾਂ ਹਨ। ਉਨ੍ਹਾਂ ਕਿਹਾ, ‘ਕੋਈ ਮੁਲਕ ਮਿਜ਼ਾਈਲਾਂ ਨਾਲ ਨਹੀਂ ਬਲਕਿ ਹੈਕਿੰਗ, ਸਾਈਬਰ ਹਮਲਿਆਂ ਤੇ ਇਲੈਕਟ੍ਰੌਨਿਕ ਜੈਮਿੰਗ ਰਾਹੀਂ ਸਾਡੇ ਸਿਸਟਮ ਨੂੰ ਨਕਾਰਾ ਬਣਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।’ ਆਈ ਸੀ ਜੀ ਨੂੰ ਅਜਿਹੇ ਖਤਰਿਆਂ ਤੋਂ ਬਚਣ ਲਈ ਆਪਣੀ ਸਿਖਲਾਈ ਤੇ ਉਪਕਰਨਾਂ ਨੂੰ ਲਗਾਤਾਰ ਉੱਨਤ ਕਰਨਾ ਪਵੇਗਾ। ਪ੍ਰਤੀਕਿਰਿਆ ਸਮੇਂ ਨੂੰ ਸਕਿੰਟਾਂ ’ਚ ਘਟਾਉਣ ਅਤੇ ਹਰ ਸਮੇਂ ਤਿਆਰੀ ਯਕੀਨੀ ਬਣਾਉਣ ਲਈ ਆਪੇ ਚੱਲਣ ਵਾਲਾ ਨਿਗਰਾਨੀ ਨੈੱਟਵਰਕ ਅਤੇ ਏਆਈ-ਸਮਰੱਥ ਪ੍ਰਣਾਲੀਆਂ ਜ਼ਰੂਰੀ ਹਨ। ਰੱਖਿਆ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦਾ 7500 ਕਿਲੋਮੀਟਰ ਲੰਮਾ ਸਮੁੰਦਰੀ ਤੱਟ, ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਅਤੇ ਲਕਸ਼ਦੀਪ ਜਿਹੇ ਟਾਪੂ ਖੇਤਰਾਂ ਦੇ ਨਾਲ, ‘ਭਾਰੀ ਚੁਣੌਤੀਆਂ ਪੇਸ਼ ਕਰਦਾ ਹੈ, ਜਿਸ ਲਈ ਉੱਨਤ ਤਕਨੀਕ, ਚੰਗੀ ਤਰ੍ਹਾਂ ਸਿਖਲਾਈਯਾਫ਼ਤਾ ਮੁਲਾਜ਼ਮਾਂ, 24 ਘੰਟੇ ਨਿਗਰਾਨੀ ਦੀ ਲੋੜ ਹੁੰਦੀ ਹੈ।’