Waqf law ਵਕਫ਼ ਕਾਨੂੰਨ: ਰਿਜਿਜੂ ਦੇ Red Carpet ਸਵਾਗਤ ਲਈ ਵਿਰੋਧੀ ਪਾਰਟੀਆਂ ਵੱਲੋਂ ਉਮਰ ’ਤੇ ਨਿਸ਼ਾਨਾ
Waqf law: Opposition parties slam Omar for rolling out red carpet for Rijiju
ਸ੍ਰੀਨਗਰ, 7 ਅਪਰੈਲ
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਮਵਾਰ ਨੂੰ ਕੇਂਦਰੀ ਮੰਤਰੀ ਕਿਰਨ ਰਿਜਿਜੂ ਨਾਲ ਏਸ਼ੀਆ ਦੇ ਸਭ ਤੋਂ ਵੱਡੇ ਟਿਊਲਿਪ ਗਾਰਡਨ (Asia's largest Tulip Garden) ਵਿਖੇ ਮੁਲਾਕਾਤ ਕੀਤੀ। ਦੂਜੇ ਪਾਸੇ ਇਸ ਮੀਟਿੰਗ ਨੂੰ ਵਿਰੋਧੀ ਪਾਰਟੀਆਂ ਨੇ 'ਵਕਫ਼ ਕਾਨੂੰਨ ਦੀ ਸਾਂਝ' ਕਰਾਰ ਦਿੰਦਿਆਂ ਇਸ ਦੀ ਆਲੋਚਨਾ ਕੀਤੀ।
ਮੀਟਿੰਗ ਦੌਰਾਨ ਹਾਕਮ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਉਮਰ ਦੇ ਪਿਤਾ ਫਾਰੂਕ ਅਬਦੁੱਲਾ (National Conference president Farooq Abdullah) ਵੀ ਹਾਜ਼ਰ ਸਨ। ਦੂਜੇ ਪਾਸੇ ਵਿਰੋਧੀ ਧਿਰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਅਤੇ ਪੀਪਲਜ਼ ਕਾਨਫਰੰਸ ਨੇ ਮੀਟਿੰਗ ਨੂੰ ਲੈ ਕੇ ਸੱਤਾਧਾਰੀ ਨੈਸ਼ਨਲ ਕਾਨਫਰੰਸ ਨੂੰ ਨਿਸ਼ਾਨਾ ਬਣਾਇਆ ਅਤੇ ਇਸ 'ਤੇ ਵਕਫ਼ ਐਕਟ ਖ਼ਿਲਾਫ਼ ਕੋਈ ਵੀ ਵਿਰੋਧ ਜ਼ਾਹਰ ਕੀਤੇ ਬਿਨਾਂ ਭਾਜਪਾ ਅੱਗੇ ਗੋਡੇ ਟੇਕਣ ਦਾ ਦੋਸ਼ ਲਾਇਆ।
ਪੀਡੀਪੀ ਆਗੂ ਨਈਮ ਅਖ਼ਤਰ ਨੇ ਕਿਹਾ, "ਵਕਫ਼ ਕਾਨੂੰਨ ਦੀ ਸਾਂਝ! ਇੰਨੀ ਛੇਤੀ। ਸੱਤਾਧਾਰੀ ਪਾਰਟੀ ਦੇ ਮੈਂਬਰ ਇਸ ਮੁੱਦੇ 'ਤੇ ਵਿਧਾਨ ਸਭਾ ਵਿੱਚ ਡਰਾਮੇਬਾਜ਼ੀ ਕਰਨ ਦੇ ਬਾਵਜੂਦ ਕੋਈ ਵਿਰੋਧ ਨਹੀਂ ਦਿਖਾ ਸਕੇ। ਸ੍ਰੀ ਰਿਜਿਜੂ ਨੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਵਜੋਂ ਸੰਸਦ ਵਿੱਚ ਬਿੱਲ ਪੇਸ਼ ਕੀਤਾ।"
ਇੱਕ ਹੋਰ ਪੀਡੀਪੀ ਆਗੂ ਅਤੇ ਪੁਲਵਾਮਾ ਤੋਂ ਪਾਰਟੀ ਦੇ ਵਿਧਾਇਕ ਵਹੀਦ ਪਾਰਾ ਨੇ ਵੀ ਹਾਕਮ ਧਿਰ ਦੀ ਇਸ ਲਈ ਸਖ਼ਤ ਨੁਕਤਾਚੀਨੀ ਕੀਤੀ। ਉਨ੍ਹਾਂ ‘ਐਕਸ’ ਉਤੇ ਇਕ ਪੋਸਟ ਵਿਚ ਕਿਹਾ, "ਤਾਮਿਲਨਾਡੂ ਨੇ ਵਕਫ਼ ਬਿੱਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਕੋਲ ਵਿਰੋਧ ਦਿਖਾਉਣ ਦੀ ਰੀੜ੍ਹ ਦੀ ਹੱਡੀ ਹੈ। ਪਰ NC ਸਾਡੇ ਲੋਕਾਂ ਅਤੇ ਸੰਸਥਾਵਾਂ ਦੀ ਕੀਮਤ 'ਤੇ ਸਿਆਸੀ ਲਾਭ ਲਈ ਸਮਰਪਣ ਕਰਦੀ ਰਹਿੰਦੀ ਹੈ।" ਪੁਲਵਾਮਾ ਦੇ ਵਿਧਾਇਕ ਨੇ ਕਿਹਾ ਕਿ ਐਨਸੀ ਨੇ ਕੇਂਦਰੀ ਮੰਤਰੀ ਲਈ ਟਿਊਲਿਪ ਗਾਰਡਨ ਵਿੱਚ ਲਾਲ ਕਾਰਪੇਟ ਵਿਛਾ ਦਿੱਤਾ ਹੈ, ਜਿਸ ਨੇ ਸੰਸਦ ਵਿੱਚ ਵਕਫ਼ ਸੋਧ ਬਿੱਲ ਪੇਸ਼ ਕੀਤਾ ਅਤੇ ਉਸ ਦਾ ਬਚਾਅ ਕੀਤਾ।
ਪੀਪਲਜ਼ ਕਾਨਫਰੰਸ ਦੇ ਮੁਖੀ ਸੱਜਾਦ ਲੋਨ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਰੋਸ ਵਜੋਂ ਕੇਂਦਰੀ ਮੰਤਰੀ ਤੋਂ ਦੂਰ ਰਹਿਣਾ ਚਾਹੀਦਾ ਸੀ। -ਪੀਟੀਆਈ