VP's call for Farmers: ਉਪ ਰਾਸ਼ਟਰਪਤੀ ਧਨਖੜ ਦੀਆਂ ਕਿਸਾਨਾਂ ਬਾਰੇ ਚਿੰਤਾਵਾਂ ਨੂੰ ਸਰਕਾਰ ਕਰ ਰਹੀ ਨਜ਼ਰਅੰਦਾਜ਼: ਕਾਂਗਰਸ
ਨਵੀਂ ਦਿੱਲੀ, 29 ਮਈ
ਕਾਂਗਰਸ ਨੇ ਵੀਰਵਾਰ ਨੂੰ ਮੋਦੀ ਸਰਕਾਰ 'ਤੇ ਨਿਸ਼ਾਨਾ ਸੇਧਦੇ ਹੋਏ ਕਿਹਾ ਕਿ ਉਹ (ਸਰਕਾਰ) ਉਪ ਰਾਸ਼ਟਰਪਤੀ ਜਗਦੀਪ ਧਨਖੜ (Vice President Jagdeep Dhankhar) ਵੱਲੋਂ ਦੇਸ਼ ਦੇ ਆਰਥਿਕ ਵਿਕਾਸ ਵਿੱਚ ਕਿਸਾਨਾਂ ਦੀ ਵਧੇਰੇ ਸ਼ਮੂਲੀਅਤ ਯਕੀਨੀ ਬਣਾਉਣ ਦੇ ਦਿੱਤੇ ਗਏ ਸੱਦੇ ਨੂੰ ਨਜ਼ਰਅੰਦਾਜ਼ ਕਰਨ ਦੀ ਥਾਂ ਗੰਭੀਰਤਾ ਨਾਲ ਲਵੇ। ਪਾਰਟੀ ਨੇ ਕਿਹਾ ਸਰਕਾਰ ਨੂੰ "ਨਾਅਰਿਆਂ ਅਤੇ ਫਿਲਮੀ ਸੰਵਾਦਾਂ" ਦੇ ਨਾਟਕਾਂ ਰਾਹੀਂ ਸ਼ਾਸਨ ਦਾ ਅਭਿਆਸ ਕਰਨ ਦੀ ਬਜਾਏ, ਗੰਭੀਰ ਮੁੱਦਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਜਦੋਂ ਧਨਖੜ ਕਿਸਾਨਾਂ ਦੀਆਂ ਚਿੰਤਾਵਾਂ ਤੇ ਮੁੱਦੇ ਉਠਾਉਂਦੇ ਹਨ ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਰਮੇਸ਼ ਦੀ ਇਹ ਟਿੱਪਣੀ ਧਨਖੜ ਦੇ ਇਸ ਬਿਆਨ ਤੋਂ ਬਾਅਦ ਆਈ ਹੈ ਕਿ ‘ਵਿਕਸਿਤ ਭਾਰਤ’ ਦਾ ਮਤਲਬ ਦੇਸ਼ ਦੀ ਆਰਥਿਕਤਾ ਦਾ ਉੱਚਾ ਦਰਜਾ ਨਹੀਂ ਹੈ ਅਤੇ ਇਸਨੂੰ ਹਕੀਕਤ ਬਣਾਉਣ ਲਈ, ਲੋਕਾਂ ਦੀ ਆਮਦਨ ਅੱਠ ਗੁਣਾ ਵਧਾਉਣ ਦੀ ਲੋੜ ਹੈ।
ਸਾਬਕਾ ਪ੍ਰਧਾਨ ਮੰਤਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਨਖੜ ਨੇ ਕਿਹਾ, "ਅੱਜ ਜਦੋਂ ਅਸੀਂ ਵਿਕਸਿਤ ਭਾਰਤ ਬਾਰੇ ਗੱਲ ਕਰਦੇ ਹਾਂ, ਤਾਂ ਇਸਦਾ ਮਤਲਬ ਇਹ ਨਹੀਂ ਕਿ ਸਾਡੀ ਅਰਥਵਿਵਸਥਾ ਦਾ ਦਰਜਾ ਕੀ ਹੈ। ਵਿਕਸਿਤ ਭਾਰਤ ਨੂੰ ਪਰਿਭਾਸ਼ਿਤ ਕਰਨ ਅਤੇ ਇਸਨੂੰ ਜ਼ਮੀਨੀ ਹਕੀਕਤ ਬਣਾਉਣ ਲਈ, ਹਰ ਕਿਸੇ ਦੀ ਆਮਦਨ ਨੂੰ ਅੱਠ ਗੁਣਾ ਵਧਾਉਣ ਦੀ ਲੋੜ ਹੈ।"
ਉਨ੍ਹਾਂ ਕਿਹਾ, "ਅਜਿਹਾ ਜ਼ਰੂਰ ਹੋਵੇਗਾ ਪਰ ਕਿਸਾਨਾਂ ਨੂੰ ਦੂਰਦਰਸ਼ੀ ਹੋਣ ਦੀ ਲੋੜ ਹੈ। ਅੱਜ, ਸਾਡੇ ਕਿਸਾਨ ਸਿਰਫ਼ ਪੈਦਾਵਾਰ ਤੱਕ ਸੀਮਤ ਹਨ। ਕਿਸਾਨ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਇਹ ਦੇਸ਼ ਦੇ ਸਭ ਤੋਂ ਵੱਡੇ ਵਪਾਰ ਵਿੱਚ ਆਪਣੀ ਸ਼ਮੂਲੀਅਤ ਵਧਾਉਣ ਦਾ ਸਮਾਂ ਹੈ ਜੋ ਖੇਤੀਬਾੜੀ ਜਾਂ ਪਸ਼ੂ ਪਾਲਣ ਨਾਲ ਸਬੰਧਤ ਹੈ।" ਧਨਖੜ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੂਰੀ ਫੂਡ ਪ੍ਰੋਸੈਸਿੰਗ ਸਨਅਤ ਖੇਤੀ ਉਪਜ 'ਤੇ ਅਧਾਰਤ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਅਧਾਰ 'ਤੇ ਮੁੱਲ ਵਾਧੇ ਦਾ ਹਿੱਸਾ ਬਣਨ ਦੀ ਜ਼ਰੂਰਤ ਹੈ।
The Hon'ble Vice President's wise words on Viksit Bharat are very timely and appropriate. He should be listened to seriously by those throwing out slogans and filmi dialogues thinking that theatrics is governance. Sadly, he continues to be ignored when he raises concerns of… https://t.co/9VVXp4wimS
— Jairam Ramesh (@Jairam_Ramesh) May 29, 2025
ਧਨਖੜ ਦੀਆਂ ਟਿੱਪਣੀਆਂ ਨੂੰ ਟੈਗ ਕਰਦੇ ਹੋਏ ਰਮੇਸ਼ ਨੇ ਕਿਹਾ, "ਵਿਕਸਤ ਭਾਰਤ ਬਾਰੇ ਮਾਣਯੋਗ ਉਪ ਰਾਸ਼ਟਰਪਤੀ ਦੇ ਸਿਆਣੇ ਸ਼ਬਦ ਬਹੁਤ ਮੌਕੇ ਦੇ ਅਤੇ ਢੁਕਵੇਂ ਹਨ। ਇਨ੍ਹਾਂ ਨੂੰ ਉਨ੍ਹਾਂ ਲੋਕਾਂ ਨੇ ਗੰਭੀਰਤਾ ਨਾਲ ਸੁਣਨਾ ਚਾਹੀਦਾ ਹੈ ਜੋ ਮਿਹਜ਼ ਨਾਅਰੇਬਾਜ਼ੀ ਅਤੇ ਫਿਲਮੀ ਸੰਵਾਦਾਂ ਨੂੰ ਹੀ ਸ਼ਾਸਨ ਸਮਝੀ ਜਾਂਦੇ ਹਨ।"
ਰਮੇਸ਼ ਨੇ ਇਕ ਐਕਸ ਪੋਸਟ ਵਿਚ ਕਿਹਾ, "ਦੁੱਖ ਦੀ ਗੱਲ ਹੈ ਕਿ ਜਦੋਂ ਉਹ ਕਿਸਾਨਾਂ ਦੀਆਂ ਚਿੰਤਾਵਾਂ ਪ੍ਰਗਟਾਉਂਦੇ ਹਨ ਤਾਂ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਦੋਂਕਿ ਕਿ ਉਹ ਖੁਦ ਇਕ ਕਿਸਾਨ ਹਨ।" -ਪੀਟੀਆਈ