‘ਵੋਟ ਅਧਿਕਾਰ ਰੈਲੀ’: ਕਾਂਗਰਸ ਪਾਰਟੀ ਬੰਗਲੁਰੂ ਵਿੱਚ ਵੱਡੇ ਪ੍ਰਦਰਸ਼ਨ ਲਈ ਤਿਆਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਬੰਗਲੁਰੂ ਦੇ ਫਰੀਡਮ ਪਾਰਕ ਵਿੱਚ ਪਾਰਟੀ ਦੀ ‘ਵੋਟ ਅਧਿਕਾਰ ਰੈਲੀ’ ਕਰਨ ਜਾ ਰਹੇ ਹਨ। ਇਹ ਰੈਲੀ ਕਥਿਤ ‘ਵੋਟ ਚੋਰੀ’ ਦੇ ਵਿਰੋਧ ਵਿੱਚ ਕੀਤੀ ਜਾ...
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਬੰਗਲੁਰੂ ਦੇ ਫਰੀਡਮ ਪਾਰਕ ਵਿੱਚ ਪਾਰਟੀ ਦੀ ‘ਵੋਟ ਅਧਿਕਾਰ ਰੈਲੀ’ ਕਰਨ ਜਾ ਰਹੇ ਹਨ। ਇਹ ਰੈਲੀ ਕਥਿਤ ‘ਵੋਟ ਚੋਰੀ’ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ। ‘ਸਾਡਾ ਵੋਟ, ਸਾਡਾ ਅਧਿਕਾਰ, ਸਾਡਾ ਸੰਘਰਸ਼’ ਸਿਰਲੇਖ ਹੇਠ ਇਹ ਸਮਾਗਮ ਫਰੀਡਮ ਪਾਰਕ ਵਿੱਚ ਹੋਣ ਜਾ ਰਿਹਾ ਹੈ। ਇਸ ਰੈਲੀ ਰਾਹੀਂ ਕਾਂਗਰਸ ਨੇ ਕਰਨਾਟਕ ਨੂੰ ਕਥਿਤ ਚੋਣ ਧੋਖਾਧੜੀ ਵਿਰੁੱਧ ਅੰਦੋਲਨ ਲਈ ਲਾਂਚ ਪੈਡ ਵਜੋਂ ਵਰਤਣ ਦਾ ਫੈਸਲਾ ਕੀਤਾ ਹੈ।
ਪਾਰਟੀ ਨੇ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਦੇ ਆਪਣੇ ਅਧਿਐਨ ਦੇ ਆਧਾਰ ’ਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਰਨਾਟਕ ਵਿੱਚ ਚੋਣ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਮੁੱਖ ਮੰਤਰੀ ਸਿੱਧਰਮਈਆ, ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ (ਕੇਪੀਸੀਸੀ) ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ, ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ, ਰਣਦੀਪ ਸਿੰਘ ਸੂਰਜੇਵਾਲਾ, ਕੇਪੀਸੀਸੀ ਦੇ ਕਾਰਜਕਾਰੀ ਪ੍ਰਧਾਨ, ਮੰਤਰੀ, ਅਤੇ ਨਾਲ ਹੀ ਪਾਰਟੀ ਆਗੂ ਅਤੇ ਵਰਕਰ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ।
ਪਾਰਟੀ ਨੇ ਆਪਣੀ ਗੱਲ ਸਾਬਤ ਕਰਨ ਲਈ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਵਿੱਚ ਵੋਟਿੰਗ ਪੈਟਰਨ ਅਤੇ ਵੋਟਰ ਸੂਚੀ ਨੂੰ ਨਮੂਨੇ ਵਜੋਂ ਲਿਆ ਹੈ। ਪੂਰੀ ਲੋਕ ਸਭਾ ਸੀਟ ਵਿੱਚ ਕਾਂਗਰਸ ਨੂੰ 6,26,208 ਵੋਟਾਂ ਮਿਲੀਆਂ ਜਦੋਂ ਕਿ ਭਾਜਪਾ ਨੂੰ 6,58,915 ਵੋਟਾਂ ਮਿਲੀਆਂ, ਜਿਸ ਵਿੱਚ ਜਿੱਤ ਦਾ ਅੰਤਰ 32,707 ਸੀ।
ਇਹ ਵਿਰੋਧ ਪ੍ਰਦਰਸ਼ਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਮਹੱਤਵਪੂਰਨ ਬਿਹਾਰ ਵਿਧਾਨ ਸਭਾ ਚੋਣਾਂ ਨੇੜੇ ਹਨ। ਇਸ ਸਮਾਗਮ ਦੇ ਮੱਦੇਨਜ਼ਰ ਬੰਗਲੁਰੂ ਟਰੈਫਿਕ ਪੁਲੀਸ ਨੇ ਐੱਮਜੀ ਰੋਡ, ਕਬਨ ਰੋਡ ਅਤੇ ਓਲਡ ਏਅਰਪੋਰਟ ਰੋਡ ’ਤੇ ਪਾਬੰਦੀਆਂ ਲਗਾਉਂਦੇ ਹੋਏ ਇੱਕ ਯਾਤਰਾ ਸਲਾਹ ਜਾਰੀ ਕੀਤੀ ਹੈ। -ਪੀਟੀਆਈ