ਭਾਰਤ ’ਚ ਵੋਟਾਂ ’ਤੇ ਮਾਰਿਆ ਜਾ ਰਿਹੈ ਡਾਕਾ: ਰਾਹੁਲ
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਬਿਹਾਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ਦੇ ਮੁੱਦੇ ਨੂੰ ਲੈ ਕੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਭਾਰਤ ’ਚ ਵੋਟਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਕਰਨਾਟਕ ’ਚ ਲੋਕ ਸਭਾ ਹਲਕੇ ਦਾ ਅਧਿਐਨ ਕਰਕੇ ਵੋਟਾਂ ਦੀ ਚੋਰੀ ਦੇ ਢੰਗ-ਤਰੀਕੇ ਦਾ ਪਤਾ ਲਗਾਇਆ ਹੈ। ਰਾਹੁਲ ਨੇ ਕਿਹਾ ਕਿ ਉਹ ਵੋਟਾਂ ਦੀ ਚੋਰੀ ਹੋਣ ਦੇ ਤਰੀਕੇ ਬਾਰੇ ਲੋਕਾਂ ਅਤੇ ਚੋਣ ਕਮਿਸ਼ਨ ਨੂੰ ਜਾਣਕਾਰੀ ਦੇਣਗੇ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ‘ਇੰਡੀਆ’ ਗੱਠਜੋੜ ਖਾਮੋਸ਼ ਨਹੀਂ ਬੈਠੇਗਾ ਅਤੇ ਸੰਸਦ ਤੋਂ ਸੜਕ ਤੱਕ ਜੰਗ ਲੜੀ ਜਾਵੇਗੀ। ਰਾਹੁਲ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਬਿਹਾਰ ’ਚ ਘਰ ਘਰ ਜਾ ਕੇ ਵੋਟਰ ਸੂਚੀਆਂ ਦੀ ਕੀਤੀ ਜਾ ਰਹੀ ਵਿਸ਼ੇਸ਼ ਸੁਧਾਈ ਦੌਰਾਨ ਚੋਣ ਅਧਿਕਾਰੀਆਂ ਨੇ 52 ਲੱਖ ਤੋਂ ਵੱਧ ਵੋਟਰਾਂ ਦੇ ਆਪਣੇ ਪਤਿਆਂ ’ਤੇ ਨਾ ਮਿਲਣ ਅਤੇ 18 ਲੱਖ ਹੋਰਾਂ ਦੀ ਮੌਤ ਹੋਣ ਦਾ ਦਾਅਵਾ ਕੀਤਾ ਹੈ। ਸੰਸਦ ਭਵਨ ਕੰਪਲੈਕਸ ਦੇ ਬਾਹਰ ਕਾਂਗਰਸ ਸਮੇਤ ਹੋਰ ਪਾਰਟੀਆਂ ਦੇ ਆਗੂਆਂ ਨੇ ਪ੍ਰਦਰਸ਼ਨ ਕੀਤਾ ਅਤੇ ਹੱਥਾਂ ’ਤੇ ਕਾਲੀਆਂ ਪੱਟੀਆਂ ਬੰਨ੍ਹੀਆਂ। ਸੰਸਦ ਭਵਨ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਇਹ ਸਿਰਫ਼ 52 ਲੱਖ ਵੋਟਰਾਂ ਦਾ ਮਾਮਲਾ ਨਹੀਂ ਹੈ। ਇਹ ਸਿਰਫ਼ ਬਿਹਾਰ ਬਾਰੇ ਹੀ ਨਹੀਂ ਸਗੋਂ ਮਹਾਰਾਸ਼ਟਰ ’ਚ ਵੀ ਧੋਖਾਧੜੀ ਹੋਈ ਹੈ। ਅਸੀਂ ਚੋਣ ਕਮਿਸ਼ਨ ਨੂੰ ਸਵਾਲ ਪੁੱਛੇ, ਉਨ੍ਹਾਂ ਨੂੰ ਵੋਟਰ ਸੂਚੀ ਦਿਖਾਉਣ ਲਈ ਕਿਹਾ ਪਰ ਉਨ੍ਹਾਂ ਇਹ ਨਹੀਂ ਦਿਖਾਈ।