‘ਵੋਟ ਚੋਰੀ’: ਰਾਹੁਲ ਗਾਂਧੀ ਨੂੰ ਸ਼ਸ਼ੀ ਥਰੂਰ ਦਾ ਸਮਰਥਨ ਮਿਲਣ ’ਤੇ ਇਕਜੁੱਟ ਦਿਖੀ ਕਾਂਗਰਸ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਕਥਿਤ ਬੇਨਿਯਮੀਆਂ ਅਤੇ ‘ਵੋਟ ਚੋਰੀ’ ਨੂੰ ਲੈ ਕੇ ਚੋਣ ਕਮਿਸ਼ਨ (ਈ.ਸੀ.) ’ਤੇ ਦੋਸ਼ ਲਾਉਣ ਤੋਂ ਬਾਅਦ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਗਾਂਧੀ ਦੇ ਹੱਕ ਵਿਚ ਪੋਸਟ ਸਾਂਝੀ ਕੀਤੀ।
ਬੰਗਲੁਰੂ ਲੋਕ ਸਭਾ ਹਲਕੇ ਦੇ ਅਧੀਨ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਵਿੱਚ ‘ਵੋਟ ਚੋਰੀ’ ਦੀ ਪੇਸ਼ਕਾਰੀ ਦੀ ਪੋਸਟ ਨੂੰ ਸਾਂਝਾ ਕਰਦੇ ਹੋਏ, ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਥਰੂਰ ਨੇ ਲਿਖਿਆ,‘‘ਇਹ ਗੰਭੀਰ ਸਵਾਲ ਹਨ ਜਿਨ੍ਹਾਂ ਨੂੰ ਸਾਰੀਆਂ ਪਾਰਟੀਆਂ ਅਤੇ ਸਾਰੇ ਵੋਟਰਾਂ ਦੇ ਹਿੱਤਾਂ ਵਿੱਚ ਗੰਭੀਰਤਾ ਨਾਲ ਸੰਬੋਧਿਤ ਕੀਤਾ ਜਾਣਾ ਚਾਹੀਦਾ ਹੈ। ਸਾਡੀ ਲੋਕਤੰਤਰ ਦੀ ਭਰੋਸੇਯੋਗਤਾ ਨੂੰ ਅਯੋਗਤਾ, ਲਾਪਰਵਾਹੀ ਜਾਂ ਇਸ ਤੋਂ ਵੀ ਮਾੜੇ, ਜਾਣਬੁੱਝ ਕੇ ਕੀਤੀ ਗਈ ਛੇੜਛਾੜ ਨਾਲ ਨਸ਼ਟ ਹੋਣ ਦੇਣਾ ਬਹੁਤ ਕੀਮਤੀ ਹੈ। @ECISVEEP ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ @SpokespersonECI ਨੂੰ ਦੇਸ਼ ਨੂੰ ਸੂਚਿਤ ਕਰਦੇ ਰਹਿਣਾ ਚਾਹੀਦਾ ਹੈ।’’
ਥਰੂਰ ਦਾ ਆਪਣੇ ਨੇਤਾ ਰਾਹੁਲ ਗਾਂਧੀ ਨੂੰ ਸਮਰਥਨ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਸੀਨੀਅਰ ਕਾਂਗਰਸ ਨੇਤਾ ਉਦੋਂ ਤੋਂ ਪੁਰਾਣੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨਾਲ ਮੱਤਭੇਦ ਰੱਖਦੇ ਹਨ ਜਦੋਂ ਸਰਕਾਰ ਵੱਲੋਂ ਉਨ੍ਹਾਂ ਨੂੰ ਅਪਰੇਸ਼ਨ ਸਿੰਧੂਰ ਬਾਰੇ ਸਰਬ-ਪਾਰਟੀ ਵਫ਼ਦ ਦੀ ਅਗਵਾਈ ਕਰਨ ਲਈ ਚੁਣਿਆ ਗਿਆ ਸੀ। ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ, ਥਰੂਰ ਨੇ ਭਾਰਤ-ਪਾਕਿਸਤਾਨ ਸੰਘਰਸ਼ ਅਤੇ ਕੂਟਨੀਤਕ ਪਹੁੰਚ ’ਤੇ ਟਿੱਪਣੀਆਂ ਕੀਤੀਆਂ ਜੋ ਕਾਂਗਰਸ ਦੇ ਰੁਖ ਤੋਂ ਵੱਖ ਹਨ।
ਥਰੂਰ ਅਤੇ ਕਾਂਗਰਸ ਹਾਈ ਕਮਾਂਡ ਵਿਚਾਲੇ ਤਣਾਅ ਉਦੋਂ ਹੋਰ ਵਧ ਗਿਆ ਜਦੋਂ ਉਨ੍ਹਾਂ ਨੇ 'ਦਿ ਹਿੰਦੂ' ਲਈ ਇੱਕ ਲੇਖ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੂਟਨੀਤੀ ਦੀ ਪ੍ਰਸ਼ੰਸਾ ਕੀਤੀ, ਜਿਸ ਵਿੱਚ ਭਾਰਤ ਦੇ ਆਲਮੀ ਪੱਧਰ ’ਤੇ ਪ੍ਰਭਾਵ ਲਈ ਪ੍ਰਧਾਨ ਮੰਤਰੀ ਮੋਦੀ ਦੀ ਊਰਜਾ ਅਤੇ ਗਤੀਸ਼ੀਲਤਾ ਨੂੰ ਕੀਮਤੀ ਦੱਸਿਆ ਗਿਆ ਸੀ।
ਇਸ ਲੇਖ ਨੂੰ ਬਾਅਦ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਾਂਝਾ ਕੀਤਾ ਗਿਆ, ਜਿਸ ਨਾਲ ਥਰੂਰ ਦੀ ਵਫ਼ਾਦਾਰੀ ਬਾਰੇ ਕਿਆਸਅਰਾਈਆਂ ਤੇਜ਼ ਹੋ ਗਈਆਂ ਸਨ।
ਬੀਤੇ ਦਿਨ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਰਨਾਟਕ, ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਲੋਕ ਸਭਾ ਸੀਟ ਵਿੱਚ ਵੋਟਰ ਸੂਚੀ ਵਿੱਚ ਬੇਨਿਯਮੀਆਂ ਅਤੇ ਕਈ ਬੂਥਾਂ ਅਤੇ ਰਾਜਾਂ ਵਿੱਚ ਇੱਕ ਹੀ ਵੋਟਰ ਦਾ ਨਾਮ ਹੋਣ ਦਾ ਦੋਸ਼ ਲਗਾਇਆ। ਹਾਲਾਂਕਿ, ਵੀਰਵਾਰ ਨੂੰ ਹੀ ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਦੇ ਦੋਸ਼ ਨੂੰ ਖਾਰਜ ਕਰ ਦਿੱਤਾ ਸੀ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਈ ਨੇਤਾਵਾਂ ਨੇ ਰਾਹੁਲ ਗਾਂਧੀ ਦੀ ਸਖ਼ਤ ਆਲੋਚਨਾ ਕੀਤੀ ਹੈ।
ਇਸ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸਬੂਤਾਂ ਦੇ ਨਾਲ ਲੋਕ ਸਭਾ ਚੋਣਾਂ ਵਿੱਚ 'ਵੋਟਰ ਧੋਖਾਧੜੀ' ਨੂੰ ਬੇਨਕਾਬ ਕੀਤਾ ਹੈ। ਸਿੱਧਰਮਈਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਕਿਹਾ ਕਿ "ਨਰਿੰਦਰ ਮੋਦੀ ਚੋਣ ਕਮਿਸ਼ਨ ਦੀ ਦੁਰਵਰਤੋਂ ਕਰਕੇ, ਵੋਟਾਂ ਚੋਰੀ ਕਰਕੇ ਅਤੇ ਸੱਤਾ ਦੀ ਦੁਰਵਰਤੋਂ ਕਰਕੇ ਪ੍ਰਧਾਨ ਮੰਤਰੀ ਬਣੇ ਹਨ। ਉਨ੍ਹਾਂ ਨੂੰ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਭੰਗ ਕਰ ਦੇਣਾ ਚਾਹੀਦਾ ਹੈ। "