ਕੇਦਾਰਨਾਥ ’ਚ ਵਾਤਾਵਰਨ ਨੇਮਾਂ ਦੀ ਉਲੰਘਣਾ
ਦੇਹਰਾਦੂਨ, 26 ਅਪਰੈਲ
ਉੱਤਰਾਖੰਡ ਪ੍ਰਦੂਸ਼ਣ ਕੰਟਰੋਲ ਬੋਰਡ (ਯੂਕੇਪੀਸੀਬੀ) ਨੇ ਪ੍ਰਸਿੱਧ ਹਿਮਾਲਿਆਈ ਮੰਦਰ ਵਿੱਚ ਵਾਤਾਵਰਨ ਨੇਮਾਂ ਦੀ ਕਥਿਤ ਉਲੰਘਣਾ ਲਈ ਕੇਦਾਰਨਾਥ ਨਗਰ ਪੰਚਾਇਤ ਅਤੇ ਲੋਕ ਨਿਰਮਾਣ ਵਿਭਾਗ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।
ਯੂਕੇਪੀਸੀਬੀ ਨੇ ਕਿਹਾ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਇੱਕ ਸਾਂਝੀ ਟੀਮ ਵੱਲੋਂ ਕੇਦਾਰਨਾਥ ਵਿੱਚ ਠੋਸ-ਰਹਿੰਦ ਪ੍ਰਬੰਧਨ ਅਤੇ ਸੀਵਰੇਜ-ਨਿਪਟਾਰਾ ਵਿਧੀ ਦੇ ਨਿਰੀਖਣ ਦੌਰਾਨ ਇਸ ਵਿੱਚ ਗੰਭੀਰ ਨੁਕਸ ਪਾਏ ਜਾਣ ਮਗਰੋਂ, ਕੌਮੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਵੱਲੋਂ ਜਾਰੀ ਕੀਤੇ ਗਏ ਆਦੇਸ਼ ਦੀ ਪਾਲਣਾ ਤਹਿਤ ਇਹ ਨੋਟਿਸ ਜਾਰੀ ਕੀਤੇ ਗਏ ਹਨ। ਟੀਮ ਨੇ ਦੌਰੇ ਦੌਰਾਨ ਦੇਖਿਆ ਸੀ ਕਿ ਕੂੜੇਦਾਨਾਂ ਤੋਂ ਇਕੱਠੀ ਕੀਤੀ ਠੋਸ ਰਹਿੰਦ-ਖੂੰਹਦ ਵੱਖ-ਵੱਖ ਕੀਤੀ ਗਈ ਸੀ ਅਤੇ ਇੱਕ ਛੋਟੇ ਟੋਏ ਵਿੱਚ ਇਕੱਠੀ ਕੀਤੀ ਗਈ ਸੀ, ਜਿਹੜਾ ਤਕਨੀਕੀ ਤੌਰ ’ਤੇ ਸਹੀ ਤਰੀਕੇ ਨਾਲ ਨਹੀਂ ਬਣਾਇਆ ਗਿਆ ਸੀ ਤੇ ਫਰਸ਼ ਸੀਮਿੰਟ ਦੀ ਨਹੀਂ ਸੀ।
ਯੂਕੇਪੀਸੀਬੀ ਦੇ ਮੈਂਬਰ ਸਕੱਤਰ ਪਰਾਗ ਮਧੂਕਰ ਧਕਾਤੇ ਨੇ ਕੇਦਾਰਨਾਥ ਨਗਰ ਪੰਚਾਇਤ ਦੇ ਕਾਰਜਕਾਰੀ ਅਧਿਕਾਰੀ ਨੂੰ ਭੇਜੇ ਨੋਟਿਸ ਵਿੱਚ ਕਿਹਾ ਕਿ ਟੀਮ ਨੂੰ ਇਹ ਵੀ ਪਤਾ ਲੱਗਾ ਸੀ ਕਿ ਬਿਨਾਂ ਸੋਧੇ ਸੀਵਰੇਜ ਦਾ ਪਾਣੀ ਮੰਦਾਕਿਨੀ ਅਤੇ ਸਰਸਵਤੀ ਨਦੀਆਂ ਵਿੱਚ ਛੱਡਿਆ ਜਾ ਰਿਹਾ ਹੈ। ਟੀਮ ਨੇ ਦੇਖਿਆ ਕਿ ਕੇਦਾਰਨਾਥ ਵਿਖੇ 600-ਕੇਐੱਲਡੀ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਨਿਰਮਾਣ ਅਧੀਨ ਹੈ ਤੇ ਕੁਝ ਥਾਵਾਂ ’ਤੇ ਟਾਇਲਟ ਸੋਕ ਪਿਟਸ ਜ਼ਿਆਦਾ ਭਰੇ ਹੋਏ ਸਨ ਜਿਨ੍ਹਾਂ ਦੀ ਰੈਗੂਲਰ ਸਫਾਈ ਦੀ ਲੋੜ ਸੀ।
ਨੋਇਡਾ-ਅਧਾਰਤ ਆਰਟੀਆਈ ਕਾਰਕੁਨ ਅਮਿਤ ਗੁਪਤਾ ਜਿਸ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਗਈ ਸੀ, ਨੇ ਕਿਹਾ ਕਿ ਐੱਸਟੀਪੀ ਦੇ ਕੰਮ ਨੂੰ ਪੂਰਾ ਕਰਨ ਦੀ ਅਸਲ ਸਮਾਂ-ਸੀਮਾ ਦਸੰਬਰ 2024 ਸੀ, ਜਿਸ ਨੂੰ ਹੁਣ ਮਈ 2025 ਤੱਕ ਵਧਾ ਦਿੱਤਾ ਗਿਆ ਹੈ। ਸਬੰਧਤ ਅਧਿਕਾਰੀਆਂ ਨੂੰ ਅਣਸੋਧਿਆ ਸੀਵਰੇਜ ਨਿਕਾਸ ਨਦੀਆਂ ਨੇ ਪੈਣ ਦੇਣਾ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਨੋਟਿਸਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਰ ਸਾਲ ਚਾਰ ਧਾਮ ਯਾਤਰਾ ਦੇ ਸਿਖਰ ਦੌਰਾਨ ਕੇਦਾਰਨਾਥ ਜਾਣ ਵਾਲੇ ਸ਼ਰਧਾਲੂਆਂ ਦੀ ਵਧ ਰਹੀ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਨਿਰਮਾਣ ਅਧੀਨ ਐੱਸਟੀਪੀ ਦੀ ਸਮਰੱਥਾ ਵਧਾਈ ਜਾਣੀ ਚਾਹੀਦੀ ਹੈ। ਨੋਟਿਸਾਂ ਮੁਤਾਬਕ ਗੁਪਤਕਾਸ਼ੀ ਵਿੱਚ ਕੇਦਾਰਨਾਥ ਨਗਰ ਪੰਚਾਇਤ ਦੇ ਈਓ ਅਤੇ ਪੀਡਬਲਯੂਡੀ ਦੇ ਕਾਰਜਕਾਰੀ ਇੰਜੀਨੀਅਰ ਨੂੰ ਵਾਤਾਵਰਨ ਮੁਆਵਜ਼ਾ ਸਹਿਣ ਕਰਨਾ ਪਵੇਗਾ ਅਤੇ ਜੇਕਰ ਉਹ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਹਨ ਤਾਂ ਹੋਰ ਕਾਨੂੰਨੀ ਨਤੀਜੇ ਭੁਗਤਣੇ ਪੈਣਗੇ। ਚਾਰ ਧਾਮ ਯਾਤਰਾ 30 ਅਪਰੈਲ ਨੂੰ ਉੱਤਰਕਾਸ਼ੀ ਵਿੱਚ ਗੰਗੋਤਰੀ ਅਤੇ ਯਮਨੋਤਰੀ ਮੰਦਰਾਂ ਦੇ ਖੁੱਲ੍ਹਣ ਨਾਲ ਸ਼ੁਰੂ ਹੋਣੀ ਹੈ। ਕੇਦਾਰਨਾਥ ਮੰਦਰ 2 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਜਾਵੇਗਾ। -ਪੀਟੀਆਈ