ਉਲੰਘਣਾ-ਦਰ-ਉਲੰਘਣਾ: ਹੁਣ ਬੁੱਢੇ ਦਰਿਆ ’ਤੇ ਇੱਕ ਹੋਰ ਭੀੜ ਪਈ
ਦਰਿਆ ਦਾ ਵਹਿਣ ਪ੍ਰਭਾਵਿਤ ਹੋਣ ਦਾ ਖਦਸ਼ਾ; ਐੱਨ ਜੀ ਟੀ ’ਚ ਪਹਿਲਾਂ ਹੀ ਚੱਲ ਰਹੀ ਹੈ ਸੁਣਵਾੲੀ
ਬੁੱਢੇ ਦਰਿਆ ਦੀ ਚੌੜਾਈ ਘਟਾ ਕੇ ਹਲਕਾ ਉੱਤਰੀ ਵਿੱਚ ਰਿਟੇਨਿੰਗ ਦੀਵਾਰ ਬਣਾਈ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੌਮੀ ਗਰੀਨ ਟ੍ਰਿਬਿਊਨਲ (ਐੱਨ ਜੀ ਟੀ) ਵਿੱਚ ਪਹਿਲਾਂ ਹੀ ਦਰਿਆ ਦੀ ਚੌੜਾਈ ਘਟਾਉਣ ਦਾ ਮੁੱਦਾ ਚੱਲ ਰਿਹਾ ਹੈ। ਇਸ ਦੇ ਬਾਵਜੂਦ ਐੱਨ ਜੀ ਟੀ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਨਗਰ ਨਿਗਮ ਸ਼ਿਵਪੁਰੀ ਚੌਕ ਨੇੜੇ ਰਿਟੇਨਿੰਗ ਵਾਲ ਦੀ ਲਗਾਤਾਰ ਉਸਾਰੀ ਕਰ ਰਿਹਾ ਹੈ। ਦੀਵਾਰ ਬਣਾਉਣ ਲਈ ਬੁੱਢਾ ਦਰਿਆ ਦੇ ਵਹਾਅ ਨੂੰ ਇੱਕ ਪਾਸੇ ਰੋਕ ਦਿੱਤਾ ਗਿਆ ਹੈ। ਕੁਝ ਮੀਟਰ ਦੀ ਦੂਰੀ ’ਤੇ ਇੱਕ ਪੁਲ ਬਣਾਇਆ ਜਾ ਰਿਹਾ ਹੈ। ਦੀਵਾਰ ਨੂੰ ਸ਼ਿਵਪੁਰੀ ਦੇ ਨੇੜੇ ਬਣ ਰਹੇ ਨਵੇਂ ਪੁਲ ਨਾਲ ਜੋੜਿਆ ਜਾ ਰਿਹਾ ਹੈ। ਇਸ ਦੀਵਾਰ ਦੀ ਉਸਾਰੀ ਨਾਲ ਆਵਾਜਾਈ ਵਿੱਚ ਰਾਹਤ ਜ਼ਰੂਰ ਮਿਲੇਗੀ ਪਰ ਨਾਲ ਹੀ ਦਰਿਆ ਦੀ ਚੌੜਾਈ ਘੱਟ ਹੋਣ ਕਾਰਨ ਮੀਂਹ ਦੌਰਾਨ ਪਾਣੀ ਦੇ ਓਵਰਫਲੋਅ ਹੋਣ ਦਾ ਖ਼ਤਰਾ ਹੋਰ ਵਧ ਜਾਵੇਗਾ। ਐੱਨ ਜੀ ਟੀ ਨੇ ਬੁੱਢੇ ਦਰਿਆ ’ਤੇ ਕਿਸੇ ਵੀ ਉਸਾਰੀ ’ਤੇ ਰੋਕ ਵੀ ਲਗਾਈ ਹੋਈ ਹੈ। ਉਧਰ, ਬੁੱਢੇ ਦਰਿਆ ’ਤੇ ਚੱਲ ਰਹੇ ਉਸਾਰੀ ਦੇ ਕੰਮ ਬਾਰੇ ਕੋਈ ਵੀ ਅਧਿਕਾਰੀ ਟਿੱਪਣੀ ਕਰਨ ਲਈ ਤਿਆਰ ਨਹੀਂ ਹੈ ਅਤੇ ਹਰ ਕੋਈ ਐੱਨ ਜੀ ਟੀ ਦੇ ਹੁਕਮਾਂ ਤੋਂ ਅਣਜਾਣ ਹੋਣ ਦਾ ਬਹਾਨਾ ਬਣਾ ਰਿਹਾ ਹੈ।
ਦਰਅਸਲ, ਪਿਛਲੇ ਸਮੇਂ ਦੌਰਾਨ ਲੁਧਿਆਣਾ ਦੀ ਪਬਲਿਕ ਐਕਸ਼ਨ ਕਮੇਟੀ ਦੇ ਕਪਿਲ ਦੇਵ ਅਤੇ ਕੁਲਦੀਪ ਸਿੰਘ ਖਹਿਰਾ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਵਿੱਚ ਬੁੱਢਾ ਦਰਿਆ ਦੇ ਕੰਢੇ ਚੱਲ ਰਹੀ ਆਰ ਸੀ ਸੀ ਰਿਟੇਨਿੰਗ ਵਾਲ ਅਤੇ ਸੜਕ ਉਸਾਰੀ ਬਾਰੇ ਕੇਸ ਦਾਇਰ ਕੀਤਾ ਸੀ। ਐੱਨ ਜੀ ਟੀ ਨੇ ਇਸ ਸਬੰਧ ਵਿੱਚ ਇੱਕ ਸਾਂਝੀ ਜਾਂਚ ਕਮੇਟੀ ਦੇ ਗਠਨ ਦਾ ਹੁਕਮ ਦਿੱਤਾ ਸੀ। ਇਹ ਹੁਕਮ ਜੁਲਾਈ ਮਹੀਨੇ ਵਿੱਚ ਜਾਰੀ ਕੀਤਾ ਗਿਆ ਸੀ। ਕਪਿਲ ਦੇਵ ਅਤੇ ਕੁਲਦੀਪ ਸਿੰਘ ਖਹਿਰਾ ਨੇ ਦੋਸ਼ ਲਗਾਇਆ ਕਿ ਲੁਧਿਆਣਾ ਨਗਰ ਨਿਗਮ ਵੱਲੋਂ ਬੁੱਢਾ ਦਰਿਆ ਦੇ ਨਾਲ ਆਰ ਸੀ ਸੀ ਦੀਵਾਰ ਅਤੇ ਸੜਕ ਬਣਾਉਣ ਨਾਲ ਉਸ ਦੀ ਚੌੜਾਈ 58 ਫੁੱਟ ਤੋਂ ਘੱਟ ਕੇ ਲਗਭਗ 35 ਫੁੱਟ ਹੋ ਜਾਵੇਗੀ ਜਿਸ ਨਾਲ ਇਸ ਦੇ ਵਹਾਅ ’ਤੇ ਗੰਭੀਰ ਅਸਰ ਪਵੇਗਾ ਜਦੋਂ ਕਿ ਪਹਿਲਾਂ ਕਬਜ਼ੇ ਹਟਾਏ ਜਾਣੇ ਸਨ। ਇਸ ਨਾਲ ਬੁੱਢੇ ਦਰਿਆ ਦਾ ਪ੍ਰਦੂਸ਼ਿਤ ਪਾਣੀ ਨੇੜਲੀਆਂ ਕਾਲੋਨੀਆਂ ਵਿੱਚ ਫੈਲ ਸਕਦਾ ਹੈ। ਦੋਹਾਂ ਨੇ ਕਿਹਾ ਕਿ ਰਿਟੇਨਿੰਗ ਵਾਲ ਦਾ ਮੁੱਦਾ ਐੱਨ ਜੀ ਟੀ ਕੋਲ ਦੁਬਾਰਾ ਉਠਾਇਆ ਜਾਵੇਗਾ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਅਤੇ ਜਵਾਬਦੇਹੀ ਲਈ ਅਪੀਲ ਕੀਤੀ ਜਾਵੇਗੀ।
ਐੱਨ ਜੀ ਟੀ ਪਾਬੰਦੀ ਤੋਂ ਅਣਜਾਣ ਹਨ ਨਿਗਮ ਕਮਿਸ਼ਨਰ
ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਕਿਹਾ ਕਿ ਸ਼ਿਵਪੁਰੀ ਪੁਲੀ ਨੇੜੇ ਰਿਟੇਨਿੰਗ ਵਾਲ ਬਣਾਉਣ ਦਾ ਕੰਮ ਚੱਲ ਰਿਹਾ ਹੈ। ਉਹ ਬੁੱਢਾ ਦਰਿਆ ’ਤੇ ਐੱਨ ਜੀ ਟੀ ਦੀ ਪਾਬੰਦੀ ਤੋਂ ਅਣਜਾਣ ਹਨ ਅਤੇ ਨਾ ਹੀ ਉਨ੍ਹਾਂ ਕੋਲ ਐੱਨ ਜੀ ਟੀ ਦੇ ਕੋਈ ਹੁਕਮ ਹਨ। ਕਾਰਜਕਾਰੀ ਅਧਿਕਾਰੀ ਰਮਨ ਕੌਸ਼ਲ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ ਅਤੇ ਉਹ ਇਸ ਸਵਾਲ ਦਾ ਜਵਾਬ ਐੱਸ ਡੀ ਓ ਨਾਲ ਚਰਚਾ ਕਰਨ ਤੋਂ ਬਾਅਦ ਹੀ ਦੇਣਗੇ।

