Vimal Negi death case: Accused ASI sent to one-day CBI remand by court ਇੱਥੋਂ ਦੀ ਅਦਾਲਤ ਨੇ ਵਿਮਲ ਨੇਗੀ ਮੌਤ ਦੇ ਮਾਮਲੇ ਵਿੱਚ ਸਬੂਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਮੁਅੱਤਲ ਕੀਤੇ ਸਹਾਇਕ ਸਬ ਇੰਸਪੈਕਟਰ ਪੰਕਜ ਸ਼ਰਮਾ ਨੂੰ ਇੱਕ ਦਿਨ ਦੇ ਸੀਬੀਆਈ ਰਿਮਾਂਡ ’ਤੇ ਭੇਜ ਦਿੱਤਾ ਹੈ।
ਸੂਤਰਾਂ ਨੇ ਦੱਸਿਆ ਕਿ ਸੀਬੀਆਈ ਨੇ ਪੰਜ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਸੀਜੇਐਮ ਨੇ ਮੁਲਜ਼ਮ ਦੀ ਇੱਕ ਦਿਨ ਦੀ ਹਿਰਾਸਤ ਮਨਜ਼ੂਰ ਕੀਤੀ।
ਪੰਕਜ ਸ਼ਰਮਾ ’ਤੇ ਹਿਮਾਚਲ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ (ਐਚਪੀਪੀਸੀਐਲ) ਦੇ ਮੁੱਖ ਇੰਜੀਨੀਅਰ ਵਿਮਲ ਨੇਗੀ ਦੀ ਭੇਤਭਰੀ ਹਾਲਤ ਵਿਚ ਹੋਈ ਮੌਤ ਦੇ ਮਾਮਲੇ ਵਿੱਚ ਸਬੂਤਾਂ ਨਾਲ ਛੇੜਛਾੜ ਕਰਨ ਦਾ ਦੋਸ਼ ਹੈ। ਜ਼ਿਕਰਯੋਗ ਹੈ ਕਿ ਵਿਮਲ ਨੇਗੀ 10 ਮਾਰਚ ਨੂੰ ਲਾਪਤਾ ਹੋ ਗਿਆ ਸੀ ਅਤੇ 18 ਮਾਰਚ ਨੂੰ ਬਿਲਾਸਪੁਰ ਜ਼ਿਲ੍ਹੇ ਦੇ ਗੋਬਿੰਦ ਸਾਗਰ ਦੇ ਸ਼ਾਹਤਲਾਈ ਖੇਤਰ ਵਿੱਚ ਮ੍ਰਿਤਕ ਪਾਇਆ ਗਿਆ ਸੀ। ਪੰਕਜ ਸ਼ਰਮਾ ਨੇ ਨੇਗੀ ਦੀ ਪੈੱਨ ਡਰਾਈਵ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਸਨ। ਪੋਸਟਮਾਰਟਮ ਰਿਪੋਰਟ ਅਨੁਸਾਰ ਨੇਗੀ ਦੀ ਮੌਤ ਉਸ ਦੀ ਲਾਸ਼ ਬਰਾਮਦ ਹੋਣ ਤੋਂ ਲਗਪਗ ਪੰਜ ਦਿਨ ਪਹਿਲਾਂ ਹੋ ਗਈ ਸੀ।
ਉਸ ਦੀ ਪਤਨੀ ਕਿਰਨ ਨੇਗੀ ਨੇ ਦੋਸ਼ ਲਗਾਇਆ ਸੀ ਕਿ ਪਿਛਲੇ ਛੇ ਮਹੀਨਿਆਂ ਤੋਂ ਉੱਚ ਅਧਿਕਾਰੀਆਂ ਦੁਆਰਾ ਉਸ ਨੂੰ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਨੇ ਉਸ ਨਾਲ ਦੁਰਵਿਹਾਰ ਵੀ ਕੀਤਾ ਸੀ। ਇਸ ਮਾਮਲੇ ਦੀ ਜਾਂਚ ਹਿਮਾਚਲ ਪ੍ਰਦੇਸ਼ ਪੁਲੀਸ ਦੀ ਇੱਕ ਵਿਸ਼ੇਸ਼ ਜਾਂਚ ਟੀਮ (SIT) ਵਲੋਂ ਕੀਤੀ ਜਾ ਰਹੀ ਸੀ। ਕਿਰਨ ਨੇ ਸੀਬੀਆਈ ਜਾਂਚ ਦੀ ਮੰਗ ਲਈ ਹਾਈ ਕੋਰਟ ਦਾ ਰੁਖ਼ ਕੀਤਾ ਸੀ ਅਤੇ ਅਦਾਲਤ ਨੇ ਉਸ ਦੀ ਪਟੀਸ਼ਨ ਸਵੀਕਾਰ ਕਰਦਿਆ 23 ਮਈ, 2025 ਨੂੰ ਕੇਸ ਨੂੰ ਏਜੰਸੀ ਨੂੰ ਦੇ ਦਿੱਤਾ ਸੀ। ਪੀਟੀਆਈ