DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਧਾਨ ਸਭਾ ਚੋਣਾਂ: ਮਹਾਰਾਸ਼ਟਰ ਤੇ ਝਾਰਖੰਡ ’ਚ ਪ੍ਰਚਾਰ ਬੰਦ

ਮਹਾਰਾਸ਼ਟਰ ਦੀਆਂ ਸਾਰੀਆਂ 288 ਅਤੇ ਝਾਰਖੰਡ ਵਿੱਚ ਦੂਜੇ ਗੇੜ ਦੌਰਾਨ 38 ਸੀਟਾਂ ’ਤੇ ਪੈਣਗੀਆਂ ਵੋਟਾਂ
  • fb
  • twitter
  • whatsapp
  • whatsapp
featured-img featured-img
ਮਹਾਰਾਸ਼ਟਰ ’ਚ ਰੈਲੀ ਦੌਰਾਨ ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ ਦਾ ਸਨਮਾਨ ਕਰਦੇ ਹੋਏ ਪਾਰਟੀ ਆਗੂ। -ਫੋਟੋ: ਪੀਟੀਆਈ
Advertisement

* ਉੱਤਰ ਪ੍ਰਦੇਸ਼ ’ਚ ਨੌਂ ਵਿਧਾਨ ਸਭਾ ਸੀਟਾਂ ਉੱਤੇ ਵੀ ਹੋਵੇਗੀ ਵੋਟਿੰਗ

ਮੁੰਬਈ/ਰਾਂਚੀ/ਲਖਨਊ, 18 ਨਵੰਬਰ

Advertisement

ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਅਤੇ ਝਾਰਖੰਡ ਦੀਆਂ 38 ਸੀਟਾਂ ’ਤੇ ਦੂਜੇ ਗੇੜ ਦੀ ਵੋਟਿੰਗ ਲਈ ਚੋਣ ਪ੍ਰਚਾਰ ਅੱਜ ਬੰਦ ਹੋ ਗਿਆ। ਇਹ ਵੋਟਾਂ 20 ਨਵੰਬਰ ਨੂੰ ਪੈਣਗੀਆਂ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀਆਂ ਨੌਂ ਵਿਧਾਨ ਸਭਾ ਸੀਟਾਂ ’ਤੇ ਵੀ 20 ਨਵੰਬਰ ਨੂੰ ਹੀ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ 43 ਸੀਟਾਂ ’ਤੇ ਵੋਟਿੰਗ 13 ਨਵੰਬਰ ਨੂੰ ਹੋਈ ਸੀ। ਕਈ ਥਾਵਾਂ ’ਤੇ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਚੋਣ ਅਮਲ ਨਿਰਪੱਖ ਢੰਗ ਨਾਲ ਨੇਪਰੇ ਚੜ੍ਹ ਸਕੇ। ਚੋਣ ਅਮਲੇ ਨੂੰ ਵੀ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਵੋਟਰ ਬਿਨਾਂ ਕਿਸੇ ਭੈਅ ਦੇ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰ ਸਕਣ। ਉੱਤਰ ਪ੍ਰਦੇਸ਼ ਵਿੱਚ ਜਿਨ੍ਹਾਂ ਨੌਂ ਸੀਟਾਂ ’ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ ਉਨ੍ਹਾਂ ਵਿੱਚ ਕਟੇਹਾਰੀ (ਅੰਬੇਡਕਰ ਨਗਰ), ਕਰਹਲ (ਮੈਨਪੁਰੀ), ਮੀਰਾਪੁਰ (ਮੁਜ਼ੱਫਰਨਗਰ), ਗਾਜ਼ੀਆਬਾਦ, ਮਝਵਾਂ (ਮਿਰਜ਼ਾਪੁਰ), ਸਿਸਾਮਊ (ਕਾਨਪੁਰ ਸ਼ਹਿਰ), ਖੈਰ (ਅਲੀਗੜ੍ਹ), ਫੂਲਪੁਰ (ਪ੍ਰਯਾਗਰਾਜ) ਅਤੇ ਕੁੰਦਰਕੀ (ਮੁਰਾਦਾਬਾਦ) ਸ਼ਾਮਲ ਹਨ।

ਸਿੱਲੀ ਵਿੱਚ ਰੈਲੀ ਦੌਰਾਨ ਬੱਚੇ ਨਾਲ ਲਾਡ ਲਡਾਉਂਦੇ ਹੋਏ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ। -ਫੋਟੋ: ਪੀਟੀਆਈ

ਮਹਾਰਾਸ਼ਟਰ ਵਿੱਚ ਮੁੱਖ ਮੁਕਾਬਲਾ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗੱਠਜੋੜ ਅਤੇ ਮਹਾ ਵਿਕਾਸ ਅਘਾੜੀ (ਐੱਮਵੀਏ) ਵਿਚਾਲੇ ਹੈ। ਦੋਹਾਂ ਗੱਠਜੋੜਾਂ ਨੇ ਆਪਣੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਵਾਹ ਲਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸੀ ਆਗੂ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ ਅਤੇ ਕਈ ਕੇਂਦਰੀ ਮੰਤਰੀਆਂ ਸਣੇ ਪ੍ਰਮੁੱਖ ਆਗੂਆਂ ਨੇ ਆਪੋ-ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਲਈ ਪ੍ਰਚਾਰ ਕੀਤਾ।

ਮਹਾਰਾਸ਼ਟਰ ਵਿੱਚ ਇਸ ਸਾਲ 4136 ਉਮੀਦਵਾਰ ਚੋਣ ਲੜ ਰਹੇ ਹਨ ਜਦਕਿ 2019 ਵਿੱਚ ਇਹ ਗਿਣਤੀ 3239 ਸੀ। ਇਨ੍ਹਾਂ ਉਮੀਦਵਾਰਾਂ ਵਿੱਚ 2086 ਆਜ਼ਾਦ ਹਨ। 150 ਤੋਂ ਵੱਧ ਚੋਣ ਖੇਤਰਾਂ ਵਿੱਚ ਬਾਗੀ ਉਮੀਦਵਾਰ ਮੈਦਾਨ ਵਿੱਚ ਹਨ। ਇਹ ਬਾਗੀ ਉਮੀਦਵਾਰ ਮਹਾਯੁਤੀ ਅਤੇ ਐੱਮਵੀਏ ਦੇ ਅਧਿਕਾਰਤ ਉਮੀਦਵਾਰਾਂ ਦੇ ਖ਼ਿਲਾਫ਼ ਚੋਣ ਲੜ ਰਹੇ ਹਨ। ਸੂਬੇ ਵਿੱਚ ਰਜਿਸਟਰਡ ਵੋਟਰਾਂ ਦੀ ਗਿਣਤੀ ਵਧ ਕੇ 9,63,69,410 ਹੋ ਗਈ ਹੈ ਜੋ ਕਿ 2019 ਵਿੱਚ 8,94,46,211 ਸੀ। -ਪੀਟੀਆਈ

Advertisement
×