ਭਗੌੜੇ ਲਲਿਤ ਮੋਦੀ ਤੇ ਵਿਜੈ ਮਾਲਿਆ ਦੀ ਲੰਡਨ ’ਚ ਆਲੀਸ਼ਾਨ ਪਾਰਟੀ ’ਚ ਗੀਤ ਗਾਉਂਦਿਆਂ ਦੀ ਵੀਡੀਓ ਵਾਇਰਲ
ਵੀਡੀਓ ਨਾਲ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਗੁੱਸਾ ਫੁੱਟਿਆ; ਦੋਵਾਂ ਨੂੰ ਵਾਪਸ ਭਾਰਤ ਲਿਆਉਣ ਤੇ ਆਲੀਸ਼ਾਨ ਜੀਵਨ ਸ਼ੈਲੀ ਦੀ ਨਵੇਂ ਸਿਰਿਓਂ ਜਾਂਚ ਕਰਵਾਉਣ ਦੀ ਮੰਗ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 4 ਜੁਲਾਈ
ਭਗੌੜੇ ਕਾਰੋਬਾਰੀ ਲਲਿਤ ਮੋਦੀ ਤੇ ਵਿਜੈ ਮਾਲਿਆ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਲੰਡਨ ’ਚ ਇਕ ਗਰੈਂਡ ਪਾਰਟੀ ’ਚ Frank Sinatra ਦਾ ਮਕਬੂਲ ਗੀਤ “I Did It My Way” ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਪਾਰਟੀ ਦੀ ਮੇਜ਼ਬਾਨੀ ਸਾਬਕਾ ਆਈਪੀਐੱਲ ਕਮਿਸ਼ਨਰ ਲਲਿਤ ਮੋਦੀ ਵੱਲੋਂ ਕੀਤੀ ਗਈ ਸੀ। ਮੋਦੀ ਵੱਲੋਂ ਖੁ਼ਦ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਵੀਡੀਓ ਨੂੰ ਲੈ ਕੇ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ। ਲੋਕ ਮੰਗ ਕਰ ਰਹੇ ਹਨ ਕਿ ਭਾਰਤੀ ਜਾਂਚ ਏਜੰਸੀਆਂ ਵੱਲੋਂ ਲੋੜੀਂਦੇ ਇਨ੍ਹਾਂ ਦੋਵਾਂ ਦੇ ਆਲੀਸ਼ਾਨ ਜੀਵਨ ਸ਼ੈਲੀ ਦੀ ਨਵੇਂ ਸਿਰੇ ਤੋਂ ਜਾਂਚ ਕੀਤੀ ਜਾਵੇ।
ਇਸ ਹਾਈ ਪ੍ਰੋਫਾਈਲ ਸਮਾਗਮ ਵਿਚ 310 ਤੋਂ ਵੱਧ ਮਹਿਮਾਨ ਮੌਜੁੂਦ ਸਨ, ਜਿਨ੍ਹਾਂ ਵਿਚ ਕੁੱਲ ਆਲਮ ਤੋਂ ਵੱਡੀਆਂ ਹਸਤੀਆਂ, ਨੇੜਲੇ ਦੋਸਤ ਮਿੱਤਰ ਤੇ ਪਰਿਵਾਰਕ ਮੈਂਬਰ ਸ਼ਾਮਲ ਸਨ। ਆਈਪੀਐੱਲ ਫਰੈਂਚਾਇਜ਼ੀ ਰੌਇਲ ਚੈਲੇਂਜਰਜ਼ ਬੰਗਲੁਰੂ (RCB) ਦਾ ਸਾਬਕਾ ਕ੍ਰਿਕਟਰ ਕ੍ਰਿਸ ਗੇਲ ਵੀ ਪਾਰਟੀ ਦਾ ਹਿੱਸਾ ਸੀ। ਗੇਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿਚ ਮੋਦੀ ਤੇ ਮਾਲਿਆ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੇ ਹੇਠਾਂ ਕੈਪਸ਼ਨ ਲਿਖੀ ਹੈ: ‘‘ਅਸੀਂ ਇਸ ਨੂੰ ਜੀ ਰਹੇ ਹਾਂ। ਇੱਕ ਸੁੰਦਰ ਸ਼ਾਮ ਲਈ ਧੰਨਵਾਦ।’’ ਗੇਲ ਨੇ ਇਹ ਤਸਵੀਰ ਮੋਦੀ ਤੇ ਮਾਲਿਆ ਦੋਵਾਂ ਨੂੰ ਟੈਗ ਕੀਤੀ ਹੈ।
ਸਾਬਕਾ ਆਈਪੀਐੱਲ ਕਮਿਸ਼ਨਰ ਮੋਦੀ ਨੇ ਇੰਸਟਾਗ੍ਰਾਮ ’ਤੇ ਪੋਸਟ ਕੀਤੀ ਵੀਡੀਓ ਹੇਠ ਕੈਪਸ਼ਨ ਲਿਖੀ, ‘‘310 ਦੋਸਤਾਂ ਅਤੇ ਪਰਿਵਾਰ ਨਾਲ ਇੱਕ ਸ਼ਾਨਦਾਰ ਰਾਤ ਬਿਤਾਈ... ਇਸ ਰਾਤ ਨੂੰ ਮੇਰੇ ਲਈ ਖਾਸ ਬਣਾਉਣ ਵਾਲੇ ਸਾਰਿਆਂ ਦਾ ਧੰਨਵਾਦ। ਉਮੀਦ ਹੈ ਕਿ ਇਹ ਵੀਡੀਓ ਇੰਟਰਨੈੱਟ ’ਤੇ ਧੂਮ ਨਹੀਂ ਮਚਾਵੇਗਾ। ਯਕੀਨਨ ਵਿਵਾਦਪੂਰਨ। ਪਰ ਇਹੀ ਉਹ ਹੈ ਜੋ ਮੈਂ ਸਭ ਤੋਂ ਵਧੀਆ ਕਰਦਾ ਹਾਂ।”
ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਤਿੱਖੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਯੂਜ਼ਰਜ਼ ਨੇ ਸਵਾਲ ਕੀਤਾ ਹੈ ਕਿ ਭਾਰਤ ਵਿੱਚ ਗੰਭੀਰ ਕਾਨੂੰਨੀ ਦੋਸ਼ਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਦੋ ਹਾਈ-ਪ੍ਰੋਫਾਈਲ ਭਗੌੜੇ ਲੰਡਨ ਵਿੱਚ ਅਜਿਹੀਆਂ ਸ਼ਾਨਦਾਰ ਪਾਰਟੀਆਂ ਦੀ ਮੇਜ਼ਬਾਨੀ ਅਤੇ ਇਨ੍ਹਾਂ ਵਿਚ ਹਾਜ਼ਰੀ ਕਿਵੇਂ ਭਰ ਸਕਦੇ ਹਨ। ਵਿਜੈ ਮਾਲਿਆ, ਜੋ 9000 ਕਰੋੜ ਰੁਪਏ ਦੇ ਕਰਜ਼ਾ ਕੇਸ ਵਿਚ ਡਿਫਾਲਟਰ ਹੈ, ਅਤੇ ਲਲਿਤ ਮੋਦੀ ਜੋ ਆਈਪੀਐੱਲ ਨਾਲ ਜੁੜੀਆਂ ਵਿੱਤੀ ਬੇਨੇਮੀਆਂ ਲਈ ਲੋੜੀਂਦਾ ਹੈ, ਪਿਛਲੇ ਕਈ ਸਾਲਾਂ ਤੋਂ ਭਗੌੜੇ ਹਨ ਤੇ ਭਾਰਤ ਨੂੰ ਸਪੁਰਦਗੀ ਤੋਂ ਬਚਦੇ ਆ ਰਹੇ ਹਨ।