Video: ‘ਚੋਣ ਪਾਕਿ ਤੇ ਜਹੱਨੁੰਮ ’ਚੋਂ ਹੈ, ਤਾਂ ਮੈਂ ਨਰਕ ਜਾਣਾ ਪਸੰਦ ਕਰਾਂਗਾ’: Javed Akhtar ਦਾ ਭਾਰਤ-ਪਾਕਿ ਕੱਟੜਪੰਥੀਆਂ ’ਤੇ ਤਨਜ਼
ਨਵੀਂ ਦਿੱਲੀ, 18 ਮਈ
ਬਾਲੀਵੁੱਡ ਦੇ ਪ੍ਰਸਿੱਧ ਗੀਤਕਾਰ ਅਤੇ ਪਟਕਥਾ ਲੇਖਕ ਜਾਵੇਦ ਅਖ਼ਤਰ, ਜਿਨ੍ਹਾਂ ਨੂੰ ਅਕਸਰ ਦੇਸ਼ ਭਗਤੀ ਅਤੇ ਧਰਮ ਬਾਰੇ ਆਪਣੇ ਵਿਚਾਰਾਂ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ, ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੂੰ ‘ਪਾਕਿਸਤਾਨ ਅਤੇ ਜਹੱਨੁੰਮ ਭਾਵ ਨਰਕ’ ਵਿੱਚੋਂ ਇੱਕ ਦੀ ਚੋਣ ਕਰਨੀ ਪਈ ਤਾਂ ਉਹ ‘ਨਰਕ ਵਿੱਚ ਜਾਣਾ ਪਸੰਦ ਕਰਨਗੇ’।
ਅਖ਼ਤਰ (80 ਸਾਲ) ਸ਼ਨਿੱਚਰਵਾਰ ਰਾਤ ਮੁੰਬਈ ਵਿੱਚ ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਸੰਜੇ ਰਾਊਤ ਦੀ ਕਿਤਾਬ ਰਿਲੀਜ਼ ਕਰਨ ਸਬੰਧੀ ਸਮਾਗਮ ਵਿੱਚ ਬੋਲ ਰਹੇ ਸਨ।
ਗ਼ੌਰਤਲਬ ਹੈ ਕਿ ਅਖ਼ਤਰ, ਜੋ ਆਪਣੇ ਆਪ ਨੂੰ ਨਾਸਤਿਕ (atheist) ਮੰੰਨਦੇ ਹਨ, ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਦੇ ਕੱਟੜਪੰਥੀ ਰੋਜ਼ਾਨਾ ਉਨ੍ਹਾਂ 'ਤੇ ਗਾਲ੍ਹਾਂ ਕੱਢਦੇ ਹਨ। ਉਨ੍ਹਾਂ ਕਿਹਾ, "ਕਿਸੇ ਦਿਨ, ਮੈਂ ਤੁਹਾਨੂੰ ਆਪਣਾ ਟਵਿੱਟਰ (ਹੁਣ X) ਅਤੇ WhatsApp ਦਿਖਾਵਾਂਗਾ। ਮੇਰੇ ਨਾਲ ਦੋਵੇਂ ਪਾਸਿਆਂ ਤੋਂ ਬਦਸਲੂਕੀ ਹੁੰਦੀ ਹੈ। ਮੈਂ ਬਹੁਤ ਖੁਲ੍ਹਦਿਲਾ ਵੀ ਨਹੀਂ ਹਾਂ ਤੇ ਮੈਂ ਕਹਾਂਗਾ ਕਿ ਅਜਿਹੇ ਕੁਝ ਲੋਕ ਵੀ ਹਨ ਜੋ ਮੇਰੀ ਗੱਲ ਦੀ ਕਦਰ ਕਰਦੇ ਹਨ, ਮੈਨੂੰ ਉਤਸ਼ਾਹਿਤ ਕਰਦੇ ਹਨ। ਪਰ ਇਹ ਵੀ ਸੱਚ ਹੈ ਕਿ ਮੈਨੂੰ ਇੱਧਰੋਂ ਅਤੇ ਉੱਧਰੋਂ ਦੋਵੇਂ ਕੱਟੜਪੰਥੀ ਗਾਲ੍ਹਾਂ ਕੱੱਢਦੇ ਹਨ। ਪਰ ਇਹ ਸਹੀ ਹੈ। ਜੇ ਉਨ੍ਹਾਂ ਵਿੱਚੋਂ ਕੋਈ ਇਕ ਧਿਰ ਮੈਨੂੰ ਗਾਲ੍ਹਾਂ ਦੇਣੀਆਂ ਬੰਦ ਕਰ ਦਿੰਦੀ ਹੈ, ਤਾਂ ਇਹ ਮੇਰੇ ਲਈ ਚਿੰਤਾ ਦਾ ਵਿਸ਼ਾ ਹੋਵੇਗਾ ਕਿ ਗੜਬੜ ਕਿਥੇ ਹੈ।’’
ਉਨ੍ਹਾਂ ਕਿਹਾ, "ਇੱਕ ਪਾਸਾ ਕਹਿੰਦਾ ਹੈ 'ਤੁਸੀਂ ਕਾਫ਼ਿਰ ਹੋ ਅਤੇ ਜਹੱਨੁੰਮ ਵਿੱਚ ਜਾਓਗੇ। ਦੂਜਾ ਪਾਸਾ ਕਹਿੰਦਾ ਹੈ, 'ਜਿਹਾਦੀ, ਪਾਕਿਸਤਾਨ ਚਲੇ ਜਾਹ'। ਹੁਣ ਜੇ ਚੋਣ ਪਾਕਿਸਤਾਨ ਅਤੇ ਜਹੱਨੁੰਮ ਭਾਵ ਨਰਕ ਵਿੱਚੋਂ ਹੈ, ਤਾਂ ਮੈਂ ਨਰਕ ਵਿੱਚ ਜਾਣਾ ਪਸੰਦ ਕਰਾਂਗਾ।"
ਉਨ੍ਹਾਂ ਦੀ ਇਸ ਗੱਲ ’ਤੇ ਹਾਲ ਤਾੜੀਆਂ ਨਾਲ ਗੂੰਜ ਪਿਆ। ਪੁਰਸਕਾਰ ਜੇਤੂ ਲੇਖਕ ਨੇ ਹੋਰ ਕਿਹਾ ਕਿ ਇਹ ਚੰਗਾ ਹੋਵੇ ਜੇ ਕੁਝ ਨਾਗਰਿਕ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਨਾ ਹੋਣ। -ਪੀਟੀਆਈ