ਉਪ-ਰਾਸ਼ਟਰਪਤੀ ਦੀ ਚੋਣ ਭਲਕੇ, ਰਾਧਾਕ੍ਰਿਸ਼ਨਨ ਅਤੇ ਸੁਦਰਸ਼ਨ ਰੈੱਡੀ ਦਰਮਿਆਨ ਸਿੱਧਾ ਮੁਕਾਬਲਾ
ਉਪ-ਰਾਸ਼ਟਰਪਤੀ ਦੀ ਭਲਕੇ ਹੋਣ ਵਾਲੀ ਚੋਣ ਲਈ ਸੱਤਾਧਾਰੀ ਐੱਨਡੀਏ ਦੇ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਅਤੇ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਬੀ. ਸੁਦਰਸ਼ਨ ਰੈੱਡੀ ਵਿਚਕਾਰ ਸਿੱਧੇ ਮੁਕਾਬਲੇ ਲਈ ਮੰਚ ਤਿਆਰ ਹੈ। ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਦਾ ਸਪੱਸ਼ਟ ਤੌਰ ’ਤੇ ਪਲੜਾ ਭਾਰੀ ਹੈ।
ਮੰਗਲਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਦੇ ਮੈਂਬਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੰਸਦ ਭਵਨ ਵਿੱਚ ਆਪਣੀ ਵੋਟ ਪਾਉਣਗੇ। ਵੋਟਾਂ ਦੀ ਗਿਣਤੀ ਸ਼ਾਮ 6 ਵਜੇ ਸ਼ੁਰੂ ਹੋਵੇਗੀ ਅਤੇ ਨਤੀਜਿਆਂ ਦਾ ਐਲਾਨ ਦੇਰ ਸ਼ਾਮ ਕੀਤਾ ਜਾਵੇਗਾ। ਉਪ-ਰਾਸ਼ਟਰਪਤੀ ਚੋਣਾਂ ਵਿੱਚ ਸੰਸਦ ਮੈਂਬਰ ਗੁਪਤ ਬੈਲਟ ਪ੍ਰਣਾਲੀ ਦੇ ਤਹਿਤ ਵੋਟ ਪਾਉਣ ਲਈ ਪਾਰਟੀ ਵ੍ਹਿਪਾਂ ਨਾਲ ਬੱਝੇ ਹੋਏ ਨਹੀਂ ਹੁੰਦੇ।
ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਅਤੇ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਧਿਰ ਦੇ ਗਰੁੱਪਾਂ ਨੇ ਚੋਣ ਪ੍ਰਕਿਰਿਆ ਬਾਰੇ ਆਪਣੇ-ਆਪਣੇ ਸੰਸਦ ਮੈਂਬਰਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਮੀਟਿੰਗਾਂ ਕੀਤੀਆਂ ਅਤੇ ਮੌਕ ਪੋਲਿੰਗ ਕਰਵਾਈ। ਸੰਸਦ ਮੈਂਬਰਾਂ ਨੂੰ ਬੈਲਟ ਪੇਪਰ ਦਿੱਤੇ ਜਾਣਗੇ ਜਿਨ੍ਹਾਂ ਵਿੱਚ ਦੋਵੇਂ ਉਮੀਦਵਾਰਾਂ ਦੇ ਨਾਮ ਹੋਣਗੇ ਅਤੇ ਉਨ੍ਹਾਂ ਨੂੰ ਆਪਣੀ ਪਸੰਦ ਦੇ ਉਮੀਦਵਾਰ ਦੇ ਨਾਮ ਅੱਗੇ '1' ਦਾ ਅੰਕ ਲਿਖ ਕੇ ਆਪਣੀ ਤਰਜੀਹ ਦਰਸਾਉਣੀ ਹੋਵੇਗੀ।
ਉਪ-ਰਾਸ਼ਟਰਪਤੀ ਚੋਣਾਂ ਦੇ ਨਿਯਮਾਂ ਵਿੱਚ ਕਿਹਾ ਗਿਆ ਹੈ, ‘‘ਅੰਕਾਂ ਨੂੰ ਭਾਰਤੀ ਅੰਕਾਂ ਦੇ ਕੌਮਾਂਤਰੀ ਰੂਪ ਵਿੱਚ ਜਾਂ ਰੋਮਨ ਰੂਪ ਵਿੱਚ ਜਾਂ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਵਰਤੇ ਗਏ ਰੂਪ ਵਿੱਚ ਚਿੰਨ੍ਹਿਤ ਕੀਤਾ ਜਾ ਸਕਦਾ ਹੈ, ਪਰ ਸ਼ਬਦਾਂ ਵਿੱਚ ਨਹੀਂ ਦੱਸਿਆ ਜਾਣਾ ਚਾਹੀਦਾ।’’
ਉਪ-ਰਾਸ਼ਟਰਪਤੀ ਚੋਣ ਲਈ ਰਾਜ ਸਭਾ ਤੋਂ 245 ਅਤੇ ਲੋਕ ਸਭਾ ਤੋਂ 543 ਸਮੇਤ ਕੁੱਲ 788 ਮੈਂਬਰ ਵੋਟ ਪਾਉਣਦ ਯੋਗ ਹਨ ਸ਼ਾਮਲ ਹਨ। ਰਾਜ ਸਭਾ ਦੇ 12 ਨਾਮਜ਼ਦ ਮੈਂਬਰ ਵੀ ਚੋਣ ਵਿੱਚ ਵੋਟ ਪਾਉਣ ਦੇ ਯੋਗ ਹਨ।
ਚੋਣਕਾਰ ਮੰਡਲ ਦੀ ਮੌਜੂਦਾ ਤਾਕਤ 781 ਹੈ ਕਿਉਂਕਿ ਰਾਜ ਸਭਾ ਵਿੱਚ ਛੇ ਸੀਟਾਂ ਅਤੇ ਲੋਕ ਸਭਾ ਵਿੱਚ ਇੱਕ ਸੀਟ ਖਾਲੀ ਹੈ। ਇਸ ਨਾਲ ਬਹੁਮਤ ਦਾ ਅੰਕੜਾ 391 ਬਣਦਾ ਹੈ। ਐੱਨਡੀਏ ਕੋਲ 425 ਸੰਸਦ ਮੈਂਬਰ ਹਨ, ਜਦੋਂ ਕਿ ਵਿਰੋਧੀ ਖੇਮੇ ਕੋਲ 324 ਦਾ ਸਮਰਥਨ ਹੈ।