ਉਪ ਰਾਸ਼ਟਰਪਤੀ ਚੋਣ: ਵਿਰੋਧੀ ਧਿਰ ਦੇ ਉਮੀਦਵਾਰ ਵੱਲੋਂ ਨਾਮਜ਼ਦਗੀ ਦਾਖਲ
ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਬੀ. ਸੁਦਰਸ਼ਨ ਰੈੱਡੀ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਰੈੱਡੀ ਦੇ ਨਾਮਜ਼ਦਗੀ ਪੱਤਰਾਂ ਦੇ ਚਾਰ ਸੈੱਟ ਦਾਖਲ ਕੀਤੇ ਗਏ ਹਨ, ਜਿਨ੍ਹਾਂ ’ਤੇ ਤਜਵੀਜ਼ਕਾਰ ਅਤੇ ਤਾਈਦਕਾਰ ਵਜੋਂ ਕਰੀਬ 160 ਸੰਸਦ ਮੈਂਬਰਾਂ ਨੇ ਦਸਤਖਤ ਕੀਤੇ ਹਨ, ਜਿਨ੍ਹਾਂ ਵਿੱਚ ਕਾਂਗਰਸ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਡੀਐੱਮਕੇ ਦੇ ਤਿਰੁਚੀ ਸ਼ਿਵਾ ਸ਼ਾਮਲ ਹਨ। ਨਾਮਜ਼ਦਗੀ ਦਾਖਲ ਕਰਨ ਮੌਕੇ ਸੋਨੀਆ, ਖੜਗੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਤਿਰੁਚੀ ਸ਼ਿਵਾ ਅਤੇ ਕਈ ਹੋਰ ਵਿਰੋਧੀ ਆਗੂ ਮੌਜੂਦ ਸਨ। ਰੈੱਡੀ ਨੇ ਕਿਹਾ, ‘ਅੱਜ ਮੈਨੂੰ ਵਿਰੋਧੀ ਪਾਰਟੀਆਂ ਦੇ ਸਾਂਝੇ ਉਮੀਦਵਾਰ ਵਜੋਂ ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਸਨਮਾਨ ਮਿਲਿਆ ਹੈ। ਮੈਂ ਇਹ ਕੰਮ ਨਿਮਰਤਾ, ਜ਼ਿੰਮੇਵਾਰੀ ਤੇ ਸਾਡੇ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਪ੍ਰਤੀ ਅਟੁੱਟ ਪ੍ਰਤੀਬੱਧਤਾ ਦੀ ਡੂੰਘੀ ਭਾਵਨਾ ਨਾਲ ਕੀਤਾ ਹੈ। ਇਹ ਚੋਣਾਂ ਸਿਰਫ਼ ਇੱਕ ਵਿਅਕਤੀ ਬਾਰੇ ਨਹੀਂ ਹਨ। ਇਸ ਸਾਡੇ ਮੋਢੀਆਂ ਦੇ ਸੁਫ਼ਨਮਈ ਭਾਰਤ ਦੇ ਵਿਚਾਰ ਦੀ ਪੁਸ਼ਟੀ ਬਾਰੇ ਹਨ। ਇੱਕ ਅਜਿਹਾ ਭਾਰਤ ਜਿੱਥੇ ਸੰਸਦ ਇਮਾਨਦਾਰੀ ਨਾਲ ਕੰਮ ਕਰੇ, ਜਿੱਥੇ ਅਸਹਿਮਤੀ ਦਾ ਸਨਮਾਨ ਕੀਤਾ ਜਾਵੇ ਅਤੇ ਜਿੱਥੇ ਸੰਸਥਾਵਾਂ ਆਜ਼ਾਦੀ ਤੇ ਨਿਰਪੱਖਤਾ ਨਾਲ ਲੋਕਾਂ ਦੀ ਸੇਵਾ ਕਰਨ।’ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਰੈੱਡੀ ਨੇ ਕਿਹਾ, ‘‘ਮੈਂ ਕੱਲ੍ਹ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ। ਮੈਂ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਨਹੀਂ ਹਾਂ, ਇਸ ਲਈ ਮੈਨੂੰ ਵਿਸ਼ਵਾਸ ਹੈ ਕਿ ਹਰ ਕੋਈ ਮੇਰਾ ਸਮਰਥਨ ਕਰੇਗਾ।’’ ਰੈੱਡੀ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਅਤੇ ਗੋਆ ਦੇ ਲੋਕ ਆਯੁਕਤ ਰਹੇ ਹਨ। ਉਹ ਹੈਦਰਾਬਾਦ ਸਥਿਤ ਇੰਟਰਨੈਸ਼ਨਲ ਆਰਬਿਟਰੇਸ਼ਨ ਐਂਡ ਮੀਡੀਏਸ਼ਨ ਸੈਂਟਰ ਦੇ ਟਰੱਸਟੀ ਬੋਰਡ ਦੇ ਮੈਂਬਰ ਵੀ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੇ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ। ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਪਿਛੋਕੜ ਵਾਲੇ ਰਾਧਾਕ੍ਰਿਸ਼ਨਨ ਤਾਮਿਲਨਾਡੂ ਦੇ ਇੱਕ ਤਜਰਬੇਕਾਰ ਭਾਜਪਾ ਨੇਤਾ ਰਹੇ ਹਨ।
‘ਆਪ’ ਨੇ ਦਿੱਤੀ ਹਮਾਇਤ
ਨਵੀਂ ਦਿੱਲੀ: ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਉਪ ਰਾਸ਼ਟਰਪਤੀ ਚੋਣ ਲਈ ਵਿਰੋਧੀ ਗੱਠਜੋੜ ‘ਇੰਡੀਆ’ ਦੇ ਉਮੀਦਵਾਰ ਬੀ ਸੁਦਰਸ਼ਨ ਰੈੱਡੀ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਉਹ ਉਨ੍ਹਾਂ ਦੀ ਹਮਾਇਤ ਕਰੇਗੀ। ਰੈੱਡੀ ਨੇ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਕੇਜਰੀਵਾਲ ਨੇ ਰੈੱਡੀ ਨੂੰ ਪ੍ਰੇਰਕ ਸ਼ਖਸੀਅਤ ਦੱਸਿਆ। -ਪੀਟੀਆਈ
ਦੋ ਵਧੀਕ ਸਕੱਤਰ ਆਬਜ਼ਰਵਰ ਨਿਯੁਕਤ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਉਸ ਨੇ ਨੌਂ ਸਤੰਬਰ ਨੂੰ ਹੋਣ ਵਾਲੀ ਉਪ ਰਾਸ਼ਟਰਪਤੀ ਚੋਣ ਲਈ ਕੇਂਦਰੀ ਮੰਤਰਾਲਿਆਂ ਦੇ ਦੋ ਵਧੀਕ ਸਕੱਤਰਾਂ ਨੂੰ ਆਬਜ਼ਰਵਰ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਮੰਤਰਾਲੇ ਦੇ ਵਧੀਕ ਸਕੱਤਰ ਸੁਸ਼ੀਲ ਕੁਮਾਰ ਲੋਹਾਨੀ ਅਤੇ ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਦੇ ਵਧੀਕ ਸਕੱਤਰ ਡੀ. ਆਨੰਦਨ ਨੂੰ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।