ਵੈਨੇਜ਼ੁਏਲਾ ਦੀ ਮਸ਼ਾਡੋ ਨੂੰ ਨੋਬੇਲ ਸ਼ਾਂਤੀ ਪੁਰਸਕਾਰ
ਵੈਨੇਜ਼ੁਏਲਾ ’ਚ ਵਿਰੋਧੀ ਧਿਰ ਦੀ ਆਗੂ ਮਾਰੀਆ ਕੋਰੀਨਾ ਮਸ਼ਾਡੋ ਨੂੰ ਇਸ ਵਰ੍ਹੇ ਦੇ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਨੌਰਵੇ ਦੀ ਨੋਬੇਲ ਕਮੇਟੀ ਦੇ ਮੁਖੀ ਜੌਰਗੇਨ ਵਾਤਨੇ ਫ੍ਰਿਡਨੇਸ ਨੇ ਕਿਹਾ, ‘‘ਵੈਨੇਜ਼ੁਏਲਾ ’ਚ ਰਾਸ਼ਟਰਪਤੀ ਅਹੁਦੇ ਦੀ ਵਿਰੋਧੀ ਧਿਰ ਦੀ ਉਮੀਦਵਾਰ...
ਵੈਨੇਜ਼ੁਏਲਾ ’ਚ ਵਿਰੋਧੀ ਧਿਰ ਦੀ ਆਗੂ ਮਾਰੀਆ ਕੋਰੀਨਾ ਮਸ਼ਾਡੋ ਨੂੰ ਇਸ ਵਰ੍ਹੇ ਦੇ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਨੌਰਵੇ ਦੀ ਨੋਬੇਲ ਕਮੇਟੀ ਦੇ ਮੁਖੀ ਜੌਰਗੇਨ ਵਾਤਨੇ ਫ੍ਰਿਡਨੇਸ ਨੇ ਕਿਹਾ, ‘‘ਵੈਨੇਜ਼ੁਏਲਾ ’ਚ ਰਾਸ਼ਟਰਪਤੀ ਅਹੁਦੇ ਦੀ ਵਿਰੋਧੀ ਧਿਰ ਦੀ ਉਮੀਦਵਾਰ ਰਹੀ ਮਾਰੀਆ ਕੋਰੀਨਾ ਮਸ਼ਾਡੋ ਵੰਡੀ ਹੋਈ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਵਾਲੀ ਅਹਿਮ ਹਸਤੀ ਹੈ। ਇਕ ਅਜਿਹੀ ਵਿਰੋਧੀ ਧਿਰ ਜਿਸ ਨੇ ਨਿਰਪੱਖ ਚੋਣਾਂ ਅਤੇ ਚੁਣੀ ਹੋਈ ਸਰਕਾਰ ਦੀ ਮੰਗ ਕੀਤੀ।’’ ‘ਆਇਰਨ ਲੇਡੀ’ ਵਜੋਂ ਜਾਣੀ ਜਾਂਦੀ ਮਸ਼ਾਡੋ ਨੂੰ ਇਹ ਵੱਕਾਰੀ ਪੁਰਸਕਾਰ ਵੈਨੇਜ਼ੁਏਲਾ ਦੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਅਣਥੱਕ ਯਤਨ ਅਤੇ ਤਾਨਾਸ਼ਾਹੀ ਤੋਂ ਲੋਕਤੰਤਰ ਵਿੱਚ ਨਿਆਂਪੂਰਨ ਅਤੇ ਸ਼ਾਂਤੀਪੂਰਨ ਤਬਦੀਲੀ ਲਈ ਉਨ੍ਹਾਂ ਦੇ ਸੰਘਰਸ਼ ਲਈ ਦਿੱਤਾ ਗਿਆ ਹੈ। ਪਿਛਲੇ ਵਰ੍ਹੇ ਜਪਾਨ ਦੇ ਨਿਹੋਨ ਹਿਦਾਨਕਯੋ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਮਿਲਿਆ ਸੀ, ਜੋ ਐਟਮ ਬੰਬ ਦੇ ਪੀੜਤਾਂ ਨਾਲ ਮਿਲ ਕੇ ਅੰਦੋਲਨ ਕਰਕੇ ਪਰਮਾਣੂ ਹਥਿਆਰਾਂ ਦੀ ਵਰਤੋਂ ’ਤੇ ਪਾਬੰਦੀ ਲਗਾਏ ਰੱਖਣ ਲਈ ਕੰਮ ਕਰ ਰਹੇ ਹਨ। ਨੋਬੇਲ ਸ਼ਾਂਤੀ ਪੁਰਸਕਾਰ ਓਸਲੋ (ਨੌਰਵੇ) ’ਚ ਦਿੱਤਾ ਜਾਂਦਾ ਹੈ ਜਦਕਿ ਬਾਕੀ ਦੇ ਚਾਰ ਪੁਰਸਕਾਰ ਸਵੀਡਨ ਦੀ ਰਾਜਧਾਨੀ ਸਟਾਕਹੋਮ ਤੋਂ ਐਲਾਨੇ ਗਏ ਸਨ।
ਟਰੰਪ ਦੀਆਂ ਆਸਾਂ ਨੂੰ ਨਾ ਪਿਆ ਬੂਰ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੋਬੇਲ ਸ਼ਾਂਤੀ ਪੁਰਸਕਾਰ ਜਿੱਤਣ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ। ਉਂਝ ਉਨ੍ਹਾਂ ਦੇ ਸਾਥੀ ਰਿਪਬਲਿਕਨਾਂ, ਵੱਖ ਵੱਖ ਆਲਮੀ ਆਗੂਆਂ ਅਤੇ ਟਰੰਪ ਵੱਲੋਂ ਖੁਦ ਨੋਬੇਲ ਸ਼ਾਂਤੀ ਪੁਰਸਕਾਰ ’ਤੇ ਵਾਰ ਵਾਰ ਦਾਅਵਾ ਠੋਕਿਆ ਗਿਆ ਸੀ। ਉਨ੍ਹਾਂ ਸੱਤ ਜੰਗਾਂ ਰੁਕਵਾਉਣ ਦਾ ਦਾਅਵਾ ਕਰਕੇ ਨੋਬੇਲ ਪੁਰਸਕਾਰ ਦਾ ਦਾਅਵੇਦਾਰ ਬਣਨ ਦੀ ਕੋਸ਼ਿਸ਼ ਕੀਤੀ ਸੀ। ਟਰੰਪ ਨੂੰ ਨੋਬੇਲ ਪੁਰਸਕਾਰ ਦੇਣ ਲਈ ਕਈ ਆਗੂਆਂ ਨੇ ਪੱਖ ਪੂਰਿਆ ਸੀ ਪਰ ਬਹੁਤਿਆਂ ਨੇ ਪੁਰਸਕਾਰ ਲਈ ਪਹਿਲੀ ਫਰਵਰੀ ਨੂੰ ਸਮਾਂ-ਸੀਮਾ ਖ਼ਤਮ ਹੋਣ ਮਗਰੋਂ ਉਨ੍ਹਾਂ ਦੇ ਨਾਮ ਨੂੰ ਅੱਗੇ ਵਧਾਇਆ ਸੀ। ਰਿਪਬਲਿਕਨ ਆਗੂ ਕਲੌਡੀਆ ਟੇਨੀ ਨੇ ਅਬਰਾਹਮ ਸਮਝੌਤੇ ਲਈ ਦਸੰਬਰ ’ਚ ਟਰੰਪ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਦੇਣ ਦੀ ਵਕਾਲਤ ਕੀਤੀ ਸੀ। -ਏਪੀ