ਵਾਹਨ ਨਾਲੇ ’ਚ ਡਿੱਗਿਆ; ਸੀਆਰਪੀਐੱਫ ਦੇ ਤਿੰਨ ਜਵਾਨ ਹਲਾਕ
ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਅੱਜ ਵਾਹਨ ਦੇ ਸੜਕ ਤੋਂ ਤਿਲਕ ਦੇ ਨਾਲੇ ’ਚ ਡਿੱਗਣ ਕਾਰਨ ਸੀਆਰਪੀਐੱਫ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ ਤੇ 15 ਜ਼ਖ਼ਮੀ ਹੋ ਗਏ। ਉਪ ਰਾਜਪਾਲ ਮਨੋਜ ਸਿਨਹਾ ਤੇ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਜਵਾਨਾਂ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ ਅਤੇ ਅਧਿਕਾਰੀਆਂ ਨੂੰ ਜ਼ਖ਼ਮੀ ਜਵਾਨਾਂ ਨੂੰ ਢੁੱਕਵਾਂ ਇਲਾਜ ਤੇ ਹਰ ਸੰਭਵ ਮਦਦ ਮੁਹੱਈਆ ਕਰਨ ਦਾ ਨਿਰਦੇਸ਼ ਦਿੱਤਾ। ਇਹ ਹਾਦਸਾ ਕਡਵਾ ਇਲਾਕੇ ’ਚ ਸਵੇਰੇ ਤਕਰੀਬਨ ਸਾਢੇ 10 ਵਜੇ ਵਾਪਰਿਆ, ਜਦੋਂ ਜਵਾਨ ਬਸੰਤਗੜ੍ਹ ’ਚ ਮੁਹਿੰਮ ਤੋਂ ਮੁੜ ਰਹੇ ਸਨ। ਵਾਹਨ ਸੀਆਰਪੀਐੱਫ ਦੀ 187 ਬਟਾਲੀਅਨ ਦਾ ਸੀ। ਵਾਹਨ ’ਚ 23 ਜਵਾਨ ਸਵਾਰ ਸਨ। ਦੋ ਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 16 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਹੋਰ ਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਉਨ੍ਹਾਂ ਨੂੰ ਸੀਆਰਪੀਐੱਫ ਜਵਾਨਾਂ ਦੀ ਮੌਤ ’ਤੇ ਡੂੰਘਾ ਦੁੱਖ ਹੈ। ਉਨ੍ਹਾਂ ਐਕਸ ’ਤੇ ਕਿਹਾ, ‘ਅਸੀਂ ਦੇਸ਼ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਕਦੀ ਨਹੀਂ ਭੁੱਲਾਂਗੇ। ਸਾਡੀ ਹਮਦਰਦੀ ਦੁਖੀ ਪਰਿਵਾਰਾਂ ਦੇ ਨਾਲ ਹੈ। ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਸੀਨੀਅਰ ਅਧਿਕਾਰੀਆਂ ਨੂੰ ਢੁੱਕਵਾਂ ਇਲਾਜ ਤੇ ਹਰ ਸੰਭਵ ਮਦਦ ਮੁਹੱਈਆ ਕਰਨ ਦਾ ਨਿਰਦੇਸ਼ ਦਿੱਤਾ ਹੈ।’ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਜਾਨ-ਮਾਲ ਦੇ ਨੁਕਸਾਨ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਵਾਹਨ ਸੀਆਰਪੀਐੱਫ ਦੇ ਕਈ ਬਹਾਦਰ ਜਵਾਨਾਂ ਨੂੰ ਲਿਜਾ ਰਿਹਾ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਡਿਪਟੀ ਕਮਿਸ਼ਨਰ ਸਲੋਨੀ ਰਾਏ ਨਾਲ ਗੱਲ ਕੀਤੀ ਹੈ ਜੋ ਖੁਦ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ, ‘ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਹਨ। ਸਥਾਨਕ ਲੋਕ ਮਦਦ ਲਈ ਅੱਗੇ ਆਏ ਹਨ। ਹਰ ਸੰਭਵ ਮਦਦ ਯਕੀਨੀ ਬਣਾਈ ਜਾ ਰਹੀ ਹੈ।’