DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਾਰਾਣਸੀ ਪ੍ਰਸ਼ਾਸਨ ਨੇ ਓਲੰਪੀਅਨ ਮੁਹੰਮਦ ਸ਼ਾਹਿਦ ਦਾ ਘਰ ਢਾਹਿਆ

ਸਡ਼ਕ ਚੌਡ਼ੀ ਕਰਨ ਦੀ ਮੁਹਿੰਮ ਤਹਿਤ ਕੀਤੀ ਗਈ ਕਾਰਵਾਈ; ਪਰਿਵਾਰ ਵੱਲੋਂ ਵਿਰੋਧ

  • fb
  • twitter
  • whatsapp
  • whatsapp
featured-img featured-img
ਓਲੰਪੀਅਨ ਮੁਹੰਮਦ ਸ਼ਾਹਿਦ ਦਾ ਘਰ ਢਾਹੁੰਦਾ ਹੋਇਆ ਪ੍ਰਸ਼ਾਸਨ।
Advertisement
ਇੱਥੇ ਸੜਕ ਚੌੜੀ ਕਰਨ ਦੀ ਮੁਹਿੰਮ ਦੌਰਾਨ ਪ੍ਰਸ਼ਾਸਨ ਨੇ ਬੁਲਡੋਜ਼ਰ ਦੀ ਮਦਦ ਨਾਲ ਪਦਮਸ੍ਰੀ ਪੁਰਸਕਾਰ ਜੇਤੂ ਮਰਹੂਮ ਹਾਕੀ ਓਲੰਪੀਅਨ ਮੁਹੰਮਦ ਸ਼ਾਹਿਦ ਦੇ ਘਰ ਦਾ ਹਿੱਸਾ ਢਾਹ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਹੈ। ਇਹ ਕਾਰਵਾਈ ਐਤਵਾਰ ਨੂੰ ਕਚਹਿਰੀ-ਸੰਦਾਹਾ ਰੂਟ ’ਤੇ ਕੀਤੀ ਗਈ। ਪ੍ਰਸ਼ਾਸਨ ਅਨੁਸਾਰ ਇਹ ਇਹ ਕਾਰਵਾਈ ਸਿਰਫ਼ ਉਨ੍ਹਾਂ ਜਾਇਦਾਦਾਂ ’ਤੇ ਕੀਤੀ ਗਈ ਹੈ ਜਿਨ੍ਹਾਂ ਲਈ ਪਹਿਲਾਂ ਹੀ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ।

ਸ਼ਾਹਿਦ ਦੀ ਭਰਜਾਈ ਨਾਜ਼ਨੀਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਅਤੇ ਉਨ੍ਹਾਂ ਕੋਲ ਰਹਿਣ ਲਈ ਕੋਈ ਹੋਰ ਥਾਂ ਨਹੀਂ ਹੈ। ਉਨ੍ਹਾਂ ਦੇ ਚਚੇਰੇ ਭਰਾ ਮੁਸ਼ਤਾਕ ਨੇ ਦੱਸਿਆ ਕਿ ਪਰਿਵਾਰ ਅਕਤੂਬਰ ਵਿੱਚ ਹੋਣ ਵਾਲੇ ਇੱਕ ਵਿਆਹ ਦੀ ਤਿਆਰੀ ਕਰ ਰਿਹਾ ਹੈ ਤੇ ਜੇ ਇਹ ਜਾਰੀ ਰਿਹਾ ਤਾਂ ਉਨ੍ਹਾਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਵੇਗਾ। ਮੁਸ਼ਤਾਕ ਨੇ ਦੋਸ਼ ਲਾਇਆ ਕਿ ਹੋਰ ਥਾਵਾਂ ’ਤੇ ਸੜਕ 21 ਮੀਟਰ ਤੱਕ ਚੌੜੀ ਕੀਤੀ ਗਈ ਹੈ, ਪਰ ਉਨ੍ਹਾਂ ਦੇ ਇਲਾਕੇ ਵਿੱਚ ਇਸ ਨੂੰ 25 ਮੀਟਰ ਤੱਕ ਚੌੜਾ ਕੀਤਾ ਜਾ ਰਿਹਾ ਹੈ। ਵਾਰਾਣਸੀ ਦੇ ਏ ਡੀ ਐੱਮ (ਸਿਟੀ) ਆਲੋਕ ਵਰਮਾ ਨੇ ਕਿਹਾ ਕਿ ਸ਼ਾਹਿਦ ਦੇ ਘਰ ਵਿੱਚ ਨੌਂ ਵਿਅਕਤੀ ਰਹਿੰਦੇ ਸਨ, ਜਿਨ੍ਹਾਂ ’ਚੋਂ ਛੇ ਨੂੰ ਮੁਆਵਜ਼ਾ ਮਿਲ ਚੁੱਕਾ ਹੈ। ਬਾਕੀ ਤਿੰਨ ਨੇ ਅਦਾਲਤ ਤੋਂ ਸਟੇਅ ਆਰਡਰ ਲਏ ਹੋਏ ਸਨ ਅਤੇ ਉਨ੍ਹਾਂ ਦੇ ਹਿੱਸਿਆਂ ਨੂੰ ਛੂਹਿਆ ਵੀ ਨਹੀਂ ਗਿਆ। ਵਰਮਾ ਨੇ ਕਿਹਾ ਕਿ ਸ਼ਾਹਿਦ ਦੇ ਪਰਿਵਾਰ ਨੇ ਪਹਿਲਾਂ ਵਿਆਹ ਦਾ ਹਵਾਲਾ ਦਿੰਦਿਆਂ ਹੋਰ ਸਮਾਂ ਮੰਗਿਆ ਸੀ, ਪਰ ਜਦੋਂ ਪ੍ਰਸ਼ਾਸਨ ਨੇ ਮੁਆਵਜ਼ੇ ਲਈ ਉਨ੍ਹਾਂ ਦੇ ਦਸਤਾਵੇਜ਼ ਮੰਗੇ, ਤਾਂ ਉਹ ਜਮ੍ਹਾਂ ਕਰਾਉਣ ਵਿੱਚ ਨਾਕਾਮ ਰਹੇ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਮੁਹਿੰਮ ਤਹਿਤ 13 ਘਰ ਢਾਹੇ ਗਏ ਹਨ।

Advertisement

Advertisement

ਕਾਂਗਰਸ ਵੱਲੋਂ ਕਾਰਵਾਈ ਦੀ ਨਿਖੇਧੀ

ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੈ ਰਾਏ ਨੇ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ, ‘ਭਾਜਪਾ ਸਰਕਾਰ ਨੇ ਪਦਮਸ੍ਰੀ ਮੁਹੰਮਦ ਸ਼ਾਹਿਦ ਦਾ ਘਰ ਢਾਹ ਦਿੱਤਾ ਹੈ। ਇਹ ਸਿਰਫ਼ ਘਰ ਨਹੀਂ, ਸਗੋਂ ਦੇਸ਼ ਦੀ ਖੇਡ ਵਿਰਾਸਤ ਦਾ ਪ੍ਰਤੀਕ ਸੀ। ਕਾਸ਼ੀ ਦੀ ਧਰਤੀ ’ਤੇ ਸਤਿਕਾਰਤ ਹਸਤੀਆਂ ਦਾ ਅਪਮਾਨ ਕਰਨ ਵਾਲੀ ਭਾਜਪਾ ਸਰਕਾਰ ਨੂੰ ਲੋਕ ਮੁਆਫ਼ ਨਹੀਂ ਕਰਨਗੇ।’ ਇਸ ਦੇ ਜਵਾਬ ਵਿੱਚ ਭਾਜਪਾ ਦੇ ਮਹਾਂਨਗਰ ਪ੍ਰਧਾਨ ਪ੍ਰਦੀਪ ਅਗਰਹਰੀ ਨੇ ਕਿਹਾ ਕਿ ਸਿਰਫ਼ ਉਨ੍ਹਾਂ ਲੋਕਾਂ ਦੇ ਘਰ ਢਾਹੇ ਗਏ ਹਨ ਜਿਨ੍ਹਾਂ ਨੂੰ ਮੁਆਵਜ਼ਾ ਮਿਲ ਚੁੱਕਾ ਸੀ। ਉਨ੍ਹਾਂ ਕਿਹਾ ਕਿ ਸੜਕ ਚੌੜੀ ਹੋਣ ਨਾਲ ਪੂਰੇ ਸ਼ਹਿਰ ਨੂੰ ਫਾਇਦਾ ਹੋਵੇਗਾ ਅਤੇ ਵਿਰੋਧੀ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਬੇਬੁਨਿਆਦ ਬਿਆਨ ਦੇ ਰਹੀਆਂ ਹਨ।

Advertisement
×