ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦੀ ਹਲਕੇ ਵਾਰਾਣਸੀ ਤੋਂ ‘ਫਿਰੋਜ਼ਪੁਰ ਛਾਉਣੀ-ਦਿੱਲੀ ਵੰਦੇ ਭਾਰਤ’ ਸਣੇ ਚਾਰ ਵੰਦੇ ਭਾਰਤ ਰੇਲ ਗੱਡੀਆਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਨਾਲ ਪੰਜਾਬ ਦੇ ਮਾਲਵਾ ਖਿੱਤੇ ਨੂੰ ਪਹਿਲੀ ਵੰਦੇ ਭਾਰਤ ਰੇਲ ਗੱਡੀ ਮਿਲ ਗਈ ਹੈ। ਇਹ ਰੇਲ ਗੱਡੀ ਸ਼ੁਰੂ ਹੋਣ ਨਾਲ ਮਾਲਵਾ ਖਿੱਤੇ ਦੇ ਫਿਰੋਜ਼ਪੁਰ ਤੇ ਕੌਮੀ ਰਾਜਧਾਨੀ ਦਿੱਲੀ ਵਿਚਾਲੇ ਸਫ਼ਰ 6.40 ਘੰਟੇ ਵਿਚ ਮੁਕੰਮਲ ਹੋਵੇਗਾ।
ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਹੋਏ ਇਸ ਸਬੰਧੀ ਸਮਾਗਮ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰੇਲ ਗੱਡੀ ਨੂੰ ਝੰਡੀ ਦਿਖਾਈ। ਉਨ੍ਹਾਂ ਨਾਲ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੀ ਮੌਜੂਦ ਰਹੇ। ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀਆਂ, ਵਿਦਿਆਰਥੀਆਂ, ਵਪਾਰੀਆਂ ਤੇ ਸਮਾਜਕ ਕਾਰਨੇ ਵੀ ਇਸ ਪ੍ਰੋਗਰਾਮ ਵਿਚ ਭਾਗ ਲਿਆ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਮੌਕੇ ਕਿਹਾ ਕਿ ਭਵਿੱਖ ਵਿੱਚ ਕਈ ਹੋਰ ਅਹਿਮ ਪ੍ਰਾਜੈਕਟ ਵੀ ਫਿਰੋਜ਼ਪੁਰ ਖੇਤਰ ਵਿਚ ਸ਼ੁਰੂ ਕੀਤੇ ਜਾਣਗੇ। ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਯਤਨਾਂ ਵਿਚ ਕੇਂਦਰ ਨਾਲ ਪੂਰਾ ਸਹਿਯੋਗ ਦੇਵੇ ਤਾਂ ਜੋ ਖਿੱਤੇ ’ਚ ਵਿਕਾਸ ਦੀ ਗਤੀ ਰਫ਼ਤਾਰ ਫੜ ਸਕੇ। ਸ੍ਰੀ ਬਿੱਟੂ ਨੇ ਕਿਹਾ, “ਚੰਡੀਗੜ੍ਹ-ਰਾਜਪੁਰਾ ਰੇਲ ਪ੍ਰਾਜੈਕਟ ਸ਼ੁਰੂ ਹੋ ਚੁੱਕਾ ਹੈ ਅਤੇ ਆਉਂਦੇ ਦਿਨਾਂ ਵਿੱਚ ਤਖ਼ਤ ਦਮਦਮਾ ਸਾਹਿਬ ਨੂੰ ਰੇਲ ਸੰਪਰਕ ਨਾਲ ਜੋੜਨ ਦਾ ਸੁਫ਼ਨਾ ਵੀ ਪੂਰਾ ਕੀਤਾ ਜਾਵੇਗਾ।” ਉਨ੍ਹਾਂ ਦੱਸਿਆ ਕਿ ਦੇਸ਼ ਦੇ ਚਾਰ ਤਖ਼ਤ ਪਹਿਲਾਂ ਹੀ ਰੇਲ ਸੰਪਰਕ ਨਾਲ ਜੋੜੇ ਜਾ ਚੁੱਕੇ ਹਨ ਅਤੇ ਪੰਜਵਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵੀ ਜਲਦੀ ਹੀ ਰੇਲ ਸੰਪਰਕ ਨਾਲ ਜੁੜੇਗਾ। ਉਨ੍ਹਾਂ ਕਿਹਾ ਕਿ ਇਹ ਰੇਲ ਗੱਡੀ ਸ਼ੁਰੂ ਹੋਣ ਨਾਲ ਮਾਲਵਾ ਖਿੱਤੇ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ। ਇਹ ਰੇਲ ਗੱਡੀ ਸਵੇਰੇ 7:55 ਵਜੇ ਫਿਰੋਜ਼ਪੁਰ ਤੋਂ ਚੱਲ ਕੇ ਬਾਅਦ ਦੁਪਹਿਰ 2.35 ਵਜੇ ਦਿੱਲੀ ਪਹੁੰਚੇਗੀ। ਰਵਨੀਤ ਬਿੱਟੂ ਨੇ ਰੇਲ ਗੱਡੀ ਵਿੱਚ ਸਫ਼ਰ ਕਰਦਿਆਂ ਹਰ ਸਟੇਸ਼ਨ ’ਤੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਰੇਲ ਗੱਡੀ ਦੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਸਥਾਨਕ ਲੋਕਾਂ ਅਤੇ ਵਪਾਰਕ ਭਾਈਚਾਰਿਆਂ ਨੇ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਸੇਵਾ ਦੀ ਸ਼ੁਰੂਆਤ ਨੂੰ ਖਿੱਤੇ ਦੇ ਵਿਕਾਸ ਲਈ ਅਹਿਮ ਕਦਮ ਦੱਸਿਆ। ਬਠਿੰਡਾ ਸਟੇਸ਼ਨ ’ਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਦਿਆਲ ਦਾਸ ਸੋਢੀ ਅਤੇ ਸਾਬਕਾ ਮੰਤਰੀ ਹਰਮੰਦਰ ਜੱਸੀ ਸਮੇਤ ਕਈ ਆਗੂਆਂ ਨੇ ਰੇਲ ਗੱਡੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਅੰਬਾਲਾ ਪੁੱਜਣ ’ਤੇ ਹਰਿਆਣਾ ਦੇ ਮੰਤਰੀ ਅਨਿਲ ਵਿੱਜ ਨੇ ਵੰਦੇ ਭਾਰਤ ਰੇਲ ਗੱਡੀ ਦਾ ਸਵਾਗਤ ਕੀਤਾ।
ਫਿਰੋਜ਼ਪੁਰ ਤੋਂ ਸਵੇਰੇ 7.55 ’ਤੇ ਚੱਲੇਗੀ ਵੰਦੇ ਭਾਰਤ
ਵੰਦੇ ਭਾਰਤ ਰੇਲ ਗੱਡੀ ਸਵੇਰੇ 7.55 ਵਜੇ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਚੱਲ ਕੇ ਫਰੀਦਕੋਟ, ਬਠਿੰਡਾ ਜੰ., ਧੂਰੀ ਜੰ., ਪਟਿਆਲਾ, ਅੰਬਾਲਾ ਛਾਉਣੀ ਜੰ., ਕੁਰੂਕਸ਼ੇਤਰ ਜੰ., ਪਾਨੀਪਤ ਜੰ. ਹੁੰਦੀ ਹੋਈ ਬਾਅਦ ਦੁਪਹਿਰ 2.35 ਵਜੇ ਦਿੱਲੀ ਜੰ. ਰੇਲਵੇ ਸਟੇਸ਼ਨ ਪੁੱਜੇਗੀ। ਦਿੱਲੀ ਤੋਂ ਇਹ ਰੇਲ ਗੱਡੀ ਸ਼ਾਮ 4.00 ਵਜੇ ਚੱਲ ਕੇ ਰਾਤ 10.35 ਵਜੇ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਪੁੱਜੇਗੀ।
ਭਾਰਤ ਵਿਕਾਸ ਦੇ ਰਾਹ ’ਤੇ ਅੱਗੇ ਵਧ ਰਿਹੈ: ਮੋਦੀ
ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੁਨੀਆ ਭਰ ’ਚ ਵਿਕਸਤ ਮੁਲਕਾਂ ਦੇ ਆਰਥਿਕ ਵਿਕਾਸ ’ਚ ਬੁਨਿਆਦੀ ਢਾਂਚਾ ਅਹਿਮ ਤੱਤ ਹੈ ਅਤੇ ਭਾਰਤ ਵੀ ਵਿਕਾਸ ਦੀ ਰਾਹ ’ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਤਮਿਕ ਸੈਰ-ਸਪਾਟਾ ਨੇ ਉੱਤਰ ਪ੍ਰਦੇਸ਼ ’ਚ ਵਿਕਾਸ ਦੀ ਸ਼ੁਰੂਆਤ ਕੀਤੀ ਹੈ ਜਿੱਥੇ ਤੀਰਥਾਂ ’ਤੇ ਆਉਣ ਵਾਲੇ ਸ਼ਰਧਾਲੂ ਸੂਬੇ ਦੇ ਅਰਥਚਾਰੇ ’ਚ ਹਜ਼ਾਰਾਂ ਕਰੋੜ ਰੁਪਏ ਦਾ ਯੋਗਦਾਨ ਪਾ ਰਹੇ ਹਨ। ਪ੍ਰਧਾਨ ਮੰਤਰੀ ਆਪਣੇ ਲੋਕ ਸਭਾ ਹਲਕੇ ਵਾਰਾਣਸੀ ਦੇ ਰੇਲਵੇ ਸਟੇਸ਼ਨ ’ਤੇ ਚਾਰ ਨਵੀਆਂ ਵੰਦੇ ਭਾਰਤ ਐੱਕਸਪ੍ਰੈੱਸ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਉਣ ਮਗਰੋਂ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਨੇ ਕਿਹਾ, ‘‘ਦੁਨੀਆ ਭਰ ਦੇ ਵਿਕਸਤ ਮੁਲਕਾਂ ’ਚ ਆਰਥਿਕ ਵਿਕਾਸ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਬੁਨਿਆਦੀ ਢਾਂਚਾ ਰਿਹਾ ਹੈ। ਹਰ ਉਹ ਮੁਲਕ ਜਿਸ ਨੇ ਤਰੱਕੀ ਕੀਤੀ ਹੈ, ਉਸ ਪਿੱਛੇ ਪ੍ਰੇਰਕ ਸ਼ਕਤੀ ਵਿਕਸਤ ਬੁਨਿਆਦੀ ਢਾਂਚਾ ਹੀ ਰਿਹਾ ਹੈ। ਬੁਨਿਆਦੀ ਢਾਂਚਾ ਸਿਰਫ਼ ਵੱਡੇ ਪੁਲਾਂ ਤੇ ਰਾਜਮਾਰਗਾਂ ਤੱਕ ਹੀ ਸੀਮਤ ਨਹੀਂ ਹੈ। ਜਦੋਂ ਵੀ ਕਿਤੇ ਅਜਿਹੀਆਂ ਪ੍ਰਣਾਲੀਆਂ ਵਿਕਸਤ ਹੁੰਦੀਆਂ ਹਨ ਤਾਂ ਇਸ ਨਾਲ ਉਸ ਖੇਤਰ ਦਾ ਮੁਕੰਮਲ ਵਿਕਾਸ ਹੁੰਦਾ ਹੈ।’’ ਭਾਰਤ ਦੀ ਤੇਜ਼ ਪ੍ਰਗਤੀ ਨੂੰ ਉਭਾਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਇੰਨੀਆਂ ਸਾਰੀਆਂ ਵੰਦੇ ਭਾਰਤ ਰੇਲ ਗੱਡੀਆਂ ਚੱਲ ਰਹੀਆਂ ਹਨ ਅਤੇ ਦੁਨੀਆ ਭਰ ਦੇ ਮੁਲਕਾਂ ਤੋਂ ਉਡਾਣਾਂ ਆ ਰਹੀਆਂ ਹਨ। ਇਹ ਸਾਰੀ ਤਰੱਕੀ ਹੁਣ ਵਿਕਾਸ ਨਾਲ ਜੁੜੀ ਹੈ। ਅੱਜ ਭਾਰਤ ਵੀ ਇਸੇ ਰਾਹ ’ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਵੰਦੇ ਭਾਰਤ, ਨਮੋ ਭਾਰਤ ਤੇ ਅਮ੍ਰਿਤ ਭਾਰਤ ਜਿਹੀਆਂ ਰੇਲ ਗੱਡੀਆਂ ਭਾਰਤੀ ਰੇਲਵੇ ਦੀ ਨਵੀਂ ਪੀੜ੍ਹੀ ਦੀ ਬੁਨਿਆਦ ਰੱਖ ਰਹੀਆਂ ਹਨ। ਵੰਦੇ ਭਾਰਤ ਭਾਰਤੀਆਂ ਦੀ ਭਾਰਤੀਆਂ ਲਈ ਭਾਰਤੀਆਂ ਵੱਲੋਂ ਤਿਆਰ ਰੇਲ ਗੱਡੀ ਹੈ ਅਤੇ ਹਰ ਭਾਰਤੀ ਨੂੰ ਇਸ ’ਤੇ ਮਾਣ ਹੈ। ਹੁਣ ਵਿਦੇਸ਼ੀ ਮੁਸਾਫਰ ਵੀ ਵੰਦੇ ਭਾਰਤ ਦੇਖ ਕੇ ਹੈਰਾਨ ਹੋ ਰਹੇ ਹਨ। ਅੱਜ ਭਾਰਤ ਨੇ ਵਿਕਸਤ ਦੇਸ਼ ਲਈ ਆਪਣੇ ਸਰੋਤਾਂ ਨੂੰ ਬਿਹਤਰ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਇਹ ਰੇਲ ਗੱਡੀਆਂ ਉਸ ’ਚ ਮੀਲ ਪੱਥਰ ਸਾਬਤ ਹੋਣਗੀਆਂ। ਚਾਰ ਨਵੀਆਂ ਰੇਲ ਗੱਡੀਆਂ ਜੁੜਨ ਨਾਲ ਹੁਣ ਦੇਸ਼ ’ਚ 160 ਤੋਂ ਵੱਧ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀਆਂ ਚੱਲ ਰਹੀਆਂ ਹਨ।’’ -ਪੀਟੀਆਈ

