DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉੱਤਰਕਾਸ਼ੀ: ਮਜ਼ਦੂਰਾਂ ਨੂੰ ਕੱਢਣ ਲਈ ਪਾਈਪਾਂ ਪਾਉਣ ਦਾ ਕੰਮ ਸ਼ੁਰੂ

ਮੁੱਖ ਮੰਤਰੀ ਸਥਿਤੀ ’ਤੇ ਲਗਾਤਾਰ ਰੱਖ ਰਹੇ ਹਨ ਨਜ਼ਰ; ਢਿੱਗਾਂ ਡਿੱਗਣ ਕਾਰਨ ਬਚਾਅ ਕਾਰਜਾਂ ’ਚ ਪਿਆ ਅੜਿੱਕਾ
  • fb
  • twitter
  • whatsapp
  • whatsapp
Advertisement

ਉੱਤਰਕਾਸ਼ੀ, 14 ਨਵੰਬਰ

ਚਾਰਧਾਮ ਮਾਰਗ ’ਤੇ ਉਸਾਰੀ ਅਧੀਨ ਸੁਰੰਗ ਦੇ ਡਿੱਗਣ ਕਾਰਨ ਮਲਬੇ ਹੇਠ ਫਸੇ 40 ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਰਾਹਤ ਕਰਮੀਆਂ ਨੇ ਅੱਜ ਚੌੜੀਆਂ ਸਟੀਲ ਪਾਈਪਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਢਿੱਗਾਂ ਡਿੱਗਣ ਕਾਰਨ ਦੋ ਮਜ਼ਦੂਰ ਜ਼ਖ਼ਮੀ ਹੋ ਗਏ ਅਤੇ ਰਾਹਤ ਕਾਰਜਾਂ ਵਿੱਚ ਵਿਘਨ ਪਿਆ। ਅਧਿਕਾਰੀਆਂ ਨੇ ਦੱਸਿਆ ਕਿ 900 ਮੀਟਰ ਵਿਆਸ ਵਾਲੀਆਂ ਸਟੀਲ ਪਾਈਪਾਂ ਡਰਿੱਲ ਰਾਹੀਂ ਮਲਬੇ ਵਿੱਚ ਪਾ ਕੇ ਅੰਦਰ ਫਸੇ ਮੁਲਾਜ਼ਮਾਂ ਨੂੰ ਬਚਾਉਣ ਲਈ ਰਸਤਾ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਦਰ ਫਸੇ ਮਜ਼ਦੂਰ ਸੁਰੱਖਿਅਤ ਹਨ। ਉਨ੍ਹਾਂ ਨੂੰ ਆਕਸੀਜਨ, ਪਾਣੀ, ਭੋਜਨ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਅੰਦਰ ਫਸੇ ਗੱਬਰ ਸਿੰਘ ਨੇਗੀ ਦੇ ਪੁੱਤਰ ਆਕਾਸ਼ ਸਿੰਘ ਨੇਗੀ ਨੇ ਦੱਸਿਆ ਕਿ ਉਸ ਨੇ ਅੱਜ ਕੁੱਝ ਸਮੇਂ ਲਈ ਆਪਣੇ ਪਿਤਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਉਹ ਸੁਰੱਖਿਅਤ ਹਨ। ਘਬਰਾਉਣ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਬਚਾਅ ਕਾਰਜਾਂ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਉਨ੍ਹਾਂ ਆਪਣੇ ਨਿਵਾਸ ਸਥਾਨ ’ਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਮੌਕੇ ’ਤੇ ਮੌਜੂਦ ਅਧਿਕਾਰੀਆਂ ਨਾਲ ਰਾਬਤਾ ਕਰਨ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਲਈ ਕਿਹਾ।

Advertisement

ਸੁਰੰਗ ਵਿੱਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕਾਰਜ ਚਲਾਉਂਦੇ ਹੋਏ ਰਾਹਤ ਕਰਮੀ। -ਫੋਟੋ:ਪੀਟੀਆਈ

ਬ੍ਰਹਮਾਖਲ-ਯਮੁਨੋਤਰੀ ਕੌਮੀ ਮਾਰਗ ’ਤੇ ਸਿਲਕਿਆਰਾ ਅਤੇ ਡੰਡਾਲਗਾਓਂ ਵਿਚਕਾਰ ਉਸਾਰੀ ਜਾ ਰਹੀ ਸੁਰੰਗ ਦਾ ਇਕ ਹਿੱਸਾ ਐਤਵਾਰ ਸਵੇਰੇ ਧੱਸ ਗਿਆ ਸੀ। ਆਫਤ ਪ੍ਰਬੰਧਨ ਸਕੱਤਰ ਰਣਜੀਤ ਕੁਮਾਰ ਸਿਨਹਾ ਨੇ ਕਿਹਾ ਕਿ ਅੱਜ ਰਾਤ ਜਾਂ ਬੁੱਧਵਾਰ ਤੱਕ ਫਸੇ ਮਜ਼ਦੂਰਾਂ ਨੂੰ ਬਚਾਉਣ ਦਾ ਟੀਚਾ ਮਿੱਥਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਟੀਲ ਪਾਈਪਾਂ ਅਤੇ ਡਰਿਲ ਮਸ਼ੀਨਾਂ ਅੱਜ ਸਵੇਰੇ ਮੌਕੇ ’ਤੇ ਪਹੁੰਚ ਗਈਆਂ ਹਨ। ਰਾਜ ਦੇ ਐਮਰਜੈਂਸੀ ਅਪ੍ਰੇਸ਼ਨ ਸੈਂਟਰ ਨੇ ਕਿਹਾ ਕਿ ਸਿੰਜਾਈ ਵਿਭਾਗ ਦੇ ਪੰਜ ਇੰਜਨੀਅਰਾਂ ਦੀ ਟੀਮ ਮਲਬੇ ’ਚ ਪਾਈਪਾਂ ਪਾਉਣ ਦੀ ਪ੍ਰਕਿਰਿਆ ਦੀ ਨਿਗਰਾਨੀ ਲਈ ਮੌਕੇ ’ਤੇ ਮੌਜੂਦ ਹੈ। ਇਸੇ ਤਰ੍ਹਾਂ ਐੱਨਡੀਆਰਐੱਫ, ਐੱਸਡੀਆਰਐੱਫ, ਆਈਟੀਬੀਪੀ, ਬੀਆਰਓ, ਆਰਏਐੱਫ ਅਤੇ ਸਿਹਤ ਵਿਭਾਗ ਦੇ 160 ਰਾਹਤ ਕਰਮੀਆਂ ਦੀ ਟੀਮ ਐਤਵਾਰ ਤੋਂ ਮੌਕੇ ’ਤੇ ਮੌਜੂਦ ਹੈ, ਜੋ ਅੰਦਰ ਫਸੇ ਹੋਏ ਕਰਮਚਾਰੀਆਂ ਤੱਕ ਪਹੁੰਚਣ ਲਈ ਲਗਾਤਾਰ ਕੰਮ ਕਰ ਰਹੀ ਹੈ। ਨੈਸ਼ਨਲ ਹਾਈਵੇਜ਼ ਐਂਡ ਇਨਫਰਾਸਟਰੱਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਡ (ਐੱਨਐੱਚਆਈਡੀਸੀਐੱਲ) ਦੇ ਕਾਰਜਕਾਰੀ ਨਿਰਦੇਸ਼ਕ ਕਰਨਲ (ਸੇਵਾਮੁਕਤ) ਸੰਦੀਪ ਸੁਦੇਹਰਾ ਨੇ ਕਿਹਾ ਕਿ ਫਸੇ ਮਜ਼ਦੂਰਾਂ ਨਾਲ ਸੰਪਰਕ ਰੱਖਿਆ ਜਾ ਰਿਹਾ ਹੈ। ਉੱਤਰਕਾਸ਼ੀ ਦੇ ਮੁੱਖ ਮੈਡੀਕਲ ਅਫਸਰ ਆਰਸੀਐੱਸ ਪੰਵਾਰ ਨੇ ਕਿਹਾ ਕਿ ਸੁਰੰਗ ਦੇ ਨੇੜੇ ਛੇ ਬਿਸਤਰਿਆਂ ਵਾਲਾ ਇੱਕ ਅਸਥਾਈ ਹਸਪਤਾਲ ਸਥਾਪਤ ਕੀਤਾ ਗਿਆ ਹੈ। ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਮਗਰੋਂ ਤੁਰੰਤ ਮੁਢਲੀ ਸਹਾਇਤਾ ਦੇਣ ਲਈ ਮੈਡੀਕਲ ਟੀਮਾਂ ਦੇ ਨਾਲ 10 ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਹਨ। ਜ਼ਿਲ੍ਹਾ ਐਮਰਜੈਂਸੀ ਅਪਰੇਸ਼ਨ ਸੈਂਟਰ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਫਸੇ ਹੋਏ ਮਜ਼ਦੂਰਾਂ ’ਚ 15 ਝਾਰਖੰਡ, 8 ਉੱਤਰ ਪ੍ਰਦੇਸ਼, 5 ਉੜੀਸਾ, 4 ਬਿਹਾਰ, 3 ਪੱਛਮੀ ਬੰਗਾਲ, 2-2 ਉੱਤਰਾਖੰਡ ਤੇ ਅਸਾਮ ਅਤੇ ਇਕ ਹਿਮਾਚਲ ਪ੍ਰਦੇਸ਼ ਤੋਂ ਹਨ। ਇੱਕ ਅਧਿਕਾਰਤ ਬਿਆਨ ਮੁਤਾਬਕ ਉੱਤਰਾਖੰਡ ਲੈਂਡਸਲਾਈਡ ਮਿਨੀਮਾਈਜ਼ੇਸ਼ਨ ਐਂਡ ਮੈਨੇਜਮੈਂਟ ਸੈਂਟਰ ਦੇ ਨਿਰਦੇਸ਼ਕ ਦੀ ਅਗਵਾਈ ਹੇਠ ਮਾਹਿਰਾਂ ਦੀ ਇੱਕ ਟੀਮ ਸੁਰੰਗ ਡਿੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ। ਟੀਮ ਵਿੱਚ ਉੱਤਰਾਖੰਡ ਰਾਜ ਆਫ਼ਤ ਪ੍ਰਬੰਧਨ ਅਥਾਰfਟੀ, ਭਾਰਤੀ ਭੂ-ਵਿਗਿਆਨ ਸਰਵੇਖਣ, ਆਈਆਈਟੀ-ਰੁੜਕੀ ਦੇ ਵਿਗਿਆਨੀ ਅਤੇ ਅਧਿਕਾਰੀ ਵੀ ਸ਼ਾਮਲ ਹਨ। -ਪੀਟੀਆਈ

Advertisement
×