ਉੱਤਰਕਾਸ਼ੀ ਆਫ਼ਤ: ਹੁਣ ਤੱਕ ਪੰਜ ਮੌਤਾਂ ਦੀ ਪੁਸ਼ਟੀ
ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਧਰਾਲੀ ਪਿੰਡ ਵਿੱਚ ਬੀਤੇ ਦਿਨ ਬੱਦਲ ਫਟਣ ਕਰਕੇ ਹੜ੍ਹ ਆਉਣ ਕਾਰਨ ਹੁਣ ਤੱਕ ਪੰਜ ਮੌਤਾਂ ਦੀ ਪੁਸ਼ਟੀ ਹੋਈ ਹੈ, ਹਾਲਾਂਕਿ ਇਹ ਗਿਣਤੀ ਵਧ ਸਕਦੀ ਹੈ। ਬਚਾਅ ਟੀਮਾਂ ਨੇ ਅੱਜ ਮਲਬੇ ਹੇਠੋਂ ਇੱਕ ਲਾਸ਼ ਬਰਾਮਦ ਕੀਤੀ ਹੈ। ਭਾਰੀ ਮੀਂਹ ਕਾਰਨ ਬਣੇ ਮੁਸ਼ਕਲ ਹਾਲਾਤ ਦੇ ਬਾਵਜੂਦ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ, ਜਿਸ ਤਹਿਤ ਹੁਣ ਤੱਕ 150 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ। ਬਰਾਮਦ ਹੋਈ ਲਾਸ਼ ਦੀ ਪਛਾਣ 35 ਸਾਲਾ ਆਕਾਸ਼ ਪੰਵਾਰ ਵਜੋਂ ਹੋਈ ਹੈ। ਹੜ੍ਹ ਕਾਰਨ ਵੱਡੀ ਗਿਣਤੀ ਲੋਕ ਲਾਪਤਾ ਹਨ। ਇਨ੍ਹਾਂ ਵਿੱਚ ਹਰਸਿਲ ਦੇ ਨੇੜਲੇ ਕੈਂਪ ਤੋਂ ਲਾਪਤਾ ਹੋਏ ਫੌਜ ਦੇ 11 ਜਵਾਨ ਅਤੇ ਕੇਰਲਾ ਤੋਂ ਆਏ 28 ਸੈਲਾਨੀਆਂ ਦਾ ਇੱਕ ਗਰੁੱਪ ਵੀ ਸ਼ਾਮਲ ਹੈ। ਹੜ੍ਹ ਕਾਰਨ ਇੱਥੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਕਲਪ ਕੇਦਾਰ ਵੀ ਮਲਬੇ ਹੇਠ ਦੱਬਿਆ ਗਿਆ।
ਐੱਨਡੀਆਰਐੱਫ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਅਪਰੇਸ਼ਨ ਮੋਹਸਿਨ ਸ਼ਾਹਿਦੀ ਅਨੁਸਾਰ ਐੱਨਡੀਆਰਐੱਫ ਦੀਆਂ ਤਿੰਨ ਟੀਮਾਂ ਧਰਾਲੀ ਵੱਲ ਭੇਜੀਆਂ ਗਈਆਂ ਹਨ ਪਰ ਢਿੱਗਾਂ ਡਿੱਗਣ ਕਰਕੇ ਰਿਸ਼ੀਕੇਸ਼-ਉੱਤਰਕਾਸ਼ੀ ਹਾਈਵੇਅ ਬੰਦ ਹੋਣ ਕਾਰਨ ਉਥੇ ਪਹੁੰਚਣ ਵਿੱਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਰਾਬ ਮੌਸਮ ਕਾਰਨ ਦੇਹਰਾਦੂਨ ਤੋਂ ਹੈਲੀਕਾਪਟਰਾਂ ਰਾਹੀਂ ਟੀਮਾਂ ਭੇਜਣ ਵਿੱਚ ਵੀ ਮੁਸ਼ਕਲ ਆ ਰਹੀ ਹੈ। ਫ਼ੌਜ, ਆਈਟੀਬੀਪੀ ਅਤੇ ਐੱਸਡੀਆਰਐਫ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ ਅਤੇ 200 ਤੋਂ ਵੱਧ ਬਚਾਅ ਕਰਮਚਾਰੀ ਰਸਤੇ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ।
ਧਾਮੀ ਵੱਲੋਂ ਹਵਾਈ ਸਰਵੇਖਣ, ਮੋਦੀ ਨੇ ਫੋਨ ਕਰਕੇ ਹਾਲਾਤ ਦਾ ਜਾਇਜ਼ਾ ਲਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਫੋਨ ’ਤੇ ਗੱਲ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਵੀ ਹੈਲੀਕਾਪਟਰ ਰਾਹੀਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਅਤੇ ਜ਼ਖਮੀਆਂ ਤੇ ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਰਾਹਤ ਕਾਰਜ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।
ਸਿਆਸੀ ਆਗੂਆਂ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ
ਨਵੀਂ ਦਿੱਲੀ: ਵੱਖ-ਵੱਖ ਪਾਰਟੀਆਂ ਦੇ ਸਿਆਸਤਦਾਨਾਂ ਨੇ ਉੱਤਰਾਖੰਡ ਦੇ ਧਰਾਲੀ ਪਿੰਡ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ’ਤੇ ਦੁੱਖ ਪ੍ਰਗਟਾਇਆ ਹੈ। ਇਸ ਦੌਰਾਨ ਕਈ ਆਗੂਆਂ ਨੇ ਇਸ ਤ੍ਰਾਸਦੀ ਲਈ ਕੇਂਦਰ ਦੇ ਚਾਰਧਾਮ ਯਾਤਰਾ ਹਾਈਵੇਅ ਪ੍ਰਾਜੈਕਟ ਤਹਿਤ ਸੜਕਾਂ ਨੂੰ ਚੌੜਾ ਕਰਨ ਦੇ ਕੰਮ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਇਸ ਘਟਨਾ ਨੂੰ ‘ਬੇਹੱਦ ਦੁਖਦਾਈ’ ਦੱਸਿਆ ਅਤੇ ਰੋਕਥਾਮ ਯੋਜਨਾ ਦੀ ਮੰਗ ਕੀਤੀ। ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਇਸ ਨੂੰ ‘ਦਿਲ ਦਹਿਲਾਉਣ ਵਾਲਾ’ ਦੱਸਿਆ। ਕਾਂਗਰਸ ਸੰਸਦ ਰਣਜੀਤ ਰੰਜਨ ਨੇ ਕਿਹਾ ਕਿ ਚਾਰਧਾਮ ਯਾਤਰਾ ਲਈ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਤਬਾਹੀ ਦਾ ਕਾਰਨ ਬਣ ਰਿਹਾ ਹੈ। ਕਾਂਗਰਸ ਸੰਸਦ ਮੈਂਬਰ ਰਾਜੀਵ ਸ਼ੁਕਲਾ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਇਸ ਨੂੰ ਦੁਖਦਾਈ ਦੱਸਿਆ ਹੈ।
ਹਿਮਾਚਲ: ਭਾਰੀ ਮੀਂਹ ਕਾਰਨ ਕਿੰਨੌਰ ਕੈਲਾਸ਼ ਯਾਤਰਾ ਮੁਅੱਤਲ
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਰਕੇ ਸੜਕਾਂ ਨੁਕਸਾਨੀਆਂ ਜਾਣ ਕਾਰਨ ਕਿੰਨੌਰ ਕੈਲਾਸ਼ ਯਾਤਰਾ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਇਹ ਯਾਤਰਾ 15 ਜੁਲਾਈ ਤੋਂ ਸ਼ੁਰੂ ਹੋਈ ਸੀ ਅਤੇ 30 ਅਗਸਤ ਤੱਕ ਚੱਲਣੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਦੀਆਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਤੰਗਲਿੱਪੀ ਅਤੇ ਕਾਂਗਰੰਗ ਵਿੱਚ ਦੋ ਅਸਥਾਈ ਪੁਲ ਵਹਿ ਜਾਣ ਕਾਰਨ ਸ਼ਰਧਾਲੂ ਉਥੇ ਫਸ ਗਏ ਸਨ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ ਅਤੇ 1196 ਬਚਾਅ ਲਏ ਗਏ ਹਨ। ਆਈਟੀਬੀਪੀ ਨੇ ਐਕਸ ’ਤੇ ਬਚਾਅ ਕਾਰਜਾਂ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਸ਼ਰਧਾਲੂਆਂ ਨੂੰ ਰੱਸੀਆਂ ਦੀ ਮਦਦ ਨਾਲ ਨਦੀ ਪਾਰ ਕਰਦੇ ਦੇਖਿਆ ਜਾ ਸਕਦਾ ਹੈ। ਭਾਰੀ ਮੀਂਹ ਕਾਰਨ ਸੂਬੇ ਦੇ ਹੋਰ ਹਿੱਸੇ ਵੀ ਪ੍ਰਭਾਵਿਤ ਹੋਏ ਹਨ। ਜਾਣਕਾਰੀ ਅਨੁਸਾਰ ਚਾਰ ਕੌਮੀ ਮਾਰਗਾਂ ਸਣੇ 617 ਸੜਕਾਂ ’ਤੇ ਆਵਾਜਾਈ ਠੱਪ ਹੋ ਗਈ ਹੈ। ਬੰਦ ਹੋਏ ਕੌਮੀ ਮਾਰਗਾਂ ਵਿੱਚ ਚੰਡੀਗੜ੍ਹ-ਮਨਾਲੀ, ਪੁਰਾਣਾ ਹਿੰਦੁਸਤਾਨ-ਤਿੱਬਤ ਰੋਡ ਅਤੇ ਮੰਡੀ-ਧਰਮਪੁਰ ਰੋਡ ਵੀ ਸ਼ਾਮਲ ਹਨ। ਕਈ ਜ਼ਿਲ੍ਹਿਆਂ ਵਿੱਚ ਸੁਰੱਖਿਆ ਕਾਰਨਾਂ ਕਰਕੇ ਸਕੂਲ, ਕਾਲਜ ਅਤੇ ਆਂਗਣਵਾੜੀ ਸੈਂਟਰ ਵੀ ਬੰਦ ਰੱਖੇ ਗਏ ਹਨ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਰਾਤ ਤੋਂ ਅੱਜ ਦੁਪਹਿਰ ਤੱਕ ਕਸੌਲੀ ਵਿੱਚ 145 ਮਿਲੀਮੀਟਰ, ਧਰਮਪੁਰ ਵਿੱਚ 122.8 ਮਿਲੀਮੀਟਰ, ਨੈਨਾ ਦੇਵੀ ਵਿੱਚ 86.4, ਕਾਂਗੜਾ ਵਿੱਚ 71.4, ਮੰਡੀ ’ਚ 65.8 ਤੇ ਸ਼ਿਮਲਾ ਵਿੱਚ 64.4 ਮਿਲੀਮੀਟਰ ਮੀਂਹ ਪਿਆ ਹੈ। -ਪੀਟੀਆਈ