ਉੱਤਰਕਾਸ਼ੀ ਆਫ਼ਤ: ਰਾਹਤ ਕਾਰਜਾਂ ਦੌਰਾਨ 274 ਜਣੇ ਬਚਾਏ
ਉੱਤਰਕਾਸ਼ੀ ਜ਼ਿਲ੍ਹੇ ਦੇ ਪਿੰਡ ਧਰਾਲੀ ਵਿੱਚ ਬੱਦਲ ਫਟਣ ਕਰਕੇ ਆਏ ਹੜ੍ਹ ਮਗਰੋਂ ਵਿੱਢੇ ਗਏ ਬਚਾਅ ਕਾਰਜਾਂ ’ਚ ਅੱਜ ਮੌਸਮ ਸਾਫ਼ ਰਹਿਣ ਨਾਲ ਤੇਜ਼ੀ ਆਈ ਜਿਸ ਦੌਰਾਨ ਕੁੱਲ 274 ਵਿਅਕਤੀ ਬਚਾਏ ਗਏ। ਇਨ੍ਹਾਂ ਨੂੰ ਆਈਏਐੱਫ ਦੇ ਚਿਨੂਕ ਤੇ ਐੱਮਆਈ- 17 ਹੈਲੀਕਾਪਟਰਾਂ ਨੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪੌੜੀ ਜ਼ਿਲ੍ਹੇ ਦੇ ਬੁਰਾਂਸੀ ਪਿੰਡ ਦਾ ਦੌਰਾ ਕੀਤਾ ਤੇ ਇਸ ਕੁਦਰਤੀ ਆਫ਼ਤ ਦੌਰਾਨ ਮਾਰੀਆਂ ਗਈਆਂ ਪਿੰਡ ਦੀਆਂ ਦੋ ਭੈਣਾਂ ਦੇ ਵਾਰਿਸਾਂ ਨੂੰ ਦੋ-ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ 15 ਜਣਿਆਂ ਨੂੰ 1.30 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ, ਜਿਨ੍ਹਾਂ ਦੇ ਘਰ ਢਿੱਗਾਂ ਡਿੱਗਣ ਕਾਰਨ ਨੁਕਸਾਨੇ ਗਏ ਸਨ। ਥਲ ਸੈਨਾ ਮੁਤਾਬਕ ਜੂਨੀਅਰ ਕਮਿਸ਼ਨਡ ਅਧਿਕਾਰੀ ਸਮੇਤ ਨੌਂ ਫ਼ੌਜੀਆਂ ਤੋਂ ਇਲਾਵਾ 50 ਆਮ ਨਾਗਰਿਕ ਅਜੇ ਵੀ ਲਾਪਤਾ ਹਨ। ਹਾਲਾਂਕਿ, ਮੌਕੇ ’ਤੇ ਮੌਜੂਦ ਰਹੇ ਲੋਕਾਂ ਮੁਤਾਬਕ ਲਾਪਤਾ ਵਿਅਕਤੀਆਂ ਦੀ ਗਿਣਤੀ ਵੱਧ ਹੋ ਸਕਦੀ ਹੈ।
ਅਧਿਕਾਰੀਆਂ ਮੁਤਾਬਕ ਇਸ ਕੁਦਰਤੀ ਹਾਦਸੇ ’ਚ ਘੱਟੋ-ਘੱਟ ਚਾਰ ਵਿਅਕਤੀ ਮਾਰੇ ਗਏ ਹਨ। ਬਚਾਅ ਟੀਮਾਂ ਨੂੰ ਬੁੱਧਵਾਰ ਨੂੰ ਦੋ ਲਾਸ਼ਾਂ ਮਿਲੀਆਂ ਸਨ। ਅੱਜ ਹੈਲੀਕਾਪਟਰਾਂ ਨੇ ਫ਼ੌਜੀ ਕੈਂਪਾਂ ਅਤੇ ਨੇੜਲੇ ਪਿੰਡਾਂ ’ਚ ਸ਼ਰਨ ਲੈਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਲਈ ਕਈ ਗੇੜੇ ਲਾਏ। ਇਸ ਦੌਰਾਨ ਜਿੰਦਾ ਲੋਕਾਂ ਦਾ ਪਤਾ ਲਾਉਣ ਲਈ 69 ਐੱਨਡੀਆਰਐੱਫ, ਦੋ ਸੂਹੀਆ ਕੁੱਤਿਆਂ ਤੇ ਵੈਟਰਨਰੀ ਡਾਕਟਰਾਂ ਨੇ ਵੀ ਬਚਾਅ ਕਾਰਜਾਂ ’ਚ ਹਿੱਸਾ ਲਿਆ। ਐੱਨਡੀਆਰਐੱਫ ਦੇ ਡੀਆਈਜੀ ਗੰਭੀਰ ਸਿੰਘ ਚੌਹਾਨ ਨੇ ਕਿਹਾ ਕਿ ਇਹ ਵੱਡੀ ਕੁਦਰਤ ਆਫ਼ਤ ਹੈ ਤੇ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਆਫ਼ਤ ਪ੍ਰਬੰਧਨ ਸਕੱਤਰ ਵਿਨੋਦ ਕੁਮਾਰ ਸੁਮਨ ਨੇ ਦੱਸਿਆ ਕਿ ਕੁੱਲ 274 ਜਣਿਆਂ ਨੂੰ ਹਰਸਿਲ ਲਿਆਂਦਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਪ੍ਰਸ਼ਾਂਤ ਆਰਿਆ ਨੇ ਦੱਸਿਆ ਕਿ ਹਰਸਿਲ, ਗੰਗੋਤਰੀ ਤੇ ਝਾਲਾ ਤੋਂ 275 ਜਣਿਆਂ ਨੂੰ ਮੈਤਲੀ ਹੈਲੀਪੈਡ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਸਬੰਧਤ ਇਲਾਕਿਆਂ ’ਤੇ ਭੇਜਿਆ ਜਾ ਰਿਹਾ ਹੈ। ਇਨ੍ਹਾਂ ’ਚ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਅਸਾਮ, ਕਰਨਾਟਕ, ਤਿਲੰਗਾਨਾ ਤੇ ਪੰਜਾਬ ਨਾਲ ਸਬੰਧਤ ਵਿਅਕਤੀ ਸ਼ਾਮਲ ਹਨ।
ਰਾਮਪੁਰ ’ਚ ਬੱਦਲ ਫਟਿਆ; ਮੀਂਹ ਕਾਰਨ 496 ਸੜਕਾਂ ਬੰਦ
ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਜਿੱਥੇ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ, ਉੱਥੇ ਸ਼ਿਮਲਾ ਦੇ ਰਾਮਪੁਰ ਵਿੱਚ ਬੱਦਲ ਫਟਣ ਕਾਰਨ ਇਲਾਕੇ ’ਚ ਹੜ੍ਹ ਆ ਗਿਆ। ਸੂਬੇ ਦੇ ਕਈ ਹਿੱਸਿਆਂ ਵਿੱਚ ਢਿੱਗਾਂ ਡਿੱਗਣ ਕਾਰਨ 496 ਸੜਕਾਂ ਬੰਦ ਹੋ ਗਈਆਂ ਹਨ, ਜਿਨ੍ਹਾਂ ਵਿੱਚ ਤਿੰਨ ਕੌਮੀ ਮਾਰਗ- ਚੰਡੀਗੜ੍ਹ-ਮਨਾਲੀ ਕੌਮੀ ਮਾਰਗ (ਐੱਨਐੱਚ 21), ਓਲਡ ਹਿੰਦੁਸਤਾਨ-ਤਿੱਬਤ ਰੋਡ (ਐੱਨਐੱਚ 5) ਤੇ ਔਤ-ਸੈਂਜ ਰੋਡ (ਐੱਨਐੱਚ 305) ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰਾਮਪੁਰ ਇਲਾਕੇ ਦੇ ਦਰਸ਼ਾਲ ’ਚ ਬੁੱਧਵਾਰ ਦੇਰ ਰਾਤ ਬੱਦਲ ਫਟਣ ਕਾਰਨ ਟੇਕਲੈਚ ਬਾਜ਼ਾਰ ’ਚ ਹੜ੍ਹ ਆ ਗਿਆ। ਇਸ ਦੌਰਾਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਮੁੱਖ ਮੰਤਰੀ ਵੱਲੋਂ ਪੀੜਤ ਔਰਤਾਂ ਨਾਲ ਮੁਲਾਕਾਤ
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਉਨ੍ਹਾਂ ਔਰਤਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੇ ਸਕੇ-ਸਬੰਧੀ ਇਸ ਕੁਦਰਤੀ ਆਫ਼ਤ ਦੌਰਾਨ ਲਾਪਤਾ ਹੋ ਗਏ ਹਨ। ਉਨ੍ਹਾਂ ਪੀੜਤਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸੰਕਟ ਦੀ ਘੜੀ ’ਚ ਉਨ੍ਹਾਂ ਨਾਲ ਹਨ। ਇਸ ਦੌਰਾਨ ਥਲ ਸੈਨਾ ਦੇ ਨੌਂ ਮੁਲਾਜ਼ਮਾਂ ਤੇ ਤਿੰਨ ਆਮ ਨਾਗਰਿਕਾਂ ਨੂੰ ਸੁਰੱਖਿਅਤ ਦੇਹਰਾਦੂਨ ਪਹੁੰਚਾਇਆ ਗਿਆ। ਤਿੰਨ ਗੰਭੀਰ ਜ਼ਖਮੀਆਂ ਨੂੰ ਏਮਸ ਰਿਸ਼ੀਕੇਸ਼ ਤਬਦੀਲ ਕੀਤਾ ਗਿਆ ਹੈ ਜਦਕਿ ਅੱਠ ਜਣਿਆਂ ਨੂੰ ਉੱਤਰਕਾਸ਼ੀ ਜ਼ਿਲ੍ਹਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।