ਚਮੋਲੀ ਜ਼ਿਲ੍ਹੇ ਦੇ ਥਰਾਲੀ ਕਸਬੇ ਵਿੱਚ ਲੰਘੀ ਰਾਤ ਬੱਦਲ ਫਟਣ ਮਗਰੋਂ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਕਾਰਨ ਔਰਤ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਲਾਪਤਾ ਹੋ ਗਿਆ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਰਾਜ ਐਮਰਜੈਂਸੀ ਅਪਰੇਸ਼ਨ ਸੈਂਟਰ ਅਨੁਸਾਰ ਇਹ ਘਟਨਾ ਅੱਜ ਤੜਕੇ 1 ਵਜੇ ਦੇ ਕਰੀਬ ਉਸ ਵੇਲੇ ਵਾਪਰੀ ਜਦੋਂ ਟੁਨਰੀ ਗਧੇਰਾ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਆ ਗਿਆ ਅਤੇ ਤਹਿਸੀਲ ਦਫ਼ਤਰ, ਬਾਜ਼ਾਰਾਂ ਅਤੇ ਕਈ ਘਰਾਂ ਵਿੱਚ ਮਲਬਾ ਭਰ ਗਿਆ। ਇਸ ਦੌਰਾਨ ਕਈ ਵਾਹਨ ਵੀ ਮਲਬੇ ਹੇਠ ਦੱਬੇ ਗਏ ਅਤੇ ਐੱਸਡੀਐੱਮ ਦੀ ਰਿਹਾਇਸ਼ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਥਰਾਲੀ ਨੂੰ ਜੋੜਨ ਵਾਲੇ ਕਰਨਪ੍ਰਯਾਗ-ਗਵਾਲਦਮ ਨੈਸ਼ਨਲ ਹਾਈਵੇਅ ਸਮੇਤ ਕਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਮੌਜੂਦਾ ਸਥਿਤੀ ਅਤੇ ਭਾਰੀ ਮੀਂਹ ਦੀ ਪੇਸ਼ੀਨਗੋਈ ਕਾਰਨ ਥਰਾਲੀ ਸਮੇਤ ਤਿੰਨ ਵਿਕਾਸ ਬਲਾਕਾਂ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਇਸ ਤੋਂ ਇਲਾਵਾ ਤਹਿਸੀਲ ਦਫ਼ਤਰ ਦਾ ਕੰਮ ਚਲਾਉਣ ਅਤੇ ਰਾਹਤ ਕੈਂਪ ਸਥਾਪਤ ਕਰਨ ਲਈ ਕੁਲਸਾਰੀ ਅਤੇ ਦੇਵਲ ਪਿੰਡਾਂ ਵਿੱਚ ਕੁਝ ਇਮਾਰਤਾਂ ਅਸਥਾਈ ਤੌਰ ’ਤੇ ਐਕੁਆਇ ਕੀਤੀਆਂ ਗਈਆਂ ਹਨ।
ਹਿਮਾਚਲ ਵਿੱਚ ਮੀਂਹ ਕਾਰਨ 339 ਸੜਕਾਂ ਬੰਦ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਕੌਮੀ ਰਾਜਮਾਰਗ ਸਮੇਤ ਕੁੱਲ 339 ਸੜਕਾਂ ਬੰਦ ਹਨ। ਇਨ੍ਹਾਂ ’ਚੋਂ 162 ਮੰਡੀ ਅਤੇ 106 ਕੁੱਲੂ ਜ਼ਿਲ੍ਹੇ ਵਿੱਚ ਹਨ। ਮੌਸਮ ਵਿਭਾਗ ਨੇ ਐਤਵਾਰ ਤੋਂ ਮੰਗਲਵਾਰ ਤੱਕ ਸੂਬੇ ਦੇ ਕੁਝ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦਾ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਸ਼ੁੱਕਰਵਾਰ ਸ਼ਾਮ ਤੋਂ ਅੱਜ ਦੁਪਹਿਰ ਤੱਕ ਨਾਦੌਣ ਵਿੱਚ ਸਭ ਤੋਂ ਵੱਧ 58.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਜੋਗਿੰਦਰਨਗਰ, ਨਗਰੋਟਾ ਸੂਰੀਆਂ, ਕਾਂਗੜਾ, ਨੈਨਾ ਦੇਵੀ, ਪਾਉਂਟਾ ਸਾਹਿਬ ਵਿੱਚ ਵੀ ਮੀਂਹ ਪਿਆ। ਹਿਮਾਚਲ ਵਿੱਚ 20 ਜੂਨ ਤੋਂ ਮੌਨਸੂਨ ਸ਼ੁਰੂ ਹੋਣ ਤੋਂ ਹੁਣ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਕੁੱਲ 152 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ, ਜਦਕਿ 37 ਹੋਰ ਲਾਪਤਾ ਹਨ। ਸੂਬੇ ਵਿੱਚ 75 ਹੜ੍ਹ, 40 ਬੱਦਲ ਫਟਣ ਦੀਆਂ ਘਟਨਾਵਾਂ ਅਤੇ 74 ਥਾਈਂ ਢਿੱਗਾਂ ਡਿੱਗ ਚੁੱਕੀਆਂ ਹਨ। -ਪੀਟੀਆਈ