DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉੱਤਰਾਖੰਡ ‘ਆਲ ਸੀਜ਼ਨ’ ਸੈਰ-ਸਪਾਟਾ ਕੇਂਦਰ ਬਣੇ: ਮੋਦੀ

ਪ੍ਰਧਾਨ ਮੰਤਰੀ ਨੇ ਸੂਬੇ ਦੇ ਅਰਥਚਾਰੇ ਨੂੰ ਵੱਡੇ ਪੱਧਰ ’ਤੇ ਮਜ਼ਬੂਤੀ ਮਿਲਣ ਦਾ ਕੀਤਾ ਦਾਅਵਾ
  • fb
  • twitter
  • whatsapp
  • whatsapp
featured-img featured-img
ਉੱਤਰਕਾਸ਼ੀ ਜ਼ਿਲ੍ਹੇ ਵਿੱਚ ਪੈਂਦੇ ਹਰਸਿਲ ’ਚ ਜਨਤਕ ਮੀਟਿੰਗ ਦੌਰਾਨ ਲੋਕਾਂ ਦਾ ਪਿਆਰ ਕਬੂਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ। -ਫੋਟੋ: ਪੀਟੀਆਈ
Advertisement

ਹਰਸਿਲ (ਉੱਤਰਾਖੰਡ), 6 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਵਿੱਚ ਸਾਰਾ ਸਾਲ ਸੈਰ-ਸਪਾਟੇ ਦੀ ਪੁਰਜ਼ੋਰ ਵਕਾਲਤ ਕਰਦੇ ਹੋਏ ਅੱਜ ਕਿਹਾ ਕਿ ਇਸ ਖੂਬਸੂਰਤ ਪਹਾੜੀ ਸੂਬੇ ਵਿੱਚ ਕੋਈ ‘ਆਫ਼ ਸੀਜ਼ਨ’ ਨਹੀਂ ਹੋਣਾ ਚਾਹੀਦਾ ਅਤੇ ਹਰੇਕ ਸੀਜ਼ਨ ‘ਆਨ ਸੀਜ਼ਨ’ ਰਹੇ ਜਿਸ ਨਾਲ ਸੂਬੇ ਦੇ ਅਰਥਚਾਰੇ ਨੂੰ ਵੱਡੀ ਪੱਧਰ ’ਤੇ ਮਜ਼ਬੂਤ ਮਿਲੇਗੀ।

Advertisement

ਮੁਖਵਾ ਵਿੱਚ ਦੇਵੀ ਗੰਗਾ ਦੇ ਸਰਦ ਰੁੱਤ ਨਿਵਾਸ ਸਥਾਨ ਵਿੱਚ ਪੂਜਾ ਕਰਨ ਤੋਂ ਬਾਅਦ ਹਰਸਿਲ ਵਿੱਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਸੈਲਾਨੀ ਸਰਦੀਆਂ ਵਿੱਚ ਵੀ ਸੂਬੇ ’ਚ ਆਉਣਗੇ ਤਾਂ ਉਨ੍ਹਾਂ ਨੂੰ ਉੱਤਰਾਖੰਡ ਦੀ ਅਸਲ ਸੁੰਦਰਤਾ ਦੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਦੇਵੀ ਗੰਗਾ ਦੇ ਸਰਦੀਆਂ ਦੇ ਨਿਵਾਸ ਸਥਾਨ ਮੁਖਵਾ ਵਿੱਚ ਆ ਕੇ ਧੰਨ ਹੋ ਗਏ ਹਨ। ਉਨ੍ਹਾਂ ਕਿਹਾ, ‘‘ਮੈਨੂੰ ਮਾਂ ਗੰਗਾ ਨੇ ਸੱਦਿਆ ਹੈ। ਉਨ੍ਹਾਂ ਦੇ ਆਸ਼ੀਰਵਾਦ ਨਾਲ ਮੈਂ ਕਾਸ਼ੀ ਤੱਕ ਪੁੱਜਿਆ ਅਤੇ ਸੰਸਦ ਮੈਂਬਰ ਦੇ ਰੂਪ ਵਿੱਚ ਉੱਥੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਕੁਝ ਮਹੀਨੇ ਪਹਿਲਾਂ ਮੈਨੂੰ ਅਹਿਸਾਸ ਹੋਇਆ ਕਿ ਜਿਵੇਂ ਮਾਂ ਗੰਗਾ ਨੇ ਮੈਨੂੰ ਗੋਦ ਲੈ ਲਿਆ ਹੈ।’’

ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਸਵੇਰੇ ਦੇਹਰਾਦੂਨ ਨੇੜੇ ਜੌਲੀਗ੍ਰਾਂਟ ਹਵਾਈ ਅੱਡੇ ’ਤੇ ਪੁੱਜੇ ਜਿੱਥੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਵਿਧਾਨ ਸਭਾ ਸਪੀਕਰ ਰਿਤੂ ਖੰਡੂਰੀ ਭੂਸ਼ਨ ਅਤੇ ਹੋਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇੱਥੋਂ ਹੈਲੀਕਾਪਟਰ ਰਾਹੀਂ ਉਹ ਸਿੱਧੇ ਮੁਖਵਾ ਪੁੱਜੇ। -ਪੀਟੀਆਈ

ਮੋਦੀ ਸਰਕਾਰ ਨੇ ਸਫ਼ਾਈ ਦੇ ਨਾਮ ’ਤੇ ਮਾਂ ਗੰਗਾ ਨਾਲ ਸਿਰਫ਼ ਧੋਖਾ ਕੀਤਾ: ਖੜਗੇ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦਾਅਵਾ ਕੀਤਾ ਕਿ ‘ਨਮਾਮੀ ਗੰਗਾ’ ਯੋਜਨਾ ਤਹਿਤ ਜਾਰੀ ਧਨ ਦੀ 55 ਫੀਸਦ ਰਾਸ਼ੀ ਖਰਚ ਨਹੀਂ ਕੀਤੀ ਗਈ ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਗਾ ਦੀ ਸਫਾਈ ਦੀ ਆਪਣੀ ਗਾਰੰਟੀ ਵਿਸਾਰ ਦਿੱਤੀ ਹੈ ਅਤੇ ਸਫਾਈ ਦੇ ਨਾਮ ’ਤੇ ਮਾਂ ਗੰਗਾ ਨੂੰ ਸਿਰਫ਼ ਧੋਖਾ ਦਿੱਤਾ ਹੈ। ਖੜਗੇ ਨੇ ‘ਐਕਸ’ ਉੱਤੇ ਪੋਸਟ ਕੀਤਾ, ‘‘ਮੋਦੀ ਜੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ‘ਮਾਂ ਗੰਗਾ ਨੇ ਸੱਦਿਆ ਹੈ’ ਪਰ ਸੱਚ ਇਹ ਹੈ ਕਿ ਉਹ ਗੰਗਾ ਦੀ ਸਫ਼ਾਈ ਬਾਰੇ ਆਪਣੀ ਗਾਰੰਟੀ ਭੁੱਲ ਚੁੱਕੇ ਹਨ।’’ -ਪੀਟੀਆਈ

ਬਾਰਬਾਡੋਸ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਵੱਕਾਰੀ ਸਨਮਾਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਉਨ੍ਹਾਂ ਦੀ ‘ਕੂਟਨੀਤਕ ਲੀਡਰਸ਼ਿਪ’ ਅਤੇ ‘ਵਡਮੁੱਲੀ ਸਹਾਇਤਾ’ ਲਈ ਵੱਕਾਰੀ ‘ਆਨਰੇਰੀ ਆਰਡਰ ਆਫ ਫਰੀਡਮ ਆਫ ਬਾਰਬਾਡੋਸ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਕਿ ਵਿਦੇਸ਼ ਮਾਮਲਿਆਂ ਤੇ ਟੈਕਸਟਾਈਲ ਰਾਜ ਮੰਤਰੀ ਪਬਿਤਰਾ ਮਾਰਗੇਰੀਟਾ ਨੇ ਬਾਰਬਾਡੋਸ ਦੇ ਬਰਿੱਜਟਾਊਨ ’ਚ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਹ ਸਨਮਾਨ ਪ੍ਰਾਪਤ ਕੀਤਾ। ਮੰਤਰਾਲੇ ਨੇ ਕਿਹਾ ਕਿ ਇਹ ਐਵਾਰਡ ਦੋਵਾਂ ਮੁਲਕਾਂ ਵਿਚਾਲੇ ‘ਮਜ਼ਬੂਤ ਦੋਸਤੀ’ ਦਾ ਪ੍ਰਤੀਕ ਹੈ। ਮੰਤਰਾਲੇ ਨੇ ਕਿਹਾ, ‘ਪੁਰਸਕਾਰ ਦਾ ਐਲਾਨ ਬਾਰਬਾਡੋਸ ਦੀ ਪ੍ਰਧਾਨ ਮੰਤਰੀ ਮੀਆ ਅਮੋਰ ਮੋਟਲੇ ਨੇ 20 ਨਵੰਬਰ, 2024 ਨੂੰ ਗੁਆਨਾ ਦੇ ਜੌਰਜਟਾਊਨ ’ਚ ਦੂਜੇ ਭਾਰਤ-ਕੈਰੀਕਾਮ ਆਗੂਆਂ ਦੇ ਸਿਖ਼ਰ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਦੌਰਾਨ ਕੀਤਾ ਸੀ।’ ਪ੍ਰਧਾਨ ਮੰਤਰੀ ਦੀ ਤਰਫੋਂ ਐਵਾਰਡ ਹਾਸਲ ਕਰਦਿਆਂ ਮਾਰਗੇਰੀਟਾ ਨੇ ਇਸ ਸਨਮਾਨ ਲਈ ਧੰਨਵਾਦ ਕੀਤਾ। -ਪੀਟੀਆਈ

ਸਹਿਕਾਰੀ ਖੇਤਰ ਦੇ ਵਿਕਾਸ ਲਈ ਸਮੀਖਿਆ ਮੀਟਿੰਗ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਸਹਿਕਾਰੀ ਖੇਤਰ ਦੇ ਵਿਕਾਸ ਦੀ ਸਮੀਖਿਆ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਭਾਰਤੀ ਸਹਿਕਾਰੀ ਖੇਤਰ ਦੇ ਵਿਕਾਸ ਲਈ ਆਲਮੀ ਸਹਿਕਾਰੀ ਸੰਸਥਾਵਾਂ ਨਾਲ ਸਾਂਝੇਦਾਰੀ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਸਹਿਕਾਰੀ ਸੰਸਥਾਵਾਂ ਰਾਹੀਂ ਜੈਵਿਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ’ਤੇ ਵੀ ਜ਼ੋਰ ਦਿੱਤਾ। ਮੋਦੀ ਨੇ ਖੇਤੀਬਾੜੀ ’ਚ ਵਾਧੇ ਲਈ ਡਿਜੀਟਲ ਜਨਤਕ ਢਾਂਚੇ (ਐਗਰੀਸਟੈਕ) ਦੇ ਇਸਤੇਮਾਲ ਤੇ ਸਹਿਕਾਰੀ ਖੇਤਰ ’ਚ ਸਬੰਧਤ ਗਤੀਵਿਧੀਆਂ ਵਧਾਉਣ ਅਤੇ ਯੂਪੀਆਈ ਨੂੰ ਰੁਪੇਅ ਕਿਸਾਨ ਕ੍ਰੈਡਿਟ ਕਾਰਡ ਨਾਲ ਜੋੜਨ ਦੀ ਮਹੱਤਤਾ ’ਤੇ ਵੀ ਚਾਨਣਾ ਪਾਇਆ। ਮੀਟਿੰਗ ਵਿੱਚ ਖੇਤਰ ’ਚ ਤਕਨੀਕੀ ਤਰੱਕੀ ਰਾਹੀਂ ਬਦਲਾਅ ਲਿਆਉਣ ਵਾਲੀਆਂ ‘ਸਹਿਕਾਰੀ ਕਮੇਟੀਆਂ ਵਿੱਚ ਨੌਜਵਾਨਾਂ ਤੇ ਔਰਤਾਂ ਦੀ ਹਿੱਸੇਦਾਰੀ ਵਧਾਉਣ ਦੀ ਯੋਜਨਾ ਅਤੇ ਸਹਿਕਾਰਤਾ ਮੰਤਰਾਲੇ ਦੇ ਵੱਖ ਵੱਖ ਪਹਿਲੂਆਂ ’ਤੇ ਚਰਚਾ ਕੀਤੀ ਗਈ। -ਪੀਟੀਆਈ

Advertisement
×