ਉਤਰਾਖੰਡ: ਹਰਿਦੁਆਰ ਦੇ ਮਨਸਾ ਦੇਵੀ ਮੰਦਰ ’ਚ ਭਗਦੜ ਮਚੀ; 6 ਮੌਤਾਂ, 28 ਜ਼ਖ਼ਮੀ
Mansa Devi Temple Stampede: ਹਰਿਦੁਆਰ ਦੇ ਮਨਸਾ ਦੇਵੀ ਮੰਦਰ ਵਿੱਚ ਐਤਵਾਰ ਸਵੇਰੇ ਭਾਰੀ ਭੀੜ ਇਕੱਠੀ ਹੋਣ ਤੋਂ ਬਾਅਦ ਮਚੀ ਭਗਦੜ ਵਿੱਚ 6 ਲੋਕਾਂ ਦੀ ਮੌਤ ਹੋ ਗਈ ਜਦੋਂਕਿ 28 ਦੇ ਕਰੀਬ ਲੋਕ ਜ਼ਖ਼ਮੀ ਦੱਸੇ ਜਾਂਦੇ ਹਨ। ਹਾਦਸੇ ਮਗਰੋਂ ਮੰਦਰ ਕੰਪਲੈਕਸ ਵਿਚ ਅਫ਼ਰਾ ਤਫ਼ਰੀ ਮਚ ਗਈ ਤੇ ਵੱਡੀ ਗਿਣਤੀ ਵਿਚ ਮੌਜੂਦ ਸ਼ਰਧਾਲੂਆਂ ’ਚ ਦਹਿਸ਼ਤ ਫੈਲ ਗਈ। ਐਤਵਾਰ ਹੋਣ ਕਰਕੇ, 500 ਫੁੱਟ ਤੋਂ ਵੱਧ ਉਚਾਈ 'ਤੇ ਸ਼ਿਵਾਲਿਕ ਪਹਾੜੀਆਂ 'ਤੇ ਸਥਿਤ ਮੰਦਰ ਵਿੱਚ ਸ਼ਰਧਾਲੂਆਂ ਦੀ ਵੱਡੀ ਭੀੜ ਇਕੱਠੀ ਹੋਈ ਸੀ।
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਘਟਨਾ ਦੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਜ਼ਖ਼ਮੀਆਂ ਦੀ ਖ਼ਬਰਸਾਰ ਲਈ ਹਰਿਦੁਆਰ ਪੁੱਜੇ ਮੁੱਖ ਮੰਤਰੀ ਧਾਮੀ ਨੇ ਕਿਹਾ, ‘‘ਸਵੇਰੇ ਮਨਸਾ ਦੇਵੀ ਮੰਦਰ ਵਿੱਚ ਇੱਕ ਅਫਵਾਹ ਕਾਰਨ ਭਗਦੜ ਮਚ ਗਈ.... ਅਸੀਂ ਇਸ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਅਫਵਾਹ ਫੈਲਾਉਣ ਵਾਲਿਆਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।’’ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁਖ਼ ਜਤਾਇਆ ਹੈ।
ਮ੍ਰਿਤਕਾਂ ਦੀ ਪਛਾਣ ਆਰੁਸ਼ (12), ਸ਼ਕਾਲ ਦੇਵ (18), ਵਿੱਕੀ (18), ਵਿਪਿਨ (18), ਵਕੀਲ ਅਤੇ ਸ਼ਾਂਤੀ ਵਜੋਂ ਹੋਈ ਹੈ।
ਜ਼ਖਮੀਆਂ ਨੂੰ ਫੌਰੀ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੰਦਰ ਪ੍ਰਸ਼ਾਸਨ ਅਤੇ ਸਥਾਨਕ ਪੁਲੀਸ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ।
ਪੁਲੀਸ ਨੇ ਕਿਹਾ ਕਿ ਮੰਦਰ ਖੇਤਰ ਵਿੱਚ ਸਥਿਤੀ ਹੁਣ ਕਾਬੂ ਵਿੱਚ ਹੈ। ਹਾਲਾਂਕਿ, ਹਾਦਸੇ ਕਾਰਨ ਸ਼ਰਧਾਲੂਆਂ ਵਿੱਚ ਡਰ ਦਾ ਮਾਹੌਲ ਹੈ। ਅਧਿਕਾਰੀਆਂ ਅਨੁਸਾਰ ਭੀੜ ਪ੍ਰਬੰਧਨ ਵਿੱਚ ਲਾਪਰਵਾਹੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਗੜ੍ਹਵਾਲ ਦੇ ਡਿਵੀਜ਼ਨ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਭਗਦੜ ਦੀ ਪੁਸ਼ਟੀ ਕੀਤੀ ਹੈ।
ਹਰਿਦੁਆਰ ਦੇ ਐੱਸਐੱਸਪੀ ਪ੍ਰਮੇਂਦਰ ਡੋਬਾਲ ਨੇ ਦੱਸਿਆ ਕਿ ਮੰਦਰ ਮਾਰਗ ਉੱਤੇ ਭਗਦੜ ਪੈਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ 35 ਤੋਂ ਵੱਧ ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਕੁਝ ਨੂੰ ਉੱਚ ਸਿਹਤ ਕੇਂਦਰਾਂ ਲਈ ਰੈਫਰ ਕਰ ਦਿੱਤਾ ਗਿਆ ਹੈ। ਡੋਬਾਲ ਮੁਤਾਬਕ ਮੁੱਢਲੀ ਜਾਣਕਾਰੀ ਵਿਚ ਸਾਹਮਣੇ ਆਇਆ ਹੈ ਕਿ ਕਰੰਟ ਫੈਲਣ ਦੀ ਅਫ਼ਵਾਹ ਕਰਕੇ ਭਗਦੜ ਮਚੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮਨਸਾ ਦੇਵੀ ਮੰਦਰ ਦੇ ਪੌੜੀਆਂ ਵਾਲੇ ਰਸਤੇ ਉੱਤੇ ਸਵੇਰੇ ਕਰੀਬ ਸਾਢੇ ਨੌਂ ਵਜੇ ਵਾਪਰੀ।
ਉਧਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਘਟਨਾ ’ਤੇ ਦੁੱਖ ਜਤਾਇਆ ਹੈ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਕਿ ਮਨਸਾ ਦੇਵੀ ਮੰਦਰ ਮਾਰਗ ਉੱਤੇ ਭਗਦੜ ਮਚਨ ਦੀ ਦੁਖਦ ਖ਼ਬਰ ਮਿਲੀ। ਉਨ੍ਹਾਂ ਕਿਹਾ ਕਿ ਰਾਜ ਆਫ਼ਤ ਰਿਸਪੌਂਸ ਫੋਰਸ, ਸਥਾਨਕ ਪੁਲੀਸ ਤੇ ਹੋਰਨਾਂ ਬਚਾਅ ਦਲਾਂ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ, ‘‘ਮੈਂ ਸਥਾਨਕ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿਚ ਹਾਂ ਤੇ ਹਾਲਾਤ ਉੱਤੇ ਨੇੜਿਓਂ ਨਜ਼ਰ ਬਣਾਈ ਹੋਈ ਹੈ। ਮਾਤਾ ਰਾਣੀ ਤੋਂ ਸਾਰੇ ਸ਼ਰਧਾਲੂਆਂ ਦੇ ਠੀਕ ਠਾਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।’’ ਮੁੱਖ ਮੰਤਰੀ ਨੇ ਮਗਰੋਂ ਹਰਿਦੁਆਰ ਪਹੁੰਚ ਕੇ ਹਸਪਤਾਲ ਵਿਚ ਦਾਖਲ ਜ਼ਖ਼ਮੀਆਂ ਦੀ ਖ਼ਬਰਸਾਰ ਲਈ।