ਪੱਤਰਕਾਰ ਦੀ ਮੌਤ ਦੇ ਮਾਮਲੇ ਵਿੱਚ ਉੱਤਰਾਖੰਡ ਪੁਲੀਸ ਵੱਲੋਂ ਐੱਸਆਈਟੀ ਦਾ ਗਠਨ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀ ਚੁੱਕਿਆ ਸੀ ਮੁੱਦਾ
ਉੱਤਰਾਖੰਡ ਪੁਲੀਸ ਨੇ ਪੱਤਰਕਾਰ ਰਾਜੀਵ ਪ੍ਰਤਾਪ ਦੀ ਮੌਤ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ, ਜਿਸਦੀ ਲਾਸ਼ ਭਾਗੀਰਥੀ ਨਦੀ ਵਿੱਚੋਂ ਕੱਢੀ ਗਈ ਸੀ।
ਜ਼ਿਕਰਯੋਗ ਹੈ ਕਿ ਪ੍ਰਤਾਪ 18 ਸਤੰਬਰ ਦੀ ਰਾਤ ਨੂੰ ਲਾਪਤਾ ਹੋਇਆ ਸੀ ਅਤੇ ਉਸ ਦੀ ਲਾਸ਼ 28 ਸਤੰਬਰ ਨੂੰ ਉੱਤਰਕਾਸ਼ੀ ਜ਼ਿਲ੍ਹੇ ਦੇ ਜੋਸ਼ਿਆੜਾ ਬੈਰਾਜ ਨੇੜੇ ਮਿਲੀ ਸੀ। ਉਸ ਦਾ ਨੁਕਸਾਨਿਆ ਗਿਆ ਵਾਹਨ 20 ਸਤੰਬਰ ਨੂੰ ਨਦੀ ਦੇ ਕਿਨਾਰੇ ਤੋਂ ਬਰਾਮਦ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਪੁਲੀਸ ਨੇ ਪੋਸਟਮਾਰਟਮ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਉਸਦੀ ਮੌਤ ਛਾਤੀ ਅਤੇ ਪੇਟ ਵਿੱਚ ਅੰਦਰੂਨੀ ਸੱਟਾਂ ਕਾਰਨ ਹੋਈ ਹੈ।
ਡੀਜੀਪੀ ਦੀਪਮ ਸੇਠ ਨੇ ਦੱਸਿਆ ਕਿ ਉੱਤਰਕਾਸ਼ੀ ਦੇ ਡਿਪਟੀ ਸੁਪਰਡੈਂਟ ਆਫ਼ ਪੁਲੀਸ ਦੀ ਅਗਵਾਈ ਵਾਲੀ ਐੱਸਆਈਟੀ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕਰੇਗੀ, ਜਿਸ ਵਿੱਚ ਸੀਸੀਟੀਵੀ ਫੁਟੇਜ, ਇਲੈਕਟ੍ਰਾਨਿਕ ਸਬੂਤ, ਕਾਲ ਡਿਟੇਲ ਅਤੇ ਪੱਤਰਕਾਰ ਨਾਲ ਆਖਰੀ ਵਾਰ ਦੇਖੇ ਗਏ ਲੋਕਾਂ ਦੇ ਬਿਆਨ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਉਸਦੀ ਕਾਰ ਦਾ ਤਕਨੀਕੀ ਮੁਲਾਂਕਣ ਵੀ ਕੀਤਾ ਜਾਵੇਗਾ। ਸੇਠ ਨੇ ਦੱਸਿਆ ਕਿ ਪ੍ਰਤਾਪ ਦੇ ਪਰਿਵਾਰ ਨੇ ਰਿਪੋਰਟ ਦਿੱਤੀ ਸੀ ਕਿ ਉਸ ਨੂੰ ਧਮਕੀ ਭਰੀਆਂ ਕਾਲਾਂ ਆਈਆਂ ਸਨ, ਹਾਲਾਂਕਿ ਇਸ ਸਬੰਧ ਵਿੱਚ ਅਜੇ ਕੋਈ ਸ਼ਿਕਾਇਤ ਦਰਜ ਨਹੀਂ ਹੋਈ ਹੈ, ਐਸਆਈਟੀ ਇਸ ਪਹਿਲੂ ਦੀ ਵੀ ਜਾਂਚ ਕਰੇਗੀ।
ਇਸ ਸਬੰਧੀ ਰਾਹੁਲ ਗਾਂਧੀ ਨੇ ਐਕਸ (X) ’ਤੇ ਇੱਕ ਪੋਸਟ ਵਿੱਚ ਕਿਹਾ ਸੀ, ‘‘ਰਾਜੀਵ ਜੀ ਦੀ ਮੌਤ ਦੀ ਤੁਰੰਤ, ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਅਤੇ ਪੀੜਤ ਪਰਿਵਾਰ ਨੂੰ ਬਿਨਾਂ ਕਿਸੇ ਦੇਰੀ ਦੇ ਇਨਸਾਫ਼ ਮਿਲਣਾ ਚਾਹੀਦਾ ਹੈ।’’ -ਪੀਟੀਆਈ