ਉਤਰਾਖੰਡ: NDRF ਨੇ ਲਾਪਤਾ ਸ਼ਰਧਾਲੂਆਂ ਦੀ ਭਾਲ ਮੁੜ ਸ਼ੁਰੂ ਕੀਤੀ
ਉੱਤਰਕਾਸ਼ੀ, 25 ਜੂਨ
ਯਮੁਨੋਤਰੀ ਜਾਣ ਵਾਲੇ ਟਰੈਕ ਰੂਟ ’ਤੇ ਢਿੱਗਾਂ ਖਿਸਕਣ ਤੋਂ ਬਾਅਦ ਲਾਪਤਾ ਹੋਏ ਦੋ ਸ਼ਰਧਾਲੂਆਂ ਦੀ ਭਾਲ ਐੱਨਡੀਆਰਐੱਫ ਦੀ ਟੀਮ ਨੇ ਖੋਜੀ ਕੁੱਤਿਆਂ ਸਮੇਤ ਬੁੱਧਵਾਰ ਸਵੇਰੇ ਮੁੜ ਸ਼ੁਰੂ ਕੀਤੀ ਹੈ। ਆਫ਼ਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਸੋਮਵਾਰ ਨੂੰ ਢਿੱਗਾਂ ਖਿਸਕਣ ਦੌਰਾਨ ਪਹਾੜੀ ਤੋਂ ਡਿੱਗਣ ਵਾਲੇ ਪੱਥਰਾਂ ਕਾਰਨ ਦਿੱਲੀ ਤੋਂ ਗਿਆਰਾਂ ਸਾਲਾ ਭਾਵਿਕਾ ਸ਼ਰਮਾ ਅਤੇ ਮੁੰਬਈ ਤੋਂ ਕਮਲੇਸ਼ ਜੇਠਵਾ ਲਾਪਤਾ ਹਨ।
ਇਸ ਤੋਂ ਪਹਿਲਾਂ ਮੁੰਬਈ ਤੋਂ ਰਸਿਕ ਨਾਮ ਦੇ ਇੱਕ ਸ਼ਰਧਾਲੂ ਨੂੰ ਜ਼ਖਮੀ ਹਾਲਤ ਵਿੱਚ ਬਚਾਇਆ ਗਿਆ ਸੀ ਜਦੋਂ ਕਿ ਦੋ ਵਿਗੜੀਆਂ ਲਾਸ਼ਾਂ ਜਿਨ੍ਹਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਜੌਨਪੁਰ ਤੋਂ ਹਰੀਸ਼ੰਕਰ (47) ਅਤੇ ਉਸਦੀ 8 ਸਾਲਾ ਧੀ ਖ਼ਿਆਤੀ ਵਜੋਂ ਹੋਈ ਹੈ, ਨੂੰ ਸੋਮਵਾਰ ਰਾਤ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ ਸੀ। ਜ਼ਿਕਰਯੋਗ ਹੈ ਕਿ ਹਿਮਾਲੀਅਨ ਮੰਦਰ ਦੇ ਟਰੈਕ ਰੂਟ ’ਤੇ ਸਥਿਤ 9, ਕੈਂਚੀ ਭੈਰਵ ਮੰਦਰ ਵਜੋਂ ਜਾਣੇ ਜਾਂਦੇ ਸਥਾਨ ’ਤੇ ਸੋਮਵਾਰ ਦੁਪਹਿਰ ਨੂੰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਸੀ, ਜਿਸ ਕਾਰਨ ਸੜਕ ਦੀ ਰੇਲਿੰਗ ਟੁੱਟ ਗਈ ਸੀ ਅਤੇ ਸ਼ਰਧਾਲੂ ਇੱਕ ਖੱਡ ਵਿੱਚ ਡਿੱਗ ਗਏ ਸਨ। -ਪੀਟੀਆਈ