ਉੱਤਰਾਖੰਡ: ਕੌਮੀ ਭੂ-ਭੌਤਿਕ ਖੋਜ ਸੰਸਥਾਨ ਨੇ ਹੜ੍ਹ ਪ੍ਰਭਾਵਿਤ ਧਰਾਲੀ ਵਿੱਚ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕੀਤੀ
ਕੌਮੀ ਭੂ-ਭੌਤਿਕ ਖੋਜ ਸੰਸਥਾਨ (NGRI) ਦੇ ਮਾਹਿਰਾਂ ਨੇ ਮੰਗਲਵਾਰ ਨੂੰ ਗਰਾਊਂਡ ਪੈਨੇਟ੍ਰੇਟਿੰਗ ਰਾਡਾਰ (GPRs) ਦੀ ਮਦਦ ਨਾਲ ਉੱਤਰਕਾਸ਼ੀ ਦੇ ਹੜ੍ਹ ਪ੍ਰਭਾਵਿਤ ਧਰਾਲੀ ਪਿੰਡ ਵਿੱਚ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਾਹਿਰਾਂ ਦੀ ਟੀਮ ਉਨ੍ਹਾਂ ਥਾਵਾਂ ਦੀ ਪਛਾਣ ਕਰੇਗੀ ਅਤੇ ਉਨ੍ਹਾਂ ’ਤੇ ਧਿਆਨ ਕੇਂਦਰਿਤ ਕਰੇਗੀ ਜਿੱਥੇ ਮਲਬੇ ਹੇਠਾਂ ਮਨੁੱਖੀ ਮੌਜੂਦਗੀ ਹੋ ਸਕਦੀ ਹੈ। ਗਰਾਊਂਡ ਪੈਨੇਟ੍ਰੇਟਿੰਗ ਰਾਡਾਰ (GPRs) ਇੱਕ ਭੂ-ਭੌਤਿਕ ਵਿਧੀ ਹੈ ਜੋ ਸਤ੍ਵਾ ਦੇ ਹੇਠਾਂ ਵਸਤੂਆਂ ਅਤੇ ਢਾਂਚਿਆਂ ਦਾ ਪਤਾ ਲਗਾਉਣ ਲਈ ਰੇਡੀਓ ਤਰੰਗਾਂ ਦੀ ਵਰਤੋਂ ਕਰਦੀ ਹੈ।
ਐੱਨਜੀਆਰਆਈ ਨੇ ਇਸ ਸਾਲ ਫਰਵਰੀ ਵਿੱਚ ਤਿਲੰਗਾਨਾ ਵਿੱਚ ਐੱਸਐੱਲਬੀਸੀ ਸੁਰੰਗ ਢਹਿ ਜਾਣ ਤੋਂ ਬਾਅਦ ਫਸੇ ਲੋਕਾਂ ਦਾ ਪਤਾ ਲਗਾਉਣ ਲਈ ਆਪਣੇ ਜੀਪੀਆਰ ਦੀ ਵਰਤੋਂ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਐੱਨਜੀਆਰਆਈ ਦੇ ਇਹ ਰਾਡਾਰ ਚਿੱਕੜ ਅਤੇ ਪਾਣੀ ਵਿੱਚ ਵੀ ਮਨੁੱਖੀ ਜੀਵਨ ਦਾ ਪਤਾ ਲਗਾ ਸਕਦੇ ਹਨ। ਐੱਨਜੀਆਰਆਈ ਦੇ ਮਾਹਿਰਾਂ ਦੀ ਟੀਮ ਸੋਮਵਾਰ ਸ਼ਾਮ ਨੂੰ ਮੌਕੇ 'ਤੇ ਪਹੁੰਚੀ ਸੀ।
ਉੱਤਰਕਾਸ਼ੀ ਸਮੇਤ ਉੱਤਰਾਖੰਡ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਧਰਾਲੀ ਪਿੰਡ ਵਿੱਚ ਖੋਜ ਅਤੇ ਬਚਾਅ ਕਾਰਜਾਂ ਦੇ ਨਾਲ-ਨਾਲ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੜਕ ਸੰਪਰਕ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਵੀ ਅੜਿੱਕਾ ਪਾਇਆ ਹੈ।