ਉਤਰਾਖੰਡ: ਬੱਦਲ ਫਟਣ ਤੇ ਢਿੱਗਾਂ ਡਿੱਗਣ ਕਾਰਨ ਪੰਜ ਮੌਤਾਂ
ਉਤਰਾਖੰਡ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅੱਜ ਸਵੇਰੇ ਭਾਰੀ ਮੀਂਹ ਪੈਣ, ਬੱਦਲ ਫਟਣ ਅਤੇ ਢਿੱਗਾਂ ਡਿੱਗਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 11 ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਲਗਪਗ 30-40 ਪਰਿਵਾਰ ਮਲਬੇ ਹੇਠ ਦੱਬੇ ਗਏ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਹ ਕੁਦਰਤੀ ਆਫ਼ਤ ਚਮੋਲੀ, ਰੁਦਰਪ੍ਰਯਾਗ, ਟੀਹਰੀ ਅਤੇ ਬਾਗੇਸ਼ਵਰ ਜ਼ਿਲ੍ਹਿਆਂ ਵਿੱਚ ਵਾਪਰੀ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। ਮੁੱਖ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਗੱਲਬਾਤ ਕੀਤੀ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।
ਉਤਰਾਖੰਡ ਰਾਜ ਆਫਤ ਪ੍ਰਬੰਧਨ ਅਥਾਰਟੀ (ਯੂਐੱਸਡੀਐੱਮਏ) ਅਨੁਸਾਰ ਬਾਗੇਸ਼ਵਰ ਜ਼ਿਲ੍ਹੇ ਦੇ ਕਾਪਕੋਟ ਖੇਤਰ ਵਿੱਚ ਭਾਰੀ ਮੀਂਹ ਕਾਰਨ ਲਗਪਗ ਅੱਧਾ ਦਰਜਨ ਘਰ ਨੁਕਸਾਨੇ ਗਏ। ਇਸ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅਤੇ ਤਿੰਨ ਹੋਰ ਲਾਪਤਾ ਹਨ। ਚਮੋਲੀ ਜ਼ਿਲ੍ਹੇ ਦੇ ਮੋਪਾਟਾ ਪਿੰਡ ਵਿੱਚ ਢਿੱਗਾਂ ਡਿੱਗਣ ਕਾਰਨ ਇੱਕ ਘਰ ਅਤੇ ਗਊਸ਼ਾਲਾ ਮਲਬੇ ਹੇਠ ਦੱਬੇ ਗਏ, ਜਿਸ ਕਾਰਨ ਜੋੜੇ ਦੀ ਮੌਤ ਹੋ ਗਈ ਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਇਸੇ ਤਰ੍ਹਾਂ ਰੁਦਰਪ੍ਰਯਾਗ ਜ਼ਿਲ੍ਹੇ ਦੇ ਜਖੋਲੀ ਵਿੱਚ ਘਰ ਢਹਿਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ।
ਯੂਪੀ: ਹੜ੍ਹਾਂ ਕਾਰਨ ਛੱਤਾਂ ’ਤੇ ਕਰਨੇ ਪੈ ਰਹੇ ਨੇ ਸਸਕਾਰ
ਵਾਰਾਨਸੀ/ਬਲੀਆ: ਉੱਤਰ ਪ੍ਰਦੇਸ਼ ਦੇ ਵਾਰਾਨਸੀ ਤੇ ਬਲੀਆ ਦੇ ਨੀਵੇਂ ਇਲਾਕਿਆਂ ਦੇ ਸ਼ਮਸ਼ਾਨਘਾਟਾਂ ਵਿੱਚ ਗੰਗਾ, ਵਰੁਣਾ ਅਤੇ ਸਰਯੂ ਨਦੀਆਂ ਦਾ ਪਾਣੀ ਭਰਨ ਕਾਰਨ ਲੋਕਾਂ ਨੂੰ ਅੰਤਿਮ ਸੰਸਕਾਰ ਛੱਤਾਂ ’ਤੇ ਕਰਨੇ ਪੈ ਰਹੇ ਹਨ। ਕੇਂਦਰੀ ਜਲ ਕਮਿਸ਼ਨ ਅਨੁਸਾਰ, ਅੱਜ ਗੰਗਾ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ 71.00 ਮੀਟਰ ’ਤੇ ਪਹੁੰਚ ਗਿਆ ਹੈ। ਵਾਰਾਨਸੀ ਵਿੱਚ ਖ਼ਤਰੇ ਦਾ ਨਿਸ਼ਾਨ 71.262 ਮੀਟਰ ਹੈ। ਵਾਰਾਨਸੀ ਵਿੱਚ ਗੰਗਾ ਦੇ ਸਾਰੇ ਘਾਟ ਹੁਣ ਵੀ ਡੁੱਬੇ ਹੋਏ ਹਨ। ਮਣਿਕਰਣਿਕਾ ਅਤੇ ਹਰਿਸ਼ਚੰਦਰ ਦੇ ਹੇਠਲੇ ਘਾਟ ਪਾਣੀ ਵਿੱਚ ਡੁੱਬਣ ਕਾਰਨ ਲਾਸ਼ਾਂ ਦਾ ਸਸਕਾਰ ਛੱਤਾਂ ਅਤੇ ਗਲੀਆਂ ਵਿੱਚ ਕੀਤਾ ਜਾ ਰਿਹਾ ਹੈ। ਵਾਰਾਨਸੀ ਦੇ ਦਸ਼ਅਸ਼ਵਮੇਧ ਘਾਟ ’ਤੇ ਹੋਣ ਵਾਲੀ ‘ਗੰਗਾ ਆਰਤੀ’ ਸੰਕੇਤਕ ਰੂਪ ਵਿੱਚ ਛੱਤਾਂ ’ਤੇ ਕੀਤੀ ਜਾ ਰਹੀ ਹੈ। ਬਲੀਆ ਦੇ ਜ਼ਿਲ੍ਹਾ ਮੁੱਖ ਦਫ਼ਤਰ ਸਥਿਤ ਮਹਾਵੀਰ ਘਾਟ ਡੁੱਬਣ ਮਗਰੋਂ ਸੜਕਾਂ ’ਤੇ ਅੰਤਿਮ ਸੰਸਕਾਰ ਕਰਨਾ ਪੈ ਰਿਹਾ ਹੈ। -ਪੀਟੀਆਈ
ਢਿੱਗਾਂ ਡਿੱਗਣ ਦੇ ਕਾਰਨਾਂ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਕਾਇਮ
ਜੰਮੂ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਰਿਆਸੀ ਜ਼ਿਲ੍ਹੇ ਵਿੱਚ ਸਥਿਤ ਵੈਸ਼ਨੋ ਦੇਵੀ ਮੰਦਰ ਨੂੰ ਜਾਣ ਵਾਲੇ ਤੀਰਥ ਮਾਰਗ ’ਤੇ ਢਿੱਗਾਂ ਡਿੱਗਣ ਦੇ ਕਾਰਨਾਂ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਉਧਰ ਕਟੜਾ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਵੈਸ਼ਨੋ ਦੇਵੀ ਮੰਦਰ ਯਾਤਰਾ ਲਗਾਤਾਰ ਚੌਥੇ ਦਿਨ ਵੀ ਮੁਅੱਤਲ ਰਹੀ। ਹਾਲ ਹੀ ’ਚ ਢਿੱਗਾਂ ਡਿੱਗਣ ਮਗਰੋਂ ਯਾਤਰਾ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤੀ ਗਈ ਸੀ। -ਪੀਟੀਆਈ